ਕੈਲਗਰੀ ਦੀ 'ਗੋਸਟ ਲੇਕ' 'ਚ ਡੁੱਬੀ ਕਿਸ਼ਤੀ, ਬਚਾਈ ਗਈ 10 ਵਿਅਕਤੀਆਂ ਦੀ ਜਾਨ

07/16/2018 2:04:22 PM

ਕੈਲਗਰੀ,(ਏਜੰਸੀ)— ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਸ਼ਨੀਵਾਰ ਰਾਤ ਨੂੰ 'ਗੋਸਟ ਲੇਕ' (ਝੀਲ) 'ਚ ਇਕ ਕਿਸ਼ਤੀ ਡੁੱਬ ਗਈ ਅਤੇ ਇਸ 'ਚ 10 ਲੋਕ ਫਸ ਗਏ। ਬਚਾਅ ਅਧਿਕਾਰੀਆਂ ਨੂੰ ਜਦ ਇਸ ਦੀ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਨੇ ਸਭ ਨੂੰ ਸੁਰੱਖਿਅਤ ਬਚਾ ਲਿਆ। ਕੋਚਰੇਨ ਫਾਇਰ ਵਿਭਾਗ ਅਤੇ 5 ਐਂਬੂਲੈਂਸਾਂ ਨੂੰ ਲੋਕਾਂ ਦੀ ਮਦਦ ਕਰਦੇ ਦੇਖਿਆ ਗਿਆ। ਜਾਣਕਾਰੀ ਮੁਤਾਬਕ ਪੱਛਮੀ ਕੋਚਰੇਨ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੋਸਟ ਲੇਕ 'ਚ ਘੁੰਮਣ ਗਏ 10 ਲੋਕਾਂ ਦੀ ਕਿਸ਼ਤੀ ਰਾਤ ਤਕਰੀਬਨ 9 ਕੁ ਵਜੇ ਡੁੱਬ ਗਈ। 
ਬਚਾਅ ਦਲ ਅਤੇ ਪੁਲਸ ਨੇ ਮਿਲ ਕੇ ਡੁੱਬ ਰਹੇ ਲੋਕਾਂ ਨੂੰ ਬਚਾਇਆ। ਇਨ੍ਹਾਂ 'ਚ ਇਕ 15 ਸਾਲਾ ਬੱਚੀ ਵੀ ਸੀ, ਜਿਸ ਦੀ ਹਾਲਤ ਖਰਾਬ ਸੀ ਅਤੇ ਬਚਾਅ ਅਧਿਕਾਰੀਆਂ ਨੇ ਸੀ. ਪੀ. ਆਰ. ਦੇ ਕੇ ਉਸ ਨੂੰ ਬਚਾਇਆ। 5 ਮਰੀਜ਼ਾਂ ਨੂੰ ਅਲਬਰਟਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦੇ ਸਰੀਰ ਦਾ ਤਾਪਮਾਨ ਠੀਕ ਨਹੀਂ ਸੀ। ਡਾਕਟਰਾਂ ਨੇ ਦੱਸਿਆ ਕਿ ਠੰਡੇ ਪਾਣੀ 'ਚ ਕਾਫੀ ਦੇਰ ਰਹਿਣ ਕਾਰਨ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਘੱਟ ਗਿਆ ਹੈ। ਫਿਲਹਾਲ 3 ਬੱਚੇ, ਇਕ ਨਾਬਾਲਗ ਕੁੜੀ ਅਤੇ ਇਕ 56 ਸਾਲਾ ਵਿਅਕਤੀ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ । ਬਾਕੀ 5 ਵਿਅਕਤੀਆਂ ਨੂੰ ਹਸਪਤਾਲ ਲੈ ਜਾਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਉਨ੍ਹਾਂ ਦੀ ਹਾਲਤ ਠੀਕ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਲੋਕ ਤਕਰੀਬਨ ਇਕ ਘੰਟੇ ਤਕ ਪਾਣੀ 'ਚ ਰਹੇ ਅਤੇ ਉਨ੍ਹਾਂ ਨੂੰ 9.45 'ਤੇ ਮਦਦ ਕਰਨ ਲਈ ਫੋਨ ਕੀਤਾ ਗਿਆ ਸੀ। ਇਸ ਮਗਰੋਂ ਉਨ੍ਹਾਂ ਨੇ ਜਲਦੀ ਨਾਲ ਬਚਾਅ ਕਾਰਜ ਚਲਾਇਆ ਅਤੇ ਸਭ ਨੂੰ ਬਚਾਉਣ 'ਚ ਸਫਲਤਾ ਪ੍ਰਾਪਤ ਕੀਤੀ।