550ਵੇਂ ਪ੍ਰਕਾਸ਼ ਪੁਰਬ ਮੌਕੇ 10,000 ਸਿੱਖ ਸ਼ਰਧਾਲੂਆਂ ਨੂੰ ਮਿਲੇਗਾ ਪਾਕਿਸਤਾਨ ਦਾ ਵੀਜ਼ਾ

10/12/2019 8:11:10 PM

ਲਾਹੌਰ (ਏਜੰਸੀ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਇਕ ਵੱਡਾ ਐਲਾਨ ਕੀਤਾ ਹੈ। ਪਾਕਿਸਤਾਨ ਵਲੋਂ ਕਿਹਾ ਗਿਆ ਹੈ ਕਿ ਇਸ ਸਾਲ ਮਨਾਏ ਜਾਣ ਵਾਲੇ ਗੁਰਪੁਰਬ ਮੌਕੇ 10,000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਸਪੈਸ਼ਲ ਟ੍ਰੇਨ ਰਾਹੀਂ ਪਾਕਿਸਤਾਨ ਨੂੰ ਰਵਾਨਾ ਕੀਤਾ ਜਾਵੇਗਾ। ਸਿੱਖ ਸ਼ਰਧਾਲੂ ਪਹਿਲਾਂ ਵਾਹਗਾ ਰੇਲਵੇ ਸਟੇਸ਼ਨ ਤੋਂ ਅਟਾਰੀ ਰੇਲਵੇ ਸਟੇਸ਼ਨ ਜਾਣਗੇ ਅਤੇ ਬਾਅਦ ਵਿਚ ਨਨਕਾਣਾ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਹੋਵੇਗੀ। ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ 8 ਨਵੰਬਰ ਨੂੰ ਹੋਣ ਜਾ ਰਹੀ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਆ ਕੇ ਜਸ਼ਨ ਮਨਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮੱਧ ਅਕਤੂਬਰ ਤੱਕ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਰਹਿਣ ਦਾ ਪ੍ਰਬੰਧ ਵੀ ਕਰ ਲਿਆ ਜਾਵੇਗਾ। ਕਸਟਮ ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਇਸ ਦੌਰਾਨ ਵਾਹਗਾ ਬਾਰਡਰ 'ਤੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕਾਉਂਟਰ ਵੀ ਸਥਾਪਿਤ ਕੀਤਾ ਜਾਵੇਗਾ।

Sunny Mehra

This news is Content Editor Sunny Mehra