...ਭਲਾ ਸੁੱਖ ਤਾਂ ਹੈ

04/28/2020 6:50:38 PM

ਅਮਨਪ੍ਰੀਤ ਪਰਮ ਸਹੋਤਾ

ਪਿੰਡ ਤੇ ਡਾਕ- ਗੜ੍ਹਦੀਵਾਲਾ (ਹੁਸ਼ਿਆਰਪੁਰ)

ਆਪਣੇ ਫੈਲਾਅ ਲਈ ਜਾਣਿਆ ਜਾਂਦਾ ਬੋਹੜ ਜਿੰਨੀ ਮਰਜ਼ੀ ਧਰਤੀ ਨੂੰ ਆਪਣੇ ਕਲਾਵੇ ਵਿਚ ਲੈ ਲਵੇ, ਉਸ ਦੀ ਹੋਂਦ ਇਸ ਗੱਲ ’ਤੇ ਨਿਰਭਰ ਹੈ ਕਿ ਜੜ੍ਹਾਂ ਤੋਂ ਨਿਕਲਣ ਵਾਲੇ ਤਣੇ ਦੀਆਂ ਬਾਹਵਾਂ (ਟਾਹਣੀਆਂ ਤੋਂ ਨਿਕਲੀਆਂ ਜਟਾਂ) ਮੁੜ ਜੜ੍ਹਾਂ ਨੂੰ ਨਮਸਕਾਰ ਕਰਦੀਆਂ ਹਨ। ਜੇ ਏਦਾਂ ਨਾਂ ਹੋਵੇ ਤਾਂ ਉਹ ਆਪਣੇ ਭਾਰ ਨਾਲ ਹੀ ਤੀਲਾ-ਤੀਲਾ ਹੋ ਕੇ ਬਿਖਰ ਜਾਵੇਗਾ। ਆਪਣੇ ਅਤੀਤ ਨਾਲੋਂ ਟੁੱਟਣਾ ਨਰਕ ਵੱਲ ਜਾਣ ਦਾ ਸਿੱਧਾ ਰਸਤਾ ਹੈ। ਮਨੁੱਖ ਜੰਗਲਾਂ ਵਿਚੋਂ ਦੋ ਪੈਰਾਂ ਸਿਰ ਹੋ ਕੇ ਬਾਹਰ ਨਿਕਲਿਆ ਸੀ। ਸੱਭਿਅਤਾ ਦੇ ਵਿਕਾਸ ਲਈ ਉਸਦਾ ਦਿਮਾਗ ਉਸਦੇ ਪੈਰਾਂ ਤੋਂ ਵੀ ਤੇਜ਼ ਦੌੜਿਆ। ਜੀਵਨ ਦੇ ਵਿਕਾਸ ਦੇ ਸਿਖਰ ’ਤੇ ਬੈਠੇ ‘ਸਿਆਣੇ ਮਾਨਵ’ ਨੇ ਊਚਾਈਆਂ ਛੂੰਹਣ ਲਈ ਆਪਣਿਆ ਨਾਲ ਸੀਨਾਜ਼ੋਰੀ ਕਰਨ ਦੀ ਜਾਂਚ ਸਿੱਖ ਲਈ। ਜ਼ੁਲਮ ਦੀ ਇੰਤਹਾ ਕਰਦਿਆਂ ਪਸ਼ੂ ਪੰਛੀਆਂ ਦੇ ਨਿਵਾਸ ’ਤੇ ਭੋਜਨ ਭੰਡਾਰ ਦੋਹੀਂ ਹੱਥੀ ਲੁੱਟਣ ਲੱਗਿਆ ਕਦੀ ਖੌਫ ਨਹੀਂ ਖਾਧਾ। ਕੁਦਰਤ ਸੰਤੁਲਨ ਪਸੰਦ ਹੈ, ਖੁਰਾਫਾਤੀ ਦਿਮਾਗ ਨੂੰ ਮੂੰਹ ਦੀ ਖਾਣੀ ਹੀ ਪੈਂਦੀ ਹੈ।

ਜਦੋਂ ਵੀ ਕੁਦਰਤੀ ਕਹਿਰ ਦੀ ਬਿਜਲੀ ਇਨਸਾਨੀ ਸੱਭਿਅਤਾ ’ਤੇ ਡਿੱਗੀ, ਇਲਜ਼ਾਮ ਦੂਜੀਆਂ ਧਿਰਾਂ ’ਤੇ ਮੜ ਕੇ ਸੁਰਖਰੂ ਹੋਣ ਦੀ ਕਵਾਇਦ ਜਾਰੀ ਰਹੀ ਹੈ। ਕੋਰੋਨਾ ਨੇ ਕਹਿਰ ਵਰਸਾਉਂਣਾ ਸ਼ੁਰੂ ਕੀਤਾ ਤਾਂ ਉਂਗਲੀਆਂ ਚਮੱਗਾਦੜ ਵੱਲ ਉੱਠਣੀਆਂ ਸ਼ੁਰੂ ਹੋਈਆਂ। ਇਹ ਇਕੋ-ਇਕ ਥਣਧਾਰੀ ਜੀਵ ਹੈ, ਜੋ ਉੱਡਦਾ ਹੈ। ਬਿਹਾਰ ਦੇ ਸਰਸਾਈ ਪਿੰਡ ਵਿਚ ਇਸ ਦੀ ਪੂਜਾ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਮਾਨਤਾ ਹੈ ਕਿ ਇਨ੍ਹਾਂ ਦੀ ਹਾਜ਼ਰੀ ਵਿਚ ਧਨ ਦੀ ਕਮੀ ਨਹੀਂ ਆਉਂਦੀ। ਆਪਣੇ ਸਿਆਹ ਰੰਗ ਰੂਪ ਕਾਰਨ ਇਹ ਸਾਡੀਆਂ ਕਲਪਨਾਵਾਂ ਵਿਚ ਬਹੁਤ ਕਰੂਪ ਤੇ ਡਰਾਉਂਣਾ ਪਾਤਰ ਹੈ। ਅਰਬੀ ਕਹਾਵਤ ਹੈ ਕਿ ਜੇ ਚਮੱਗਾਦੜ ਦੇ ਪਿੱਛੇ ਲੱਗੋਗੇ ਤਾਂ ਉਹ ਤੁਹਾਨੂੰ ਉਜਾੜ ਵਿਚ ਲੈ ਜਾਵੇਗਾ। ਬਹੁਤ ਹੀ ਸੰਗਾਊ ਜੀਵ ਚਿੱਟੇ ਦਿਨ ਉਜਾੜ ਥਾਵਾਂ ’ਤੇ ਵੱਡੇ ਝੁੰਡਾਂ ਵਿਚ ਸੰਘਣੇ ਦਰੱਖਤਾਂ ’ਤੇ ਸ਼ੀਰਸ਼ ਆਸਣ ਸਥਿਤੀ ਵਿਚ ਦੇਖਿਆ ਜਾ ਸਕਦਾ ਹੈ।

ਸੂਰਜ ਢਲਦਿਆਂ ਹੀ ਇੱਥੇ ਕਿਲਕਾਰੀਆਂ ਵਜਦੀਆਂ ਹਨ ਅਤੇ ਨਵੇਂ ਸਫਰ ਦੀ ਤਿਆਰੀ ਅੰਗੜਾਈਆਂ ਲੈਣ ਲਗਦੀ ਹੈ। ਇਹ ਰਾਤ ਦੇ ਹਨੇਰੇ ਵਿਚ ਈਕੋ-ਲੋਕੇਸ਼ਨ, ਜਿਸ ਨੂੰ ਵਿਗਿਆਨੀ ਉੱਨਤ ਪੱਥ-ਪ੍ਰਦਰਸ਼ਕ ਪ੍ਰਣਾਲੀ ਮੰਨਦੇ ਹਨ, ਜ਼ਰੀਏ ਸ਼ਿਕਾਰ ਦੀ ਭਾਲ ਕਰਦਾ ਹੈ ਅਤੇ ਉਡਾਰੀਆਂ ਲਾਉਂਦਾ ਹੈ। ਇਹ ਜੀਵ ਜ਼ਿਆਦਾ ਆਵਰਤੀ ਵਾਲੀਆਂ ਅਲਟਰਾਸੋਨਿਕ ਤਰੰਗਾਂ ਛੱਡ ਕੇ ਰਸਤੇ ਵਿਚਲੀ ਰੁਕਾਵਟ ਅਤੇ ਆਪਣੇ ਸ਼ਿਕਾਰ ਦਾ ਅੰਦਾਜਾ ਲਗਾ ਲੈਂਦਾ ਹੈ। ਇਸੇ ਕੁਦਰਤੀ ਗੁਣ ਤੋਂ ਸਿੱਖ ਕੇ ਅਸੀਂ ਸੋਨਾਰ ਬਣਾਇਆ, ਜੋ ਸਮੁੰਦਰੀ ਸਫਰ ਦੌਰਾਨ ਰੁਕਾਵਟਾਂ ਪ੍ਰਤੀ ਸੇਧਿਤ ਕਰਨ ਵਾਲਾ ਲਾਹੇਵੰਦ ਯੰਤਰ ਹੈ। ਰਾਤ ਦੇ ਸਫਰ ਦੌਰਾਨ ਚਮੱਗਾਦੜ ਮੱਛਰਾਂ ਅਤੇ ਹੋਰ ਕੀਟਾਂ ਦਾ ਸਫਾਇਆ ਕਰਨ ਦੇ ਨਾਲ-ਨਾਲ ਪੌਦਿਆਂ ਦੇ ਪ੍ਰਜਣਨ ਲਈ ਜ਼ਰੂਰੀ ਪਰਾਗਣ ਕਿਰਿਆ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। 

ਚਮੱਗਾਦੜ ਬੇਅੰਤ ਜੀਵਾਣੂਆਂ ਤੇ ਵਿਸ਼ਾਣੂਆਂ ਨੂੰ ਆਪਣੀ ਬੁੱਕਲ ਵਿਚ ਲਈ ਫਿਰਦਾ ਹੈ ਅਤੇ ਮਨੁੱਖ ਨੂੰ ਦਰਪੇਸ਼ ਭਿਆਨਕ ਬੀਮਾਰੀਆਂ ਲਈ ਜ਼ਿੰਮੇਵਾਰ ਹੈ। ਆਸਟਰੇਲੀਆ ਵਿਚ ਫੈਲੀ ਹਾਂਡਰਾ ਬੀਮਾਰੀ ਦਾ ਵਿਸ਼ਾਣੂ ਚਮੱਗਾਦੜ ਤੋਂ ਘੋੜੇ ਰਾਹੀਂ ਮਨੁੱਖ ਤੱਕ ਪਹੁੰਚਿਆ। ਇਸੇ ਤਰਾਂ ਮਲੇਸ਼ੀਆ ਵਿਚ ‘ਨਿਪਾਹ’ ਚਮੱਗਾਦੜ ਤੋਂ ਸੂਰ ਰਾਹੀਂ ਅੱਪੜਿਆ। ਅਫਰੀਕੀ ਖਿੱਤੇ ਵਿੱਚਲਾ ‘ਈਬੋਲਾ’ ਦਾ ਵਾਹਕ ਵੀ ਚਮੱਗਾਦੜ ਹੀ ਸੀ ਪਰ ਪਰਦੇ ਪਿਛਲੀ ਸਦਾਕਤ ਨੂੰ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਨਸ਼ਰ ਕਰਦੀ ਹੈ। ਉਸ ਅਨੁਸਾਰ ਜਦੋਂ ਅਸੀਂ ਇਨ੍ਹਾਂ ਜੀਵਾਂ ਦੇ ਨਿਵਾਸ ਸਥਾਨਾਂ ਅਤੇ ਭੋਜਨ ਸੋਮਿਆਂ ਨੂੰ ਹਥਿਆਉਂਣ ਦੀ ਕੋਸ਼ਿਸ਼ ਕੀਤੀ ਤਾਂ ਇਹ ਬੇਘਰ ਹੋਏ ਮਨੁੱਖੀ ਅਬਾਦੀ ਵਲ ਨੂੰ ਉਡਾਰੀਆਂ ਮਾਰਨ ਲੱਗੇ। ਇਸੇ ਕੋਝੀ ਹਰਕਤ ਨੇ ਮਹਾਮਾਰੀਆਂ ਦੇ ਫੈਲਣ ਦੀ ਨੀਂਹ ਰੱਖ ਦਿੱਤੀ ਸੀ। 

ਚਮੱਗਾਦੜ ਤੋਂ ਵਿਸ਼ਾਣੂ ਦਾ ਪ੍ਰਸਾਰ ਉਸ ਦੇ ਥੁੱਕ (ਸਲਾਇਵਾ) ਅਤੇ ਪਿਸ਼ਾਬ ਜ਼ਰੀਏ ਹੁੰਦਾ ਹੈ। ਮੌਜੂਦਾ ਸਮੇਂ ਦੌਰਾਨ ਕੋਰੋਨਾ ਦੇ ਤਾਂਡਵ ਨੇ ਆਧੁਨਿਕ ਸੱਭਿਅਤਾ ਨੂੰ ਭੈ-ਭੀਤ ਕੀਤਾ ਹੋਇਆ ਹੈ। ਇਸ ਸਾਰਸ ਕੋਵ-2 ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲੱਗ ਜਾਂਦਾ ਹੈ ਕਿ ਸਮਾਜਿਕ ਦੂਰੀ ਨਾ ਬਣਾਏ ਜਾਣ ਦੀ ਸੂਰਤ ਵਿਚ ਪੀੜਤ ਵਿਅਕਤੀ ਤੀਹ ਦਿਨਾਂ ਵਿਚ 406 ਵਿਅਕਤੀਆਂ ਨੂੰ ਰੋਗੀ ਬਣਾ ਸਕਦਾ ਹੈ। ਭਾਵ ਜੇ ਭਾਰਤ ਵਿਚ ਲਾਕਡਾਊਨ ਨਾ ਹੁੰਦਾ ਤਾਂ ਮਰੀਜਾਂ ਦਾ  ਅੰਕੜਾ ਇਕ ਲੱਖ ਤੋਂ ਉੱਪਰ ਹੋਣਾ ਸੀ। ਇਸ ਲਈ ਲਾਕਡਾਊਨ ਹੋਣ ਕਾਰਨ ਭਾਰਤੀ ਲੋਕਾਂ ਦਾ ਬਚਾਅ ਹੋਇਆ ਹੈ। 

ਵਿਗਿਆਨੀ ਇਸ ਚੁਣੌਤੀ ਨਾਲ ਸਿੱਝਣ ਲਈ ਦਿਨ ਰਾਤ ਇਕ ਕਰਕੇ ਨਵੇਂ-ਨਵੇਂ ਹੱਲ ਸੁਝਾਅ ਰਹੇ ਹਨ। ਆਓ ਸਰਲ ਤਰੀਕੇ ਨਾਲ ਇਸ ਦੇ ਇਲਾਜ ਲਈ ਅਪਣਾਈਆਂ ਜਾ ਰਹੀਆਂ ਵਿਧੀਆਂ ਨੂੰ ਸਮਝਣ ਦਾ ਯਤਨ ਕਰੀਏ। ਸਾਡੇ ਖੂਨ ਵਿਚ ਪੀਲੇ ਰੰਗ ਵਾਲੇ ਹਿੱਸੇ ਨੂੰ ਪਲਾਜ਼ਮਾ ਕਹਿੰਦੇ ਹਨ। ਇਹ ਸਰੀਰ ਵਿਚਲੇ ਖੂਨ ਦਾ 55 ਫੀਸਦੀ ਹਿੱਸਾ ਹੁੰਦਾ ਹੈ। ਜਦੋਂ ਕੋਈ ਬਾਹਰੀ ਬੀਮਾਰੀ ਦੇ ਕੀਟਾਣੂ ਜਾਂ ਵਿਸ਼ਾਣੂ ਸਾਡੇ ਸਰੀਰ ’ਤੇ ਹਮਲਾ ਕਰਦੇ ਹਨ, ਜਿਸਨੂੰ ‘ਐਂਟੀਜਨ’ ਕਿਹਾ ਜਾਂਦਾ ਹੈ ਤਾਂ ਸਾਡਾ ਸਰੀਰ ਉਸ ਤੋਂ ਬਚਾਅ ਲਈ ‘ਐਂਟੀਬਾਡੀ’ ਪੈਦਾ ਕਰਦਾ ਹੈ, ਜੋ ਉਸ ਬੀਮਾਰੀ ਨਾਲ ਲੜ ਕੇ ਉਸਦਾ ਖਾਤਮਾ ਕਰਦੇ ਹਨ। ਸਾਡੇ ਸਰੀਰ ਦੀ ਖਾਸੀਅਤ ਇਹ ਹੈ ਕਿ ਅਗਾਂਹ ਭਵਿੱਖ ਵਿਚ ਜਦ ਵੀ ਉਹ ਬੀਮਾਰੀ ਸਾਡੇ ਸਰੀਰ ਨੂੰ ਦੁਬਾਰਾ ਜਕੜ ਵਿਚ ਲੈਣ ਦੀ ਕੋਸ਼ਿਸ਼ ਕਰੇ ਤਾਂ ਸਰੀਰ ਐਂਟੀਬਾਡੀਜ ਨੂੰ ਯਾਦ ਰੱਖਦਾ ਅਤੇ ਤਟਫਟ ਮੁਕਾਬਲੇ ਲਈ ਤਿਆਰ ਰਹਿੰਦਾ ਹੈ। ਹੁਣ ਜਿਨ੍ਹਾਂ ਕੋਰੋਨਾ ਪੀੜਤਾਂ ਦੀ ਅੰਦਰੂਨੀ ਸਰੀਰਕ ਰੱਖਿਆ ਪ੍ਰਣਾਲੀ ਮਜ਼ਬੂਤ ਹੈ, ਉਹ ਬਿਨ੍ਹਾਂ ਕਿਸੇ ਇਲਾਜ ਤੋਂ ਹੀ ਤੰਦਰੁਸਤ ਹੋ ਗਏ, ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਬੀਮਾਰੀ ਨਾਲ ਲੜਨ ਲਈ ਐਂਟੀਬਾਡੀ ਆਪ ਮੁਹਾਰੇ ਬਣ ਗਏ। ਸੋ ਅਜਿਹੇ ਵਿਅਕਤੀਆਂ ਦਾ ਪਲਾਜ਼ਮਾਂ ਲੈ ਕੇ ਕੰਮਜ਼ੋਰ ਅੰਦਰੂਨੀ ਰੱਖਿਆ ਪ੍ਰਣਾਲੀ ਵਾਲੇ ਵਿਅਕਤੀਆਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਐਂਟੀਬਾਡੀ ਪੀੜਤ ਵਿਅਕਤੀ ਦੇ ਸਰੀਰ ਵਿਚ ਦਾਖਲ ਕਰਵਾ ਕੇ ਕੋਵਿਡ-19 ਦੇ ਪ੍ਰਭਾਵ ਨੂੰ ਖਤਮ ਕੀਤਾ ਜਾਵੇ।

ਇਸ ਪ੍ਰਕਿਰਿਆ ਵਿਚ ਤੰਦਰੁਸਤ ਹੋਏ ਵਿਅਕਤੀ ਦੇ ਸਰੀਰ ਵਿਚੋਂ ਖੂਨ ਕੱਢ ਕੇ ਫਿਰ ਉਸ ਵਿਚੋਂ ਪਲਾਜ਼ਮਾਂ ਵੱਖ ਕੀਤਾ ਜਾਂਦਾ ਹੈ। ਉਸ ਕੱਢੇ ਹੋਏ ਪਲਾਜ਼ਮਾਂ ਨੂੰ ਹੋਰ ਬੀਮਾਰੀਆਂ ਜਿਵੇਂ ਪੀਲੀਆ, ਏਡਜ ਆਦਿ ਦੀ ਗੈਰਹਾਜ਼ਰੀ ਦੀ ਪਰਖ ਕਰਨ ਤੋਂ ਬਾਅਦ ਹੀ ਰੋਗੀ ਦੇ ਸਰੀਰ ਵਿਚ ਦਾਖਲ ਕੀਤਾ ਜਾਂਦਾ ਹੈ। ਕਾਫੀ ਕਾਰਗਰ ਹੋਣ ਦੇ ਬਾਵਜੂਦ ਕੁਝ ਗੁੰਝਲਤਾਵਾਂ ਹੋਣ ਕਾਰਨ ਇਲਾਜ ਦੇ ਇਸ ਤਰੀਕੇ ਨੂੰ ਆਖਰੀ ਤਰੀਕਾ ਨਹੀਂ ਮੰਨਿਆ ਗਿਆ। ਇਸ ਨੂੰ ਬੀਮਾਰੀ ਦੇ ਪੱਕੇ ਇਲਾਜ ਲੱਭਣ ਤੋਂ ਪਹਿਲਾ ਕੁਝ ਸਮੱਸਿਆ ਦੇ ਹੱਲ ਵਜੋਂ ਵਰਤਿਆ ਜਾ ਰਿਹਾ ਹੈ। 

ਭਾਰਤੀ ਮੈਡੀਕਲ ਖੋਜ ਕੌਂਸਲ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿਚ ਰੋਜ਼ਾਨਾ 18000 ਟੈਸਟ ਕੀਤੇ ਜਾ ਰਹੇ ਹਨ। ਰੋਜ਼ਾਨਾ 1 ਲੱਖ ਟੈਸਟਾਂ ਦੇ ਨਿਸ਼ਾਨੇ ਨੂੰ ਪੂਰਾ ਕਰਨ ਦੇ ਮੁਕਾਬਲੇ ਇਹ ਗਿਣਤੀ ਕਾਫੀ ਘੱਟ ਹੈ। ਇਸ ਦਾ ਇਕ ਕਾਰਨ ਬੀਮਾਰੀ ਦੀ ਪਰਖ ਕਰਨ ਦੇ ਮੌਜੂਦਾ ਤਰੀਕੇ ਦਾ ਲੰਬਾ ਹੋਣਾ ਹੈ। ਇਸ ਪ੍ਰਕਿਰਿਆ ਵਿਚ ਵਿਅਕਤੀ ਦੇ ਨੱਕ ਅਤੇ ਗਲੇ ਵਿਚੋਂ ਨਮੂਨੇ ਲੈ ਕੇ ਪਰਖ ਕੀਤੀ ਜਾਂਦੀ ਹੈ। ਪਰਖ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਮਕਸਦ ਨਾਲ ‘ਪੂਲ ਪਰਖ’ ਦੀ ਵਿਧੀ ਅਪਨਾਉਂਣ ਦੀ ਤਿਆਰੀ ਕੀਤੀ ਗਈ ਹੈ। ਇਸ ਵਿਧੀ ਵਿਚ ਇਕ ਵਿਅਕਤੀ ਦੇ ਨਮੂਨੇ ਦੀ ਪਰਖ ਕਰਨ ਦੀ ਬਜਾਏ ਕਈ ਵਿਅਕਤੀਆਂ ਦੇ ਨਮੂਨਿਆਂ ਦੀ ਪਰਖ ਗਰੁੱਪਾਂ ਵਿਚ ਕੀਤੀ ਜਾਵੇਗੀ। ਜੇਕਰ ਪਰਖ ਕੀਤੇ ਜਾਣ ਵਾਲੇ ਗਰੁੱਪ ਵਿਚ ਬੀਮਾਰੀ ਦਾ ਵਿਸ਼ਾਣੂ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਹੀ ਗਰੁੱਪ ਵਿਚਲੇ ਇਕੱਲੇ-ਇਕੱਲੇ ਵਿਅਕਤੀ ਦੇ ਨਮੂਨੇ ਦੀ ਪਰਖ ਕੀਤੀ ਜਾਵੇਗੀ। ਕੋਰੋਨਾ ਨੇ ਜਿੱਥੇ ਦੇਸ਼ਾਂ ਦੀ ਆਰਥਿਕਤਾ ’ਤੇ ਡੂੰਘੀ ਸੱਟ ਮਾਰੀ ਹੈ, ਉਥੇ ਕਰਫਿਊ ਦੌਰਾਨ ਕੁਦਰਤੀ ਚੱਕਰ ਵਿਚ ਇਨਸਾਨੀ ਦਖਲ ਘਟਣ ਨਾਲ ਵਾਤਾਵਰਨ ’ਤੇ ਪਏ ਪ੍ਰਭਾਵ ਦੇ ਬੜੇ ਦਿਲਚਸਪ ਤੱਥ ਸਾਹਮਣੇ ਆਏ ਹਨ।

ਵਿਸ਼ਵ ਹਵਾ ਗੁਣਵੱਤਾ ਰਿਪੋਰਟ-2019 ਅਨੁਸਾਰ ਵਿਸ਼ਵ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ 21 ਭਾਰਤ ਦੇ ਸਨ। ਪਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤੀ ਖਿੱਤੇ ਵਿਚ ਨਾਈਟ੍ਰੋਜਨ ਡਾਇਆਕਸਾਈਡ ਦੀ ਮਾਤਰਾ 52 ਪ੍ਰਤੀ ਕਿਊਬਿਕ ਮੀਟਰ ਤੋਂ ਘੱਟ ਕੇ 15 ਪ੍ਰਤੀ ਕਿਊਬਿਕ ਮੀਟਰ ਰਹਿ ਗਈ ਹੈ। ਇਹ ਨਾਈਟ੍ਰੋਜਨ ਡਾਇਆਕਸਾਈਡ ਗੈਸ ਫੈਕਟਰੀਆਂ ਦੇ ਧੂੰਏ ਅਤੇ ਚਲਦੇ ਵਾਹਨਾਂ ਦੇ ਧੂੰਏ ਤੋਂ ਹਵਾ ਵਿਚ ਰਲਦਾ ਹੈ। ਇਹ ਦਮੇ ਵਰਗੇ ਰੋਗਾਂ ਨੂੰ ਪੈਦਾ ਕਰਨ ਦੇ ਨਾਲ-ਨਾਲ ਜ਼ਹਿਰਲੀ ਤੇਜ਼ਾਬੀ ਵਰਖਾ ਲਈ ਵੀ ਜ਼ਿੰਮੇਵਾਰ ਹੈ। ਸਿਰਫ ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿਚ, ਜਿਨ੍ਹਾਂ ਦੇਸ਼ਾਂ ਵਿਚ ਵੀ ਲਾਕਡਾਊਨ ਵਰਗੀ ਸਥਿਤੀ ਹੈ, ਉੱਥੇ ਦੀ ਫਿਜ਼ਾ ਨਿਖਰਨ ਲੱਗੀ ਹੈ। ਦਰਿਆਵਾਂ ਦੇ ਪਾਣੀ, ਜੋ ਪਹਿਲਾਂ ਅੰਤਾਂ ਦਾ ਮੈਲ ਆਪਣੀ ਹਿੱਕ ’ਤੇ ਢੋਹ ਰਹੇ ਸਨ, ਅੱਜ ਚਮਕੀਲੀ ਭਾਅ ਮਾਰਦੇ ਮਨ ਨੂੰ ਮੋਹਦੇ ਹੋਏ ਆਪਣੀ ਮੰਜ਼ਿਲ ਵੱਲ ਲੀਨ ਹੋਣ ਲਈ ਵੱਧ ਰਹੇ ਹਨ। ਥੋੜ੍ਹੇ ਜਿਹੇ ਸਮੇਂ ਵਿਚ ਦਰਿਆਵਾਂ ਨੇ ਆਪਣੇ ਆਪ ਦੀ ਸਫਾਈ ਕਰਕੇ ਸ਼ੀਸ਼ਾ ਦਿਖਾਇਆ ਹੈ ਕਿ ਪਾਣੀ ਦੇ ਸੋਮਿਆਂ ਦੀ ਸਫਾਈ ਲਈ ਲੰਬੀਆਂ ਯੋਜ਼ਨਾਵਾਂ ਦੀ ਲੋੜ ਨਹੀਂ, ਜੋ ਸਿਰਫ ਕਾਗਜ਼ਾਂ ’ਤੇ ਉੱਸਲਵੱਟੇ ਲੈਂਦਿਆਂ ਦਮ ਤੋੜ ਦੇਣ। ਸਗੋਂ ਲੋੜ ਹੈ ਦ੍ਰਿੜ ਇੱਛਾ ਸ਼ਕਤੀ ਦੀ। 

21ਵੀਂ ਸਦੀ ਵਿਚ ਭਾਵੇਂ ਮਨੁੱਖ ਵਿਗਿਆਨ ਦੇ ਕੰਧਾੜੇ ਚੜ੍ਹ ਕੇ ਵੱਡੇ-ਵੱਡੇ ਦਮਗਜੇ ਮਾਰਨ ਦੇ ਦਾਅਵੇ ਕਰ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਪੁਲਾੜੀ ਉਡਾਰੀਆਂ ਮਾਰਨ ਵਾਲੇ ਇਨਸਾਨ ਨੂੰ ਨੰਗੀ ਅੱਖ ਨਾਲ ਨਾਂ ਨਜ਼ਰ ਆਉਂਣ ਵਾਲੇ ਵਿਸ਼ਾਣੂ ਨੇ ਦਿਨ-ਦਿਹਾੜੇ ਕੈਦ ਹੋਣ ਲਈ ਮਜ਼ਬੂਰ ਕਰ ਦਿੱਤਾ ਹੈ। ਇੱਥੇ ਇਕ ਨੁਕਤਾ ਬੜਾ ਸਪੱਸ਼ਟ ਹੈ ਕਿ ਕੁਦਰਤ ਨਾਲ ਦੋ-ਹੱਥ ਕਰਨ ਲਈ ਵਿਗਿਆਨ ਦੇ ਸਹਾਰੇ ਭਾਵੇਂ ਹਰ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ ਪਰ ਕੁਦਰਤ ਵਲੋਂ ਅੱਖ ਝਪਕਣ ਦੇ ਸਮੇਂ ਵਿਚ ਪੂਰੇ ਵੇਗ ਨਾਲ ਕੀਤਾ ਗਿਆ ਪਲਟ ਵਾਰ ਇਨਸਾਨੀ ਸੱਭਿਅਤਾ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੈ। ਭਾਵੇਂ ਅਸੀਂ ਆਜ਼ਾਦ ਹਾਂ ਅੱਜ ਪਰ ਕੁਝ ਤਾਂ ਖਾਲੀ-ਖਾਲੀ ਹੈ...ਅਸੀਂ ਪੌਦੇ ਸਾਰੇ ਬੋਲ ਰਹੇ ,....ਭਲਾ ਸੁੱਖ ਤਾਂ ਹੈ। ਗਿੱਪੀ ਗਰੇਵਾਲ ਵਲੋਂ ਉਚਾਰੀਆਂ ਸਤਰਾਂ ਵਿਚ ਕੁਦਰਤ ਦੇ ਜੀਵ, ਜੰਤੂ, ਪੌਦਿਆਂ ਦੁਆਰਾ ਆਪਣੇ ਆਲੇ-ਦੁਆਲੇ ਛਾਈ ਚੁੱਪ ਅਤੇ ਮਾਨਵ ਸੱਭਿਅਤਾ ਪ੍ਰਤੀ ਦਰਸਾਈ ਫਿਕਰਮੰਦੀ ਬਾਰੇ ਮਾਰਮਿਕ ਬਿਰਤਾਂਤ ਸਿਰਜਿਆ ਗਿਆ ਹੈ। ਕੋਰੋਨਾ ਵਰਗੀ ਭਿਆਨਕਤਾ ਨਾਲ ਸਿੱਝਣ ਉਪਰੰਤ ਭਵਿੱਖੀ ਵਬਾਅ ਦੀਆਂ ਚੁਣੌਤੀਆਂ ਤੋਂ ਮਨੁੱਖੀ ਸੱਭਿਅਤਾ ਨੂੰ ਸੁਰੱਖਿਅਤ ਕਰਨ ਹਿੱਤ ਕੁਦਰਤ ਨਾਲ ਇਕ-ਮਿਕ ਹੋਣ ਵਾਲੀ ਨੀਅਤ ਅਤੇ ਨੀਤੀ ਤੇ ਗਹਿਨ ਵਿਵੇਚਨ ਦੀ ਜਰੂਰਤ ਹੈ,ਨਹੀਂ ਤਾਂ ਫਿਲਮ ਅਜੇ ਬਾਕੀ ਹੈ..।                               


rajwinder kaur

Content Editor

Related News