ਕੈ. ਅਮਰਿੰਦਰ ਸਿੰਘ ਦੀ ਅਗਵਾਈ ''ਚ ਬਣੇਗੀ ਕਾਂਗਰਸ ਦੀ ਸਰਕਾਰ : ਡਾ. ਰਾਜ

01/18/2017 4:44:21 PM

ਹੁਸ਼ਿਆਰਪੁਰ (ਵਿਸ਼ੇਸ਼) - ਅੱਜ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਨੇ ਹਲਕਾ ਚੱਬੇਵਾਲ (ਹੁਸ਼ਿਆਰਪੁਰ) ਤੋਂ ਆਪਣੇ ਨਾਮਜ਼ਦਗੀ ਕਾਗਜ਼ ਬਹੁਤ ਹੀ ਸਾਦਗੀਪੂਰਨ ਢੰਗ ਨਾਲ ਦਾਖਲ ਕੀਤੇ। ਉਹ ਆਪਣੇ ਕੁਝ ਕੁ ਸਾਥੀਆਂ ਨੂੰ ਨਾਲ ਲੈ ਕੇ ਗਏ ਅਤੇ ਰਿਟਰਨਿੰਗ ਅਫ਼ਸਰ ਜਸਵੀਰ ਸਿੰਘ ਕੋਲ ਆਪਣੇ ਕਾਗਜ਼ ਦਾਖਲ ਕੀਤੇ। ਉਪਰੰਤ ਉਨ੍ਹਾਂ ਪਾਰਟੀ ਦੇ ਸਮੂਹ ਨੁਮਾਇੰਦਿਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਕੱਲ ਤੋਂ ਬਾਅਦ ਚੋਣ ਨਾਮਜ਼ਦਗੀਆਂ ਦਾਖਲ ਕਰਨ ਦਾ ਕੱਲ ਅੰਤਿਮ ਦਿਨ ਹੈ ਅਤੇ ਚੋਣ ਪ੍ਰਕਿਰਿਆ ਰਸਮੀ ਤੌਰ ''ਤੇ ਸ਼ੁਰੂ ਹੋ ਜਾਵੇਗੀ। ਅਸੀਂ ਸਾਰੇ ਇਹ ਕੋਸ਼ਿਸ਼ ਕਰੀਏ ਕਿ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਅਤੇ ਮਰਿਆਦਾ ਵਿਚ ਰਹਿ ਕੇ ਨਾ ਸਿਰਫ ਚੱਬੇਵਾਲ ਸਗੋਂ ਪੂਰੇ ਪੰਜਾਬ ਵਿਚ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ''ਚ ਸਹਿਯੋਗ ਦੇਈਏ। 

ਇਸ ਦੌਰਾਨ ਡਾ. ਰਾਜ ਨੇ ਆਪਣੇ ਸਾਥੀਆਂ ਤੇ ਸਮਰਥਕਾਂ ਨੂੰ ਇਕ ਮੈਸੇਜ ਰਾਹੀਂ ਸੰਦੇਸ਼ ਦਿੰਦੇ ਹੋਏ ਉਨ੍ਹਾਂ ਦੇ ਪਿਆਰ-ਸਤਿਕਾਰ ਲਈ ਧੰਨਵਾਦ ਕੀਤਾ ਤੇ ਕਿਹਾ ਕਿ 2017 ਵਿਚ ਯਕੀਨੀ ਤੌਰ ''ਤੇ ਪੰਜਾਬ ''ਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਸਰਕਾਰ ਬਣਨ ''ਤੇ  ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ  ਨਾਲ ਚੱਬੇਵਾਲ ਕਾਂਗਰਸ ਦੇ ਇਕ ਬਹੁਤ ਹੀ ਬਜ਼ੁਰਗ ਅਤੇ ਸਾਧਾਰਨ ਵਰਕਰ ਪ੍ਰਕਾਸ਼ ਸਿੰਘ ਅਤੇ ਐੱਸ. ਸੀ. ਡਿਪਾਰਟਮੈਂਟ ਪੰਜਾਬ ਇੰਚਾਰਜ ਡਾ. ਸ੍ਰੀਬਿਲਾ ਪ੍ਰਸਾਦ ਤੇ ਡਾ. ਰਾਜ ਦੇ ਛੋਟੇ ਭਰਾ ਜਤਿੰਦਰ ਕੁਮਾਰ ਮੌਜੂਦ ਸਨ।