Health Tips: ਇਨ੍ਹਾਂ ਕਾਰਨਾਂ ਕਰਕੇ ਜਨਾਨੀਆਂ ਨੂੰ ਵਾਰ-ਵਾਰ ਆ ਸਕਦੇ ਨੇ ‘ਚੱਕਰ’, ਤਾਂ ਹੋ ਜਾਣ ਸਾਵਧਾਨ

07/26/2022 12:41:17 PM

ਜਲੰਧਰ (ਬਿਊਰੋ) - ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੀਆਂ ਜਨਾਨੀਆਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ। ਸਿਹਤ ਨੂੰ ਨਜ਼ਰਅੰਦਾਜ਼ ਕਰਨ ’ਤੇ ਸਿਰਦਰਦ, ਥਕਾਵਟ, ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਨਾਨੀਆਂ ਨੂੰ ਕਮਜ਼ੋਰੀ ਦੇ ਕਰਕੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਿਟਾਮਿਨ ਦੀ ਘਾਟ, ਥਕਾਵਟ, ਨੀਂਦ ਦੀ ਘਾਟ ਜਾਂ ਕਿਸੇ ਗੰਭੀਰ ਬੀਮਾਰੀ ਕਾਰਨ ਵੀ ਚੱਕਰ ਆ ਸਕਦੇ ਹਨ। ਜੇਕਰ ਜਨਾਨੀਆਂ ਨੂੰ ਵਾਰ-ਵਾਰ ਚੱਕਰ ਆਉਂਦੇ ਹਨ ਤਾਂ ਇਸ ਸਮੱਸਿਆ ਨੂੰ ਉਹ ਨਜ਼ਰਅੰਦਾਜ਼ ਨਾ ਕਰਨ, ਕਿਉਂਕਿ ਇਸ ਨਾਲ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ...

ਬਲੱਡ ਪ੍ਰੈਸ਼ਰ ਘੱਟ ਹੋਣ ’ਤੇ
ਜ਼ਿਆਦਾ ਕੰਮ ਕਰਨ ਕਰਕੇ ਕਈ ਵਾਰ ਜਨਾਨੀਆਂ ਦਾ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ, ਜਿਸ ਕਾਰਨ ਚੱਕਰ ਆ ਸਕਦੇ ਹਨ। ਚੱਕਰ ਆਉਣ ਨਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਹਨੇਰਾ, ਕੁਝ ਸਮੇਂ ਲਈ ਬੇਹੋਸ਼ੀ ਅਤੇ ਹੱਥ-ਪੈਰ ਠੰਡੇ ਹੋਣ ਲੱਗਦੇ ਹਨ। ਬਲੱਡ ਪ੍ਰੈਸ਼ਰ ਘੱਟ ਹੋਣ ’ਤੇ ਜਨਾਨੀਆਂ ਨੂੰ ਲੂਣ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਦਵਾਈ ਲੈਣੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਦਵਾਈ ਲਓ।

ਮਾਈਗ੍ਰੇਨ
ਮਾਈਗ੍ਰੇਨ ਅੱਜਕਲ੍ਹ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਇਸਦਾ ਸਭ ਤੋਂ ਵੱਡਾ ਕਾਰਨ ਭੱਜ ਦੌੜ ਜੀਵਨ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ’ਤੇ ਵੱਡੀ ਮਾਤਰਾ ਵਿਚ ਸਿਰ ਦਰਦ ਹੁੰਦਾ ਹੈ, ਜੋ 2 ਤੋਂ 3 ਦਿਨਾਂ ਤੱਕ ਲਗਾਤਾਰ ਰਹਿੰਦਾ ਹੈ। ਇੱਕ ਮਾਈਗ੍ਰੇਨ ਸਿਰ ਦਰਦ ਤੋਂ ਪਹਿਲਾਂ ਜਾਂ ਬਾਅਦ ਚੱਕਰ ਆਉਣੇ ਦਾ ਕਾਰਨ ਬਣਦਾ ਹੈ। 

ਹੀਮੋਗਲੋਬਿਨ ਦੀ ਘਾਟ ਕਾਰਨ
ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਹੋਣ ਕਾਰਨ ਵੀ ਚੱਕਰ ਆ ਸਕਦੇ ਹਨ। ਖ਼ਾਸ ਤੌਰ 'ਤੇ ਇਹ ਸਮੱਸਿਆ ਜਨਾਨੀਆਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹੀਮੋਗਲੋਬਿਨ ਖੂਨ ਨੂੰ ਆਕਸੀਜਨ ਦੇਣ ਦਾ ਕੰਮ ਕਰਦਾ ਹੈ। ਖੂਨ ਵਿੱਚ ਇਸਦੀ ਘਾਟ ਹੋਣ ’ਤੇ ਜਨਾਨੀਆਂ ਅਨੀਮੀਆ ਦਾ ਸ਼ਿਕਾਰ ਹੋ ਸਕਦੀਆਂ ਹਨ। ਰੁਟੀਨ ਵਿੱਚ ਆਇਰਨ ਦੀ ਘਾਟ ਹੋਣ ਕਾਰਨ, ਗਰਭ ਅਵਸਥਾ ਅਤੇ ਪੀਰੀਅਡਸ ਦੌਰਾਨ ਜ਼ਿਆਦਾ ਖੂਨ ਵਗਣ ਨਾਲ ਜਨਾਨੀਆਂ ਦੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਘੱਟ ਹੋ ਸਕਦੀ ਹੈ। ਹੀਮੋਗਲੋਬਿਨ ਦੀ ਘਾਟ ਹੋਣ ’ਤੇ ਸਿਰ ਦਰਦ, ਕਮਜ਼ੋਰੀ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਗਾਜਰ, ਚੁਕੰਦਰ, ਅੰਡੇ ਅਤੇ ਸੁੱਕੇ ਮੇਵੇ ਦਾ ਸੇਵਨ ਕਰ ਸਕਦੇ ਹੋ।

ਵਿਟਾਮਿਨ-ਬੀ12 ਦੀ ਘਾਟ
ਗਰਭ ਅਵਸਥਾ ਅਤੇ ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਦੇ ਕਾਰਨ ਜਨਾਨੀਆਂ ਦੇ ਸਰੀਰ ਵਿੱਚ ਵਿਟਾਮਿਨ-ਬੀ12 ਦੀ ਘਾਟ ਹੋ ਸਕਦੀ ਹੈ। ਇਸ ਸਮੱਸਿਆ ਵਿੱਚ ਤੁਹਾਨੂੰ ਸਰੀਰਕ ਕਮਜ਼ੋਰੀ, ਭੁੱਖ ਘੱਟ ਲੱਗਣਾ, ਕਬਜ਼, ਥਕਾਵਟ ਵਰਗੇ ਲੱਛਣ ਵਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਮੂੰਹ ਵਿੱਚ ਛਾਲੇ, ਚਮੜੀ ਦਾ ਪੀਲਾ ਪੈਣਾ ਅਤੇ ਚੱਲਣ ਵਿੱਚ ਕਮਜ਼ੋਰੀ ਵੀ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਚੱਕਰ ਆ ਸਕਦੇ ਹਨ। ਤੁਸੀਂ ਆਪਣੀ ਰੁਟੀਨ ਵਿੱਚ ਪਸ਼ੂ ਉਤਪਾਦਾਂ ਅਤੇ ਡੇਅਰੀ ਉਤਪਾਦਾਂ ਨੂੰ ਸ਼ਾਮਲ ਕਰਕੇ ਵਿਟਾਮਿਨ-ਬੀ12 ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।

ਕੰਨ 'ਚ ਕਿਸੇ ਤਰ੍ਹਾਂ ਦੀ ਸੱਟ ਜਾਂ ਇਨਫੈਕਸ਼ਨ 
ਜੇਕਰ ਤੁਹਾਡੇ ਕੰਨ 'ਚ ਕਿਸੇ ਤਰ੍ਹਾਂ ਦੀ ਸੱਟ ਜਾਂ ਇਨਫੈਕਸ਼ਨ ਹੈ ਤਾਂ ਤੁਹਾਨੂੰ ਚੱਕਰ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਸਮੱਸਿਆ ਨੂੰ ਵਰਟੀਗੋ ਵੀ ਕਿਹਾ ਜਾਂਦਾ ਹੈ। ਇਹ ਤੁਹਾਨੂੰ ਥੋੜ੍ਹੇ ਜਾਂ ਲੰਬੇ ਸਮੇਂ ਲਈ ਵੀ ਹੋ ਸਕਦੀ ਹੈ। ਵਰਟੀਗੋ ਹੋਣ ’ਤੇ ਤੁਹਾਡੇ ਚਿਹਰੇ 'ਤੇ ਪਸੀਨਾ ਆਉਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਸਿਰ ਦਰਦ ਵਰਗੇ ਲੱਛਣ ਵਿਖਾਈ ਦਿੰਦੇ ਹਨ।
 

 


rajwinder kaur

Content Editor

Related News