ਭੂ-ਮੱਧ ਸਾਗਰ ''ਚ ਪਿਛਲੇ ਦੋ ਦਿਨਾਂ ''ਚ 1500 ਪ੍ਰਵਾਸੀਆਂ ਨੂੰ ਬਚਾਇਆ ਗਿਆ

05/26/2018 11:12:25 AM

ਰੋਮ— ਭੂ-ਮੱਧ ਸਾਗਰ 'ਚ ਵੱਡੇ ਪੱਧਰ 'ਤੇ ਚਲਾਏ ਗਏ ਬਚਾਅ ਮੁਹਿੰਮਾਂ 'ਚ ਤਕਰੀਬਨ 1500 ਪ੍ਰਵਾਸੀਆਂ ਨੂੰ ਬਚਾਇਆ ਗਿਆ। ਇਨ੍ਹਾਂ ਮੁਹਿੰਮਾਂ 'ਚ ਇਤਾਵਲੀ ਜਲ ਸੈਨਾ, ਗੈਰ-ਸਰਕਾਰੀ ਸੰਗਠਨ ਅਤੇ ਯੂਰਪੀ ਸੰਘ ਦੀ ਸਰਹੱਦ ਏਜੰਸੀ ਫਰੰਟੇਕਸ ਦੇ ਜਹਾਜ਼ ਸ਼ਾਮਲ ਸਨ। ਇਤਾਵਲੀ ਜਲ ਸੈਨਾ ਦਾ ਕਹਿਣਾ ਹੈ ਕਿ ਸਿਰਫ ਅੱਜ ਚਲਾਈਆਂ ਗਈਆਂ 7 ਮੁਹਿੰਮਾਂ ਵਿਚ ਹੀ ਉਨ੍ਹਾਂ 1050 ਲੋਕਾਂ ਨੂੰ ਬਚਾਇਆ ਗਿਆ, ਜੋ ਯੂਰਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਮੁਹਿੰਮਾਂ ਦਾ ਸੰਚਾਲਨ ਇਤਾਵਲੀ ਤੱਟ ਰੱਖਿਅਕ ਨੇ ਕੀਤਾ ਸੀ।
ਜਰਮਨ ਗੈਰ-ਸਰਕਾਰੀ ਸੰਗਠਨ ਸੀ-ਵਾਚ ਅਤੇ ਸੀ-ਆਈ ਨੇ ਕਿਹਾ ਕਿ ਕੱਲ ਬਚਾਏ ਗਏ ਲੱਗਭਗ 450 ਲੋਕਾਂ 'ਚੋਂ ਅੱਧੇ ਲੋਕਾਂ ਨੂੰ 3 ਕਿਸ਼ਤੀਆਂ ਤੋਂ ਬਚਾਇਆ ਗਿਆ, ਜਿਸ 'ਚ ਸਮਰੱਥਾ ਤੋਂ ਵਧ ਲੋਕ ਸਵਾਰ ਸਨ। ਕੱਲ ਇਤਾਵਲੀ ਜਲ ਸੈਨਾ ਦੇ ਇਕ ਜਹਾਜ਼ ਨੇ 69 ਪ੍ਰਵਾਸੀਆਂ ਨੂੰ ਬਚਾਇਆ, ਜਦਕਿ ਫਰੰਟੇਕਸ ਦੇ ਤਸਕਰ-ਰੋਧੀ ਟ੍ਰਾਈਟਨ ਆਪਰੇਸ਼ਨ ਵਿਚ ਸ਼ਾਮਲ ਪੁਰਤਗਾਲੀ ਜਲ ਸੈਨਾ ਦੇ ਇਕ ਜਹਾਜ਼ ਨੇ 296 ਹੋਰ ਲੋਕਾਂ ਨੂੰ ਬਚਾਇਆ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਇਟਲੀ ਵਿਚ ਹੁਣ ਤੱਕ 10,800 ਪ੍ਰਵਾਸੀ ਪਹੁੰਚ ਚੁੱਕੇ ਹਨ।