ਪੈਰਾਂ ’ਚ ਹੋਣ ਵਾਲੀ ਜਲਨ ਤੋਂ ਤੁਰੰਤ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

05/29/2021 6:36:42 PM

ਨਵੀਂ ਦਿੱਲੀ- ਨਿਊਰੋਪੈਥੀ ਜਾਂ ਪੈਰੇਸਥੀਸੀਆ ਅਖਵਾਉਣ ਵਾਲੀ ਪੈਰਾਂ ਦੀਆਂ ਤਲੀਆਂ ਦੀ ਜਲਨ ਗਰਮੀਆਂ 'ਚ ਹੋਰ ਵੀ ਵੱਧ ਜਾਂਦੀ ਹੈ। ਇਸ ਨੂੰ ਤੁਸੀਂ ਬੜੇ ਅਰਾਮ ਨਾਲ ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹੋ। ਕਦੇ-ਕਦੇ ਹੋਣ ਵਾਲੀ ਇਹ ਜਲਨ ਜੇਕਰ ਲਗਾਤਾਰ ਰਹਿਣ ਲੱਗੇ ਤਾਂ ਡਾਕਟਰ ਨੂੰ ਦਿਖਾਉਣਾ  ਜ਼ਰੂਰੀ ਹੋ ਜਾਂਦਾ ਹੈ। ਇਸ ਦਾ ਕਾਰਨ ਹੁੰਦਾ ਹੈ ਪੈਰਾਂ ਦੀਆਂ ਤਲੀਆਂ 'ਚ ਖ਼ੂਨ ਦਾ ਘੱਟ ਸੰਚਾਰ ਹੋਣਾ। ਅਕਸਰ ਉਮਰ ਵਧਣ ਦੇ ਨਾਲ-ਨਾਲ ਪੈਰਾਂ ਦੀਆਂ ਨਾੜੀਆਂ ਨੁਕਸਾਨਗ੍ਰਸਤ ਹੋ ਜਾਂਦੀਆਂ ਹਨ। ਬਜ਼ੁਰਗ, ਸ਼ੂਗਰ ਦੇ ਮਰੀਜ਼ਾਂ ਜਾਂ ਫਿਰ ਬਹੁਤੀ ਦੇਰ ਤੱਕ ਖੜ੍ਹੇ ਰਹਿ ਕੇ ਕੰਮ ਕਰਨ ਵਾਲਿਆਂ 'ਚ ਇਹ ਸਮੱਸਿਆ ਦੇਖੀ ਜਾਂਦੀ ਹੈ। ਜਾਣਦੇ ਹਾਂ ਕਿਹੜੇ ਘਰੇਲੂ ਨੁਸਖ਼ਿਆਂ ਨਾਲ ਇਸ ਸਮੱਸਿਆ ਨੂੰ ਰੋਕਿਆ ਜਾ ਸਕਦੈ
ਅਦਰਕ
ਅਦਰਕ ਦੇ ਰਸ 'ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਨਾਰੀਅਲ ਤੇਲ ਮਿਕਸ ਕਰਕੇ ਗਰਮ ਕਰ ਲਓ ਅਤੇ ਇਸ ਨਾਲ ਆਪਣੀਆਂ ਅੱਡੀਆਂ ਅਤੇ ਤਲੀਆਂ 'ਤੇ 10 ਮਿੰਟ ਤੱਕ ਮਾਲਸ਼ ਕਰੋ। ਚਾਹੋ ਤਾਂ ਸਰੀਰ 'ਚ ਖ਼ੂਨ ਦੇ ਸੰਚਾਰ ਨੂੰ ਵਧਾਉਣ ਲਈ ਰੋਜ਼ਾਨਾ ਇਕ ਛੋਟਾ ਅਦਰਕ ਦਾ ਟੁੱਕੜਾ ਚਿੱਥੋ।
ਵਿਟਾਮਿਨ ਬੀ-3
ਵਿਟਾਮਿਨ ਬੀ-3 ਖਾਣ ਨਾਲ ਤਲੀਆਂ ਦੀ ਜਲਨ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਤੁਸੀਂ ਆਂਡੇ ਦੀ ਜਰਦੀ, ਦੁੱਧ, ਮਟਰ ਅਤੇ ਬੀਨਸ ਦੀ ਵਰਤੋਂ ਕਰ ਸਕਦੇ ਹੋ।
ਪੈਰਾਂ ਦੀ ਮਸਾਜ
ਪੈਰਾਂ ਦੀ ਮਸਾਜ ਕਰਨ ਨਾਲ ਪੈਰਾਂ 'ਚ ਖ਼ੂਨ ਦਾ ਸੰਚਾਰ ਤੇਜ਼ ਹੁੰਦਾ ਹੈ, ਜਿਸ ਨਾਲ ਪੈਰਾਂ 'ਚ ਨਾ ਤਾਂ ਜਲਨ ਹੁੰਦੀ ਹੈ ਅਤੇ ਨਾ ਹੀ ਇਨ੍ਹਾਂ 'ਚ ਦਰਦ ਹੁੰਦਾ ਹੈ।
ਸਹੀ ਜੁੱਤੀ ਪਹਿਨੋ
ਇਸ ਸਮੱਸਿਆ 'ਚ ਕਦੇ ਵੀ ਤੰਗ ਜੁੱਤੀ ਜਾਂ ਬੂਟ ਨਹੀਂ ਪਹਿਨਣੇ ਚਾਹੀਦੇ, ਨਹੀਂ ਤਾਂ ਪੈਰਾਂ 'ਚ ਖ਼ੂਨ ਦਾ ਸੰਚਾਰ ਹੋਰ ਵੀ ਹੌਲੀ ਹੋ ਜਾਏਗਾ।
ਨੰਗੇ ਪੈਰੀਂ ਤੁਰੋ
ਜਿੰਨਾ ਹੋ ਸਕੇ ਹਰੇ ਘਾਹ 'ਤੇ ਨੰਗੇ ਪੈਰ ਤੁਰਨ ਨਾਲ ਵੀ ਪੈਰਾਂ 'ਚ ਖੂਨ ਦਾ ਦੌਰਾ ਵਧਦਾ ਹੈ।
ਸਰ੍ਹੋਂ
ਹੱਥਾਂ-ਪੈਰਾਂ ਦੀਆਂ ਤਲੀਆਂ 'ਚ ਜਲਨ ਹੋਣ 'ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਲਾਭ ਮਿਲਦਾ ਹੈ। 2 ਗਲਾਸ ਗਰਮ ਪਾਣੀ 'ਚ 1 ਚੱਮਚ ਸਰ੍ਹੋਂ ਦਾ ਤੇਲ ਮਿਲਾ ਕੇ ਰੋਜ਼ਾਨਾ ਦੋਹਾਂ ਪੈਰਾਂ ਨੂੰ ਪਾਣੀ 'ਚ ਡੁਬੋਵੋ। 5 ਮਿੰਟ ਬਾਅਦ ਪੈਰਾਂ ਨੂੰ ਕਿਸੇ ਖੁਰਦਰੀ ਚੀਜ਼ ਨਾਲ ਰਗੜ ਕੇ ਸਾਫ ਅਤੇ ਠੰਡੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਪੈਰ ਸਾਫ ਰਹਿੰਦੇ ਹਨ ਅਤੇ ਪੈਰਾਂ ਦੀ ਗਰਮੀ ਵੀ ਦੂਰ ਰਹਿੰਦੀ ਹੈ।
ਮਹਿੰਦੀ
ਮਹਿੰਦੀ ਅਤੇ ਸਿਰਕੇ ਜਾਂ ਨਿੰਬੂ ਦੇ ਰਸ ਨੂੰ ਮਿਲਾ ਕੇ ਇਕ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਪੈਰਾਂ ਦੀਆਂ ਤਲੀਆਂ 'ਤੇ ਲਗਾ ਲਓ। ਯਕੀਨਨ ਤਲੀਆਂ ਦੀ ਜਲਨ ਤੋਂ ਛੁਟਕਾਰਾ ਮਿਲੇਗਾ।
ਧਨੀਆ
ਸੁੱਕੇ ਜਾਂ ਸਾਬਤ ਧਨੀਏ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਲੈ ਕੇ ਪੀਸ ਲਓ। ਫਿਰ ਰੋਜ਼ਾਨਾ ਇਸ ਦੇ 2 ਚਮਚਾ ਠੰਡੇ ਪਾਣੀ ਨਾਲ ਲੈਣ 'ਤੇ ਹੱਥਾਂ-ਪੈਰਾਂ ਦੀ ਜਲਨ ਦੂਰ ਹੋ ਜਾਂਦੀ ਹੈ।
ਮੱਖਣ
ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਲਗਾਉਣ ਨਾਲ ਹੱਥਾਂ-ਪੈਰਾਂ ਦੀ ਜਲਨ ਦੂਰ ਹੋ ਜਾਂਦੀ ਹੈ।

Aarti dhillon

This news is Content Editor Aarti dhillon