ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੋਵੇਗੀ ''ਆਪ'' ਦੀ ਪਹਿਲ ''ਤੇ ਦੇਵਾਂਗੇ ਸਾਫ-ਸੁਥਰਾ ਰਾਜ ਪ੍ਰਬੰਧ : ਡਾ. ਰਵਜੋਤ

01/18/2017 4:25:19 PM

ਬੁੱਲ੍ਹੋਵਾਲ (ਜ.ਬ.) - ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ''ਚ ਪੈਂਦੇ ਪਿੰਡ ਖਡਿਆਲਾ ਸੈਣੀਆਂ ਵਿਖੇ ਹੋਈ, ਜਿਸ ਵਿਚ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਵਿਸ਼ੇਸ਼ ਤੌਰ ''ਤੇ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਰਵਜੋਤ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ। ਉਨ੍ਹਾਂ ਇਸ ਸਮੇਂ ਹਾਜ਼ਰ ਲੋਕਾਂ ਨੂੰ ''ਆਪ'' ਦੀਆਂ ਨੀਤੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਕਿਹਾ ਕਿ ਪੰਜਾਬ ਦਾ ਵਿਕਾਸ ''ਆਪ'' ਦਿੱਲੀ ਦੀ ਤਰਜ ''ਤੇ ਕਰੇਗੀ ਅਤੇ ਭ੍ਰਿਸ਼ਟਾਚਾਰ ਨੂੰ ਪੰਜਾਬ ਵਿਚੋਂ ਖਤਮ ਕਰ ਕੇ ਲੋਕਾਂ ਨੂੰ ਸਾਫ਼-ਸੁਥਰਾ ਰਾਜ ਪ੍ਰਬੰਧ ਦਿੱਤਾ ਜਾਵੇਗਾ। 

ਡਾ. ਰਵਜੋਤ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਤੋਂ ਬਹੁਤ ਦੁਖੀ ਹਨ ਅਤੇ ਨਸ਼ਿਆਂ ਕਾਰਨ ਪੰਜਾਬ ਦੀ ਇਕ ਪੀੜ੍ਹੀ ਖਤਮ ਹੋ ਗਈ ਹੈ। ਇਹ ਨਸ਼ੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਦੇਣ ਹਨ, ਜਿਨ੍ਹਾਂ ਨੂੰ ''ਆਪ'' ਦੀ ਸਰਕਾਰ ਬਣਨ ਉਪਰੰਤ ਜੇਲ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਨਾ ''ਆਪ'' ਸਰਕਾਰ ਦੀ ਪਹਿਲ ਹੋਵੇਗੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਾਂਭਿਆ ਜਾ ਸਕੇ। 
ਇਸ ਮੌਕੇ ਮੀਰੀ-ਪੀਰੀ ਜਥੇ ਦੇ ਮੈਂਬਰਾਂ ਸਮੇਤ ਪਿੰਡ ਵਾਸੀਆਂ ਵਿਚ ਸਰਕਲ ਇੰਚਾਰਜ ਮਲਕੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਹਰਦੇਵ ਸਿੰਘ, ਲਵਦੀਪ ਸਿੰਘ, ਬੁੱਲਾ ਸਿੰਘ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ।