100 ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨਾਂ ਦੀ ਨਦੀ ''ਚ ਡੁੱਬਣ ਨਾਲ ਹੋ ਚੁੱਕੀ ਹੈ ਮੌਤ: ਰਿਪੋਰਟ

11/18/2017 2:07:00 PM

ਸੰਯੁਕਤ ਰਾਸ਼ਟਰ(ਬਿਊਰੋ)— ਮਿਆਂਮਾਰ ਤੋਂ ਬੰਗਲਾਦੇਸ਼ ਪਲਾਇਨ ਕਰ ਰਹੇ 100 ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨਾਂ ਦੀ ਕਿਸ਼ਤੀ ਡੁੱਬ ਜਾਣ ਨਾਲ ਮੌਤ ਹੋ ਚੁੱਕੀ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਸੰਯੁਕਤ ਰਾਸ਼ਟਰ ਦੇ ਮੁੱਖ ਬੁਲਾਰੇ ਸਟੀਫਨ ਦੁਜਾਰਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ (ਯੂ. ਐਸ. ਸੀ. ਐਚ. ਆਰ) ਨੂੰ ਕਰੀਬ 30 ਕੰਮ ਚਲਾਊ ਕਿਸ਼ਤੀਆਂ ਦੀ ਰਿਪੋਰਟ ਮਿਲੀ ਹੈ, ਜਿਸ ਵਿਚ ਬੈਠ ਕੇ ਮਿਆਂਮਾਰ ਤੋਂ 1000 ਤੋਂ ਜ਼ਿਆਦਾ ਰੋਹਿੰਗਿਆ ਬੰਗਲਾਦੇਸ਼ ਪਹੁੰਚੇ। ਬੁਲਾਰੇ ਨੇ ਕਿਹਾ ਕਿ ਬੰਗਲਾਦੇਸ਼ ਪਹੁੰਚਣ ਲਈ ਨਾਫ ਨਦੀ ਨੂੰ ਪਾਰ ਕਰਾਉਣ ਦੇ ਬਦਲੇ ਭੁਗਤਾਨ ਲਈ ਪੈਸੇ ਨਾ ਹੋਣ ਕਾਰਨ ਸ਼ਰਣਾਰਥੀਆਂ ਨੂੰ ਜੋ ਸਾਮਾਨ ਮਿਲ ਰਿਹਾ ਹੈ, ਉਹ ਉਸੇ ਤੋਂ ਕਿਸ਼ਤੀ ਬਣਾ ਰਹੇ ਹਨ।
ਦੁਜਾਰਿਕ ਮੁਤਾਬਕ ਹਾਲ ਹੀ ਵਿਚ ਬੰਗਲਾਦੇਸ਼ ਪਹੁੰਚੇ ਸ਼ਰਣਾਰਥੀਆਂ ਨੇ ਯੂ. ਐਨ. ਸੀ. ਐਚ. ਆਰ ਨੂੰ ਦੱਸਿਆ ਕਿ ਉਹ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਮਿਆਂਮਾਰ ਦੇ ਤਟ 'ਤੇ ਨਿਰਾਸ਼ਾਜਨਕ ਸਥਿਤੀਆਂ ਵਿਚ ਇੰਤਜ਼ਾਰ ਕਰ ਰਹੇ ਸਨ। ਸੰਯੁਕਤ ਰਾਸ਼ਟਰ ਨੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫਤਰ (ਓ. ਸੀ. ਐਚ. ਏ) ਨੇ ਦੱਸਿਆ ਕਿ 25 ਅਗਸਤ ਨੂੰ ਭੜਕੀ ਹਿੰਸਾ ਤੋਂ ਬਾਅਦ ਹੁਣ ਤੱਕ ਕਰੀਬ 6,20,000 ਰੋਹਿੰਗਿਆ ਮਿਆਂਮਾਰ ਤੋਂ ਬੰਗਲਾਦੇਸ਼ ਪਲਾਇਨ ਕਰ ਚੁੱਕੇ ਹਨ। ਦੁਜਾਰਿਕ ਨੇ ਕਿਹਾ, 'ਸ਼ਰਣਾਰਥੀ ਅਸਥਾਈ ਬਸਤੀਆਂ ਵਿਚ ਢੁੱਕਵਾਂ ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਦੇ ਬਿਨਾਂ ਹੀ ਰਹਿ ਰਹੇ ਹਨ।' ਦੂਜਾਰਿਕ ਨੇ ਜ਼ਿਕਰ ਕੀਤਾ ਹੈ ਕਿ ਰੋਹਿੰਗਿਆ ਸ਼ਰਣਾਰਥੀ ਸੰਕਟ ਪ੍ਰਤੀਕਿਰਿਆ ਯੋਜਨਾ ਨੂੰ ਹੁਣ ਤੱਕ 14 ਕਰੋੜ ਡਾਲਰ ਮਿਲੇ ਹਨ, ਜੋ ਵਾਸਤਵਿਕ ਜ਼ਰੂਰਤ ਦਾ ਸਿਰਫ ਇਕ-ਤਿਹਾਈ ਹੈ। ਉਨ੍ਹਾਂ ਨੇ ਦਾਨ ਕਰਨ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਧੰਨ ਇਸ ਫੰਡ ਵਿਚ ਦੇਣ ਦੀ ਅਪੀਲ ਕੀਤੀ ਹੈ।