ਵਧਦੀ ਮਹਿੰਗਾਈ ਨੂੰ ਲੈ ਕੇ ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਧਰਨਾ

08/05/2022 3:10:42 PM

ਹੁਸ਼ਿਆਰਪੁਰ (ਘੁੰਮਣ) : ਦੇਸ਼ ਅੰਦਰ ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਅੱਜ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਦੀ ਅਗਵਾਈ ਵਿਚ ਕਾਂਗਰਸ ਦਫ਼ਤਰ ਦੇ ਬਾਹਰ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ। ਇਸ ਧਰਨੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਡਾ. ਕੁਲਦੀਪ ਨੰਦਾ, ਸਾਬਕਾ ਯੂਥ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਤੇ ਹੋਰ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਹਾਜ਼ਰ ਹੋਏ।

ਧਰਨੇ ਨੂੰ ਸੰਬੋਧਨ ਕਰਦਿਆਂ ਮਿੱਕੀ ਡੋਗਰਾ ਨੇ ਕਿਹਾ ਕਿ ਇਸ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਖਾਣ ਪੀਣ ਵਾਲੀਆਂ ਵਸਤੂਆਂ ਤੇ ਗ਼ੈਰ-ਜ਼ਰੂਰੀ ਟੈਕਸ ਲਗਾਇਆ ਗਿਆ ਹੈ। ਗੈਸ ਸਿਲੰਡਰਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਜਿਸ ਕਰਕੇ ਅੱਜ ਹਰ ਵਿਅਕਤੀ ਨੂੰ ਆਪਣਾ ਪਰਿਵਾਰ ਪਾਲਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਮ ਲੋਕਾਂ ਦਾ ਜਿਊਣਾ ਹਰਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਜੋ ਜੀ. ਐੱਸ. ਟੀ. ਦੇ ਘੇਰੇ ਵਿੱਚ ਲਿਆਂਦੀਆਂ ਗਈਆਂ ਹਨ, ਉਸ ਨਾਲ ਅੱਜ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਉਸ ਸਮੇਂ ਤਕ ਧਰਨੇ ਦਿੰਦੀ ਰਹੇਗੀ ਜਦ ਤੱਕ ਉਹ ਜ਼ਰੂਰੀ ਵਸਤਾਂ ਵਿੱਚ ਕੀਤਾ ਵਾਧਾ ਵਾਪਸ ਨਹੀਂ ਲੈਂਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਨਤਾ ਹੀ ਤਾਕਤ ਦਿੰਦੀ ਹੈ ਅਤੇ ਜਨਤਾ ਹੀ ਖੋਹ ਲੈਂਦੀ ਹੈ। ਜੇਕਰ ਜਨਤਾ ਨਾਲ ਮਾੜਾ ਸਲੂਕ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਸਬਕ ਸਿਖਾ ਦੇਣਗੇ। ਇਸ ਮੌਕੇ ਸਾਬਕਾ ਵਿਧਾਇਕ ਇੰਦੂਬਾਲਾ, ਕੁਸਮ ਆਦੀਆ, ਰਜਨੀਸ਼ ਟੰਡਨ ਸਮੇਤ ਹੋਰ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। 


Harnek Seechewal

Content Editor

Related News