ਚੋਣ ਜ਼ਾਬਤੇ ਦੇ ਬਾਵਜੂਦ ਬੱਸ ਕਿਰਾਇਆਂ ''ਚ ਵਾਧਾ!

01/18/2017 4:49:55 PM

ਮੁਕੇਰੀਆਂ (ਨਾਗਲਾ) - ਟਰਾਂਸਪੋਰਟਰਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਚੋਣ ਜ਼ਾਬਤੇ ਦੇ ਬਾਵਜੂਦ ਚੋਰ ਦਰਵਾਜ਼ੇ ਰਾਹੀਂ ਬੱਸ ਕਿਰਾਇਆਂ ''ਚ ਵਾਧਾ ਕਰ ਦਿੱਤਾ ਗਿਆ। ਇਸ ਸਬੰਧੀ ਵੱਖ-ਵੱਖ ਨਿੱਜੀ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਦੇ ਨਾਲ-ਨਾਲ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਦੀਆਂ ਬੱਸਾਂ ''ਚ ਯਾਤਰਾ ਕਰ ਰਹੇ ਲੋਕਾਂ ਨੇ ਦੱਸਿਆ ਕਿ ਜਿਸ ਦਿਨ ਚੋਣਾਂ ਦਾ ਐਲਾਨ ਹੋਇਆ, ਬੱਸਾਂ ਵਾਲਿਆਂ ਨੇ ਉਸੇ ਦਿਨ ਹੀ ਬੱਸ ਕਿਰਾਇਆਂ ''ਚ ਵਾਧਾ ਕਰ ਦਿੱਤਾ। ਲੋਕਾਂ ਨੇ ਕਿਹਾ ਕਿ ਮੌਜੂਦਾ ਸਮੇਂ ਕੰਮ ਚਲਾਊ ਸਰਕਾਰ ਚੱਲ ਰਹੀ ਹੈ, ਜਿਸ ਕੋਲ ਕਿਰਾਇਆਂ ''ਚ ਵਾਧਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। 

ਇਸ ਸਬੰਧੀ ਡੀ. ਟੀ. ਓ. ਮੈਡਮ ਜੀਵਨਜੋਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵਿਭਾਗ ਕੇਂਦਰ ਸਰਕਾਰ ਅਧੀਨ ਹੈ। 
ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਅਧੀਨ ਦਫ਼ਤਰੀ ਫੀਸਾਂ ''ਚ ਵਾਧਾ ਜ਼ਰੂਰ ਕੀਤਾ ਗਿਆ ਹੈ। ਬੱਸ ਕਿਰਾਇਆਂ ''ਚ ਕੀਤੇ ਵਾਧੇ ਸਬੰਧੀ ਸੰਬੰਧਿਤ ਜੀ. ਐੱਮ. ਹੀ ਦੱਸ ਸਕਦਾ ਹੈ। 
ਇਸ ਸਬੰਧੀ ਜੀ. ਐੱਮ. ਹੁਸ਼ਿਆਰਪੁਰ ਐੱਚ. ਐੱਸ. ਮਿਨਹਾਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਰਾਇਆਂ ''ਚ ਵਾਧਾ ਜ਼ਰੂਰ ਹੋਇਆ ਹੈ ਪਰ ਇਹ ਵਾਧਾ ਕਿਸ ਦੇ ਹੁਕਮਾਂ ਨਾਲ ਹੋਇਆ ਹੈ, ਸਬੰਧੀ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਲੋਕਾਂ ਨੇ ਚੋਣ ਕਮਿਸ਼ਨ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।