ਪਾਕਿਸਤਾਨ ''ਚ ਜ਼ੋਰਦਾਰ ਧਮਾਕਾ, ਇਕ ਦੀ ਮੌਤ ਤੇ ਦਰਜਨਾਂ ਜ਼ਖ਼ਮੀ

09/30/2022 4:39:39 PM

ਇਸਲਾਮਾਬਾਦ (ਭਾਸ਼ਾ) ਅਫਗਾਨਿਸਤਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਪਾਕਿਸਤਾਨ 'ਚ ਵੀ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਇਕ ਬਾਜ਼ਾਰ 'ਚ ਇਕ ਦੁਕਾਨ 'ਤੇ ਹੋਏ ਬੰਬ ਧਮਾਕੇ 'ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਾਬੁਲ ਦੇ ਇੱਕ ਸਕੂਲ ਵਿੱਚ ਭਿਆਨਕ ਧਮਾਕਾ ਹੋਇਆ ਸੀ ਜਿਸ ਵਿੱਚ ਕਰੀਬ 32 ਵਿਦਿਆਰਥੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਹਮਲਾ ਅੱਤਵਾਦੀ ਸੰਗਠਨ ਆਈਐਸਕੇਪੀ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਤੌਰ 'ਤੇ ਸ਼ੀਆ ਅਤੇ ਹਜ਼ਾਰਾ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਬਲੋਚਿਸਤਾਨ ਵਿਚ ਇਹ ਘਟਨਾ ਕੋਹਲੂ ਜ਼ਿਲ੍ਹੇ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਇਕ ਮਿਠਾਈ ਦੀ ਦੁਕਾਨ 'ਤੇ ਵਾਪਰੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਕੋਹਲੂ ਦੇ ਮੁੱਖ ਬਾਜ਼ਾਰ 'ਚ ਸਥਿਤ ਭੀੜ-ਭੜੱਕੇ ਵਾਲੇ ਇਲਾਕੇ 'ਚ ਇਕ ਮਿਠਾਈ ਦੀ ਦੁਕਾਨ 'ਤੇ ਹੋਇਆ। ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ 20 ਲੋਕ ਜ਼ਖਮੀ ਹੋਏ ਹਨ, ਜਿਹਨਾਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਲੋਚਿਸਤਾਨ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿੱਚ ਅਕਸਰ ਝੜਪ ਹੁੰਦੀ ਹੈ ਅਤੇ ਆਤਮਘਾਤੀ ਅਤੇ ਦੂਰ-ਦੁਰਾਡੇ ਤੋਂ ਧਮਾਕੇ ਆਮ ਹਨ।

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖਬਰ: ਅਫਗਾਨਿਸਤਾਨ ਦੇ ਸਕੂਲ 'ਚ ਬੰਬ ਧਮਾਕਾ, 32 ਵਿਦਿਆਰਥੀਆਂ ਦੀ ਦਰਦਨਾਕ ਮੌਤ (ਵੀਡੀਓ)

10 ਲੋਕਾਂ ਦੀ ਹਾਲਤ ਨਾਜ਼ੁਕ

ਕੋਹਲੂ ਜ਼ਿਲ੍ਹਾ ਹੈੱਡਕੁਆਰਟਰ (ਡੀਐਚਕਿਊ) ਹਸਪਤਾਲ ਦੇ ਸੁਪਰਡੈਂਟ ਅਸਗਰ ਮਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ 21 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ 10 ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਉਨ੍ਹਾਂ ਕਿਹਾ,  ਕਿ ਗੰਭੀਰ ਜ਼ਖ਼ਮੀ ਲੋਕਾਂ ਨੂੰ ਡੇਰਾ ਗਾਜ਼ੀ ਖਾਨ ਸ਼ਹਿਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਕਿਸੇ ਵੀ ਸਮੂਹ ਨੇ ਹਾਲੇ ਤੱਕਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਸ ਤੋਂ ਪਹਿਲਾਂ ਅਜਿਹੇ ਹਮਲਿਆਂ ਦਾ ਦੋਸ਼ ਅੱਤਵਾਦੀਆਂ ਅਤੇ ਵੱਖਵਾਦੀਆਂ 'ਤੇ ਲਗਾਇਆ ਜਾਂਦਾ ਰਿਹਾ ਹੈ।

ਬਲੋਚਿਸਤਾਨ ਦੇ ਮੁੱਖ ਮੰਤਰੀ ਦੇ ਗ੍ਰਹਿ ਸਲਾਹਕਾਰ ਮੀਰ ਜ਼ਿਆ ਲੈਂਗੋਵ ਦੇ ਅਨੁਸਾਰ ਸ਼ੁਰੂਆਤੀ ਪੁਲਸ ਜਾਂਚ ਵਿੱਚ ਇਹ ਇੱਕ ਰਿਮੋਟ ਕੰਟਰੋਲ ਬੰਬ ਧਮਾਕਾ ਹੋਣ ਦਾ ਸੁਝਾਅ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤਾ ਮੌਕੇ 'ਤੇ ਮੌਜੂਦ ਹੈ ਅਤੇ ਉਹ ਜਲਦੀ ਹੀ ਧਮਾਕੇ ਦੀ ਕਿਸਮ ਦੀ ਪੁਸ਼ਟੀ ਕਰਨਗੇ। ਬਲੋਚਿਸਤਾਨ ਦੇ ਸਿੱਖਿਆ ਮੰਤਰੀ ਮੀਰ ਨਸੀਬੁੱਲਾ ਮਾਰੀ ਮੁਤਾਬਕ ਹਸਪਤਾਲ ਵਿਚ ਮੈਡੀਕਲ ਐਮਰਜੈਂਸੀ ਲਗਾਈ ਗਈ ਹੈ ਅਤੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਖਮੀਆਂ ਦੀ ਹਾਲਤ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਮੁਲਤਾਨ ਭੇਜ ਦਿੱਤਾ ਜਾਵੇਗਾ।ਇਸ ਦੌਰਾਨ ਪੁਲਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ। ਅਧਿਕਾਰੀ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।  

Vandana

This news is Content Editor Vandana