ਮਾਹਿਲਪੁਰ ਬਲਾਕ ਦੇ 33 ਪਿੰਡਾਂ ’ਚ 14 ਨਵੇਂ ਟਿਊਬਵੈੱਲ ਜਲਦ ਲੱਗਣਗੇ : ਨਿਮਿਸ਼ਾ ਮਹਿਤਾ

05/04/2021 4:51:40 PM

ਮਾਹਿਲਪੁਰ : ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੰਚਾਈ ਅਤੇ ਜਲ ਸਰੋਤ ਵਿਭਾਗ ਵਲੋਂ ਮਾਹਿਲਪੁਰ ਬਲਾਕ ’ਚ ਪੈਂਦੇ ਗੜ੍ਹਸ਼ੰਕਰ ਦੇ ਪਿੰਡਾਂ ਨੂੰ 14 ਨਵੇਂ ਸਿੰਚਾਈ ਟਿਊਬਵੈੱਲਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਟਿਊਬਵੈੱਲਾਂ ਨੂੰ ਲਗਵਾਉਣ ਲਈ ਸਰਕਾਰ ਪਾਸੋਂ 6 ਕਰੋੜ ਰੁਪਿਆ ਜਾਰੀ ਕਰ ਦਿੱਤਾ ਗਿਆ ਹੈ। ਨਿਮਿਸ਼ਾ ਨੇ ਦੱਸਿਆ ਕਿ ਗੁਜਰਪੁਰ, ਗੰਦੋਵਾਲ, ਲਸਾੜਾ, ਮੈਂਗਰੋਵਾਲ, ਗੱਜਰ, ਮਹਿਦੂਦ, ਬਿੰਜੋਂ, ਮਜਾਰਾ ਡੀਂਗਰੀਆਂ, ਖੜੋਦੀ, ਸਕਰੂਲੀ, ਮਾਹਿਲਪੁਰ-ਚਕ ਮਸ਼ਕੂਲਾ, ਮੁੱਘੋਵਾਲ  ਤੋਂ ਇਲਾਵਾ ਮੇਘੋਵਾਲ, ਦੋ ਸਿੰਚਾਈ ਟਿਊਬਵੈੱਲ ਮਨਜ਼ੂਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਦੇ ਧੰਨਵਾਦੀ ਹਨ ਜਿਨ੍ਹਾਂ ਉਨ੍ਹਾਂ ਦੀ ਮੰਗ ’ਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਲਕੇ ਦੇ ਬਲਾਕ ਮਾਹਿਲਪੁਰ ’ਚ ਪੈਂਦੇ 33 ਪਿੰਡਾਂ ’ਚੋਂ 14 ਪਿੰਡਾਂ ਲਈ ਨਵੇਂ ਸਿੰਚਾਈ ਟਿਊਬਵੈੱਲ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸਿੰਚਾਈ ਅਤੇ ਨਹਿਰੀ ਵਿਭਾਗ ਦੇ ਮੰਤਰੀ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੇ ਗੜ੍ਹਸ਼ੰਕਰ ਨਿਵਾਸ ’ਤੇ ਦੋ ਵਾਰ ਫੇਰੀ ਪਾ ਚੁੱਕੇ ਹਨ ਅਤੇ ਉੱਥੇ ਪਾਰਟੀ ਵਰਕਰਾਂ ਵਲੋਂ ਟਿਊਬਵੈੱਲਾਂ ਸੰਬੰਧੀ ਅਤੇ ਨਹਿਰੀ ਪਾਣੀ ਸੰਬੰਧੀ ਮੰਗਾਂ ਰੱਖੀਆਂ ਗਈਆਂ ਸਨ। ਇਨ੍ਹਾਂ ਮੰਗਾਂ ਦੀ ਪ੍ਰਵਾਨਗੀ ਕਰਦਿਆਂ ਮੰਤਰੀ ਪਾਸੋਂ ਨਾ ਸਿਰਫ ਟਿਊਬਵੈੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਸਗੋਂ ਮੁੱਘੋਵਾਲ ਦੇ ਕਿਸਾਨਾਂ ਨੂੰ ਮੰਤਰੀ ਦੇ ਹੁਕਮਾਂ ’ਤੇ ਫੌਰੀ ਤੌਰ ’ਤੇ ਲਿਫ਼ਟ ਵਾਲਾ ਮੋਘਾ ਵੀ ਲਵਾ ਕੇ ਦਿੱਤਾ ਗਿਆ ਸੀ। ਇਨ੍ਹਾਂ ਹੀ ਨਹੀਂ ਹਲਕਾ ਗੜ੍ਹਸ਼ੰਕਰ ਦੇ ਰਨਿਆਲਾ ਚੋਅ ਦੀ ਸਫ਼ਾਈ ਜੋ ਪਿਛਲੇ 30 ਸਾਲਾਂ ਤੋਂ ਨਹੀਂ ਸੀ ਹੋਈ, ਉਸ ਲਈ ਵੀ ਨਿਮਿਸ਼ਾ ਮਹਿਤਾ ਨੇ ਸਿੰਚਾਈ ਵਿਭਾਗ ਤੋਂ ਦਿਨਾਂ ਵਿਚ ਮਨਜ਼ੂਰੀ ਕਰਵਾਈ ਅਤੇ ਜਲਦੀ ਹੀ ਕੰਮ ਵੀ ਕਰਵਾਇਆ ਗਿਆ ਸੀ।

 

Gurminder Singh

This news is Content Editor Gurminder Singh