ਚੀਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, 11 ਲੋਕਾਂ ਦੀ ਮੌਤ ਤੇ 122 ਜ਼ਖਮੀ

06/18/2019 8:14:22 AM

ਬੀਜਿੰਗ— ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰ ਨੂੰ ਚੀਨ 'ਚ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਸ ਕਾਰਨ 11 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਸ ਤੋਂ ਇਲਾਵਾ 122 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਆਚਿਨ ਸੂਬੇ 'ਚ ਦੋ ਵਾਰ ਭੂਚਾਲ ਆਇਆ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸੋਮਵਾਰ ਰਾਤ ਨੂੰ  ਯਿਬਿਨ ਸ਼ਹਿਰ 'ਚ 6.0 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਅਤੇ ਦੂਜੀ ਵਾਰ ਮੰਗਲਵਾਰ ਸਵੇਰੇ 5.3 ਦੀ ਤੀਬਰਤਾ ਦਾ ਭੂਚਾਲ ਆਇਆ। ਚੀਨ ਦੀ ਸਰਕਾਰੀ ਏਜੰਸੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬਚਾਅ ਅਧਿਕਾਰੀਆਂ ਨੇ 4 ਲੋਕਾਂ ਨੂੰ ਰੈਸਕਿਊ ਆਪ੍ਰੇਸ਼ਨ ਦੌਰਾਨ ਬਚਾਇਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ। ਭੂਚਾਲ ਕਾਰਨ ਇੱਥੋਂ ਦਾ 'ਦਿ ਹੋਂਗਯਾਨ ਹੋਟਲ' ਢਹਿ ਗਿਆ। ਕਈ ਹਾਈਵੇਜ਼ ਨੁਕਸਾਨੇ ਗਏ ਤੇ ਇਨ੍ਹਾਂ ਨੂੰ ਬੰਦ ਕਰਨਾ ਪਿਆ। 

ਲੋਕਾਂ ਨੇ ਦੱਸਿਆ ਕਿ ਜਿਸ ਸਮੇਂ ਭੂਚਾਲ ਆਇਆ ਤਾਂ ਉਹ ਆਰਾਮ ਕਰ ਰਹੇ ਸਨ ਅਤੇ ਅਚਾਨਕ ਘਰ ਦਾ ਫਰਨੀਚਰ, ਪੱਖੇ ਆਦਿ ਸਭ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਗਏ। ਡਰ ਕਾਰਨ ਲੋਕ ਘਰਾਂ ਨੂੰ ਖਾਲੀ ਕਰਕੇ ਖੁੱਲ੍ਹੀਆਂ ਗਰਾਊਂਡਾਂ 'ਚ ਚਲੇ ਗਏ। ਉਨ੍ਹਾਂ ਦੱਸਿਆ ਕਿ ਗਰਾਊਂਡ ਵੀ ਜ਼ੋਰ-ਜ਼ੋਰ ਨਾਲ ਹਿੱਲ ਰਹੀ ਸੀ ਤੇ ਉਹ ਕਾਫੀ ਡਰ ਗਏ ਸਨ। 

 

ਸਰਕਾਰ ਵਲੋਂ ਪ੍ਰਬੰਧ—
ਹੜ੍ਹ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਮੰਤਰਾਲੇ ਵਲੋਂ 5000 ਟੈਂਟ, 10,000 ਫੋਲਡਿੰਗ ਮੰਜੇ ਅਤੇ 20,000 ਰਜਾਈਆਂ ਪ੍ਰਭਾਵਿਤ ਹੋਏ ਲੋਕਾਂ ਲਈ ਭੇਜੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 63 ਫਾਇਰ ਟੈਂਡਰਜ਼ ਅਤੇ 302 ਫਾਇਰ ਫਾਈਟਰਜ਼ ਲੋਕਾਂ ਦੀ ਮਦਦ ਲਈ ਭੇਜੇ ਗਏ ਹਨ। ਇੱਥੇ ਸੋਮਵਾਰ ਤੋਂ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਹਿਲਾਂ ਹੀ ਲੋਕ ਪ੍ਰੇਸ਼ਾਨ ਸਨ ਅਤੇ ਭੂਚਾਲ ਕਾਰਨ ਹੋਰ ਪ੍ਰੇਸ਼ਾਨੀ ਵਧ ਗਈ ਹੈ। ਚੋਂਗਕਿੰਗ ਮਿਊਨਸੀਪੈਲਟੀ 'ਚ ਵੀ ਕਈ ਘਰ ਨੁਕਸਾਨੇ ਗਏ। ਜ਼ਿਕਰਯੋਗ ਹੈ ਕਿ ਸਿਆਚਿਨ 'ਚ 2008 'ਚ ਭਿਆਨਕ ਭੂਚਾਲ ਕਾਰਨ ਲਗਭਗ 70,000 ਲੋਕ ਮਾਰੇ ਗਏ ਸਨ।