ਟੀਟੀਸੀ ਦੇ 10 ਕਰਮਚਾਰੀਆਂ ਖਿਲਾਫ ਇੰਸ਼ੋਰੈਂਸ ਘਪਲੇ ਦੇ ਸਬੰਧ ''ਚ ਮਾਮਲਾ ਦਰਜ

07/22/2017 2:10:04 AM

ਟੋਰਾਂਟੋ— ਮਿਲੀਅਨ ਡਾਲਰ ਇੰਸ਼ੋਰੈਂਸ ਘਪਲੇ ਦੇ ਸਬੰਧ 'ਚ ਟੀਟੀਸੀ ਦੇ 10 ਸਾਬਕਾ ਤੇ ਮੌਜੂਦਾ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਤੇ ਟੀਟੀਸੀ ਨੇ ਵੀਰਵਾਰ ਨੂੰ ਇਨ੍ਹਾਂ ਦੋਸ਼ਾਂ ਦਾ ਐਲਾਨ ਕੀਤਾ ਹੈ। ਇਹ ਘਪਲਾ ਸਿਹਤ ਸਬੰਧੀ ਝੂਠੇ ਫਾਇਦਿਆਂ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਨਾਲ ਸਬੰਧਤ ਹੈ। 
ਟੀਟੀਸੀ ਨੇ ਦੱਸਿਆ ਕਿ ਇਸ ਜਾਂਚ ਦੇ ਕਾਰਨ ਹੁਣ ਤੱਕ 150 ਕਰਮਚਾਰੀਆਂ ਨੇ ਕੱਢੇ ਜਾਣ ਦੇ ਡਰ ਨਾਲ ਜਾਂ ਤਾਂ ਰਿਟਾਇਰਮੈਂਟ ਲੈ ਲਈ ਤੇ ਜਾਂ ਅਸਤੀਫਾ ਦੇ ਦਿੱਤਾ ਤੇ ਜਾਂ ਫਿਰ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਹ ਜਾਂਚ 2014 'ਚ ਸ਼ੁਰੂ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦ ਕੀਤੇ 10 ਕਰਮਚਾਰੀਆਂ 'ਚੋਂ 9 ਕਰਮਚਾਰੀਆਂ ਨੇ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਸੀ ਤੇ ਇਕ ਅਜੇ ਕੰਪਨੀ 'ਚ ਕੰਮ ਕਰ ਰਿਹਾ ਹੈ ਪਰ ਉਹ ਮੈਡੀਕਲ ਲੀਵ 'ਤੇ ਹੈ। ਇਸ ਮਾਮਲੇ ਪਿੱਛੇ ਹੈਲਦੀ ਫਿੱਟ ਨਾਂ ਦੀ ਕੰਪਨੀ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲਸ ਦਾ ਮੰਨਣਾ ਹੈ ਕਿ ਕੰਪਨੀ ਦੇ ਮਾਲਕ ਤੇ ਕਰਮਚਾਰੀਆਂ ਨੇ ਮਿਲ ਕੇ ਸਾਜ਼ਿਸ਼ ਰਚੀ, ਜਿਨ੍ਹਾਂ ਨੇ 5 ਮਿਲੀਅਨ ਡਾਲਰ ਦੇ ਸਿਹਤ ਸਬੰਧੀ ਦਾਅਵੇ ਮਨੂਲਾਈਫ, ਜੋ ਕਿ ਟੀਟੀਸੀ ਦੀ ਇੰਸ਼ੋਰੈਂਸ ਮੁਹੱਈਆ ਕਰਵਾਉਣ ਵਾਲੀ ਕੰਪਨੀ ਹੈ, ਤੋਂ ਕੀਤੇ। ਪੁਲਸ ਨੇ ਦੋਸ਼ ਲਗਾਇਆ ਹੈ ਕਿ ਹੈਲਦੀ ਫਿੱਟ ਨੇ ਇਹੋ ਜਿਹਾ ਘਪਲਾ ਸਿਟੀ ਆਫ ਟੋਰਾਂਟੋ ਇੰਪਲਾਈਂਜ਼ ਨਾਲ ਵੀ ਕੀਤਾ ਸੀ।