USA : ਡਲਾਸ ਦੇ Airport 'ਤੇ ਜਹਾਜ਼ ਹਾਦਸਾ, 10 ਲੋਕਾਂ ਦੀ ਮੌਤ

07/01/2019 8:55:01 AM

ਟੈਕਸਾਸ—  ਅਮਰੀਕਾ ਦੇ ਟੈਕਸਾਸ ਸੂਬੇ 'ਚ ਡਲਾਸ ਦੇ ਸਥਾਨਕ ਹਵਾਈ ਅੱਡੇ 'ਤੇ ਐਤਵਾਰ ਸਵੇਰੇ ਉਡਾਣ ਭਰ ਰਿਹਾ ਇਕ ਛੋਟਾ ਜਹਾਜ਼ ਹੈਂਗਰ ਨਾਲ ਟਕਰਾ ਗਿਆ, ਜਿਸ ਨਾਲ ਉਸ 'ਚ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਹਾਦਸਾ ਐਡੀਸਨ ਸ਼ਹਿਰ ਦੇ ਸਥਾਨਕ ਹਵਾਈ ਅੱਡੇ 'ਤੇ ਹੋਇਆ।


ਟੈਕਸਾਸ ਦੇ ਐਡੀਸਨ ਸ਼ਹਿਰ ਦੀ ਮਹਿਲਾ ਬੁਲਾਰਾ ਮੈਰੀ ਰੋਜ਼ਨਬਿਲਥ ਨੇ ਮੁਤਾਬਕ ਦੋ ਇੰਜਣ ਵਾਲੇ ਇਸ ਛੋਟੇ ਜਹਾਜ਼ 'ਚ ਸਵਾਰ ਕੋਈ ਵਿਅਕਤੀ ਜਿਊਂਦਾ ਨਹੀਂ ਬਚਿਆ ਹੈ। ਉੱਥੇ ਹੀ,  ਪ੍ਰਸ਼ਾਸਨ ਮੁਤਾਬਕ 'ਬੀਚ ਕ੍ਰਾਫਟ ਬੀ. ਈ.-350 ਕਿੰਗ ਏਅਰ' ਸਵੇਰੇ ਤਕਰੀਬਨ 9 ਵਜੇ ਖਾਲੀ ਪਏ ਇਕ ਹੈਂਗਰ ਨਾਲ ਜਾ ਟਕਰਾਇਆ, ਜਿਸ ਕਾਰਨ ਜਹਾਜ਼ 'ਚ ਅੱਗ ਲੱਗ ਗਈ ਤੇ ਇਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਪ੍ਰਸ਼ਾਸਨ ਮੁਤਾਬਕ ਜਹਾਜ਼ 'ਚ ਕਿੰਨੇ ਲੋਕ ਸਵਾਰ ਸਨ, ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਵੀ ਉਜਾਗਰ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਸ ਜਹਾਜ਼ ਦਾ ਮਾਲਕ ਕੌਣ ਸੀ। ਨੈਸ਼ਨਲ ਟਰਾਂਸਪੋਰੇਸ਼ਨ ਸੇਫਟੀ ਬੋਰਡ ਮੁਤਾਬਕ ਜਾਂਚ ਟੀਮਾਂ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।