ਕੋਰੋਨਾ ਵਾਇਰਸ ਦੇ 1 ਤੋਂ 11 ਲੱਖ ਲੋਕਾਂ ਨੂੰ ਇਨਫੈਕਟਿਡ ਹੋਣ ਦਾ ਸਫਰ

04/08/2020 1:18:01 AM

ਬੀਜਿੰਗ (ਏਜੰਸੀ)- ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਤਕਰੀਬਨ 1.1 ਕਰੋੜ ਦੀ ਆਬਾਦੀ ਵਾਲੇ ਵੁਹਾਨ ਸ਼ਹਿਰ ਦੇ ਲੋਕਾਂ ਨੂੰ ਸਾਹ ਵਿਚ ਮੁਸ਼ਕਲ ਦੀ ਇਨਫੈਕਸ਼ਨ ਹੋਣ ਦੀ ਜਾਣਕਾਰੀ ਦਿੱਤੀ। ਮੂਲ ਵਾਇਰਸ ਦਾ ਪਤਾ ਨਹੀਂ ਸੀ ਪਰ ਦੁਨੀਆ ਭਰ ਦੇ ਰੋਗ ਮਾਹਰ ਇਸ ਦੀ ਪਛਾਣ ਵਿਚ ਜੁੱਟ ਗਏ। ਆਖਿਰਕਾਰ ਸ਼ਹਿਰ ਦੇ ਸੀਫੂਡ ਮਾਰਕੀਟ ਤੋਂ ਇਸ ਦੇ ਨਿਕਲਣ ਦਾ ਪਤਾ ਚੱਲਿਆ ਤਾਂ ਤੁਰੰਤ ਹੀ ਬੰਦ ਕਰ ਦਿੱਤਾ ਗਿਆ। ਸ਼ੁਰੂਆਤ ਵਿਚ 40 ਲੋਕਾਂ ਦੇ ਇਸ ਨਾਲ ਇਨਫੈਕਟਿਡ ਹੋਣ ਦੀ ਰਿਪੋਰਟ ਦਿੱਤੀ ਗਈ।

11 ਜਨਵਰੀ 2020 ਨੂੰ ਚੀਨ ਨੇ ਕੋਰੋਨਾ ਵਾਇਰਸ ਦੇ ਕਾਰਣ ਪਹਿਲਾਂ ਮਰੀਜ਼ ਦੀ ਮੌਤ ਦਾ ਐਲਾਨ ਕੀਤਾ। 61 ਸਾਲ ਦਾ ਇਕ ਵਿਅਕਤੀ ਵੁਹਾਨ ਦੇ ਬਾਜ਼ਾਰ ਵਿਚ ਖਰੀਦਦਾਰੀ ਕਰਨ ਗਿਆ ਸੀ। ਨਿਮੋਨੀਆ ਵਰਗੀ ਸਮੱਸਿਆ ਦੇ ਚੱਲਦੇ ਉਸ ਦੀ ਮੌਤ ਹੋਈ। ਵਿਗਿਆਨੀਆਂ ਨੇ ਸਾਰਸ ਅਤੇ ਆਮ ਸਰਦੀ ਵਾਂਗ ਕੋਰੋਨਾ ਵਾਇਰਸ ਦੇ ਪਰਿਵਾਰ ਵਿਚ ਇਕ ਨਵੇਂ ਵਾਇਰਸ ਦੀ ਪਛਾਣ ਕੀਤੀ। ਉਦੋਂ ਉਸ ਨੂੰ 2019 nCoV ਨਾਂ ਦਿੱਤਾ ਗਿਆ। ਇਸ ਦੇ ਲੱਛਣਾਂ ਵਿਚ ਸੁੱਕੀ ਖੰਘ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਸ਼ਾਮਲ ਸੀ।

ਬਾਅਦ ਦੇ ਦਿਨਾਂ ਵਿਚ ਇਹ ਵਾਇਰਸ ਥਾਈਲੈਂਡ ਅਤੇ ਜਾਪਾਨ ਤੱਕ ਪਹੁੰਚ ਗਿਆ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਲੋਕ ਵੁਹਾਨ ਦੇ ਉਸੇ ਬਾਜ਼ਾਰ ਵਿਚ ਗਏ ਸਨ। ਚੀਨ ਦੇ ਉਸੇ ਸ਼ਹਿਰ ਵਿਚ ਦੂਜੀ ਮੌਤ ਦੀ ਪੁਸ਼ਟੀ ਹੋਈ। 20 ਜਨਵਰੀ ਤੱਕ ਚੀਨ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ 200 ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਸਨ। ਚੀਨ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੁਹਾਨ ਵਿਚ 23 ਜਨਵਰੀ ਨੂੰ ਤਾਲਾਬੰਦੀ ਕਰ ਦਿੱਤੀ।

ਜਨਤਕ ਟਰਾਂਸਪੋਰਟ ਬੰਦ ਕਰ ਦਿੱਤਾ ਗਿਆ ਅਤੇ ਇਨਫੈਕਟਿਡ ਲੋਕਾਂ ਦੇ ਇਲਾਜ ਲਈ ਰਿਕਾਰਡ ਸਮੇਂ ਵਿਚ ਇਕ ਨਵਾਂ ਹਸਪਤਾਲ ਬਣਾ ਦਿੱਤਾ ਗਿਆ। ਉਦੋਂ ਤੱਕ ਇਨਫੈਕਟਿਡ ਲੋਕਾਂ ਦੀ ਗਿਣਤੀ 830 'ਤੇ ਪਹੁੰਚ ਚੁੱਕੀ ਸੀ। 24 ਜਨਵਰੀ ਤੱਕ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 26 ਪਹੁੰਚ ਗਈ। ਅਧਿਕਾਰੀਆਂ ਨੇ 13 ਅਤੇ ਸ਼ਹਿਰਾਂ ਵਿਚ ਤਾਲਾਬੰਦੀ ਕਰਨ ਦਾ ਫੈਸਲਾ ਕੀਤਾ। 3.6 ਕਰੋੜ ਤੋਂ ਜ਼ਿਆਦਾ ਲੋਕ ਘਰਾਂ ਵਿਚ ਕੈਦ ਹੋ ਗਏ। ਚੀਨ ਤੋਂ ਬਾਹਰ ਦੱਖਣੀ ਕੋਰੀਆ, ਅਮਰੀਕਾ, ਨੇਪਾਲ, ਥਾਈਲੈਂਡ, ਹਾਂਗਕਾਂਗ, ਸਿੰਗਾਪੁਰ, ਮਲੇਸ਼ੀਆ ਅਤੇ ਤਾਈਵਾਨ ਵਿਚ ਨਵੇਂ ਮਾਮਲੇ ਸਾਹਮਣੇ ਆਉਣ ਲੱਗੇ, ਮਾਮਲੇ ਵੱਧ ਰਹੇ ਸਨ ਪਰ ਵਿਸ਼ਵ ਸਿਹਤ ਸੰਗਠਨ ਨੇ 23 ਜਨਵਰੀ ਨੂੰ ਕਿਹਾ ਕਿ ਇਸ ਨੂੰ ਦੁਨੀਆ ਲਈ ਜਨਤਕ ਹੈਲਥ ਐਮਰਜੈਂਸੀ ਕਹਿਣਾ ਅਜੇ ਕਾਹਲੀ ਹੋਵੇਗੀ।

24 ਜਨਵਰੀ ਨੂੰ ਫਰਾਂਸ ਦੇ ਅਧਿਕਾਰੀਆਂ ਨੇ ਦੇਸ਼ ਦੀ ਸਰਹੱਦ ਵਿਚ ਕੋਰੋਨਾ ਵਾਇਰਸ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਯੂਰਪ ਪਹੁੰਚ ਗਿਆ। ਇਸ ਦੇ ਕੁਝ ਹੀ ਘੰਟੇ ਬਾਅਦ ਆਸਟਰੇਲੀਆ ਨੇ ਵੀ ਪੁਸ਼ਟੀ ਕੀਤੀ ਕਿ ਚਾਰ ਲੋਕ ਸਾਹ 'ਤੇ ਅਸਰ ਪਾਉਣ ਵਾਲੇ ਵਾਇਰਸ ਨਾਲ ਇਨਫੈਕਟਿਡ ਹਨ। 27 ਜਨਵਰੀ ਨੂੰ ਜਰਮਨੀ ਨੇ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਦਾ ਐਲਾਨ ਕੀਤਾ। ਬਵੇਰੀਆ ਸੂਬੇ ਵਿਚ 33 ਸਾਲ ਦਾ ਇਕ ਵਿਅਕਤੀ ਬਾਹਰ ਤੋਂ ਆਏ ਚੀਨੀ ਸਾਥੀ ਦੇ ਨਾਲ ਟ੍ਰੇਨਿੰਗ ਦੌਰਾਨ ਇਸ ਵਾਇਰਸ ਦੀ ਲਪੇਟ ਵਿਚ ਆਇਆ।

ਉਸ ਨੂੰ ਮਿਊਨਿਖ ਦੇ ਹਸਪਤਾਲ ਵਿਚ ਕਵਾਰੰਟੀਨ ਕਰ ਦਿੱਤਾ ਗਿਆ। ਇਸ ਦੇ ਅਗਲੇ ਹੀ ਦਿਨ ਉਸ ਦੇ ਤਿੰਨ ਹੋਰ ਸਾਥੀ ਵਾਇਰਸ ਦੀ ਲਪੇਟ ਵਿਚ ਆ ਗਏ। ਉਦੋਂ ਤੱਕ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 132 ਹੋ ਗਈ ਸੀ ਅਤੇ ਪੂਰੀ ਦੁਨੀਆ ਵਿਚ 6000 ਲੋਕ ਇਨਫੈਕਟਿਡ ਹੋਏ ਸਨ। ਜਾਨਸ ਹਾਪਕਿੰਸ ਯੂਨੀਵਰਸਿਟੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਹੁਣ ਪੂਰੀ ਦੁਨੀਆ ਵਿਚ 10 ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਹੋ ਗਏ ਹਨ। ਅਮਰੀਕਾ ਫਿਲਹਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਿੱਥੇ ਇਟਲੀ, ਚੀਨ ਅਤੇ ਸਪੇਨ ਦੇ ਕੁਲ ਮਰੀਜ਼ਾਂ ਤੋਂ ਜ਼ਿਆਦਾ ਮਰੀਜ਼ ਹਨ। ਇਹੀ ਨਹੀਂ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਲੋਕਾਂ ਦੇ ਮਰਨ ਦਾ ਰਿਕਾਰਡ ਵੀ ਅਜੇ ਅਮਰੀਕਾ ਦੇ ਨਾਂ ਹੋ ਗਿਆ ਹੈ। ਵੀਰਵਾਰ ਨੂੰ ਸ਼ੁੱਕਰਵਾਰ ਨੂੰ ਇਥੇ 1500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ।

Sunny Mehra

This news is Content Editor Sunny Mehra