ਲਗਾਤਾਰ ਕੁਰਸੀ 'ਤੇ ਬੈਠ ਨੌਕਰੀ ਕਰਨ ਵਾਲੇ ਇੰਝ ਰੱਖਣ ਖ਼ੁਦ ਦਾ ਖਿਆਲ, ਬੀਮਾਰੀਆਂ ਤੋਂ ਰਹੇਗਾ ਬਚਾਅ

01/04/2021 11:52:01 AM

ਨਵੀਂ ਦਿੱਲੀ: ਕੰਮ ਦੇ ਜ਼ਿਆਦਾ ਬੋਝ ਅਤੇ ਇਕ ਦੂਜੇ ਤੋਂ ਅੱਗੇ ਵਧਣ ਦੀ ਦੌੜ ‘ਚ ਲੋਕ ਲੰਬੇ ਸਮੇਂ ਤੱਕ ਕੰਮ ਕਰਦੇ ਹਨ। ਅਜਿਹੇ ‘ਚ ਲਗਾਤਾਰ ਕੁਰਸੀ 'ਤੇ ਬੈਠ ਨੌਕਰੀ ਕਰਨ ਵਾਲੇ ਲੋਕ ਘੰਟਿਆਂ ਤੱਕ ਇਕ ਜਗ੍ਹਾ ‘ਤੇ ਹੀ ਬੈਠੇ ਰਹਿੰਦੇ ਹਨ ਪਰ ਇਸ ਤਰ੍ਹਾਂ ਇਕ ਹੀ ਪੋਜੀਸ਼ਨ ‘ਚ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਭਾਰ ਵਧਣ ਦੇ ਨਾਲ ਸ਼ੂਗਰ, ਬਲੱਡ ਪ੍ਰੈੱਸ਼ਰ, ਓਸਟੀਓਪਰੋਸਿਸ ਯਾਨੀ ਹੱਡੀਆਂ ਨਾਲ ਸਬੰਧਤ ਬੀਮਾਰੀ ਆਦਿ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਡੈਸਕ ਜਾਬ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਟਿਪਸ ਦੱਸਦੇ ਹਾਂ ਜਿਨ੍ਹਾਂ ਦੀ ਪਾਲਣਾ ਕਰਕੇ ਤੁਸੀਂ ਆਪਣੀ ਸਿਹਤ ਦਾ ਵਧੀਆ ਖਿਆਲ ਰੱਖ ਸਕਦੇ ਹੋ।


ਇਸ ਤਰ੍ਹਾਂ ਦੀ ਹੋਵੇ ਤੁਹਾਡੇ ਬੈਠਣ ਦੀ ਜਗ੍ਹਾ: ਦਫ਼ਤਰ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਕਈ ਘੰਟਿਆਂ ਤੱਕ ਕੁਰਸੀ ‘ਤੇ ਬੈਠਣਾ ਪੈਂਦਾ ਹੈ। ਅਜਿਹੇ ‘ਚ ਲੱਕ ਅਤੇ ਗਰਦਨ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਲਈ ਇਸ ਗੱਲ ਦਾ ਖਿਆਲ ਰੱਖੋ ਕਿ ਤੁਹਾਡਾ ਮੇਜ਼ ਉੱਚਾ ਹੋਵੇ। ਇਸ ਨਾਲ ਤੁਹਾਡੇ ਬੈਠਣ ਦੀ ਪੋਜੀਸ਼ਨ ਸਹੀ ਰਹੇਗੀ। ਨਾਲ ਹੀ ਬੀਮਾਰੀਆਂ ਤੋਂ ਬਚਾਅ ਰਹੇਗਾ।


ਕੰਮ ਦੇ ਵਿਚਕਾਰ ਬਰੇਕ ਲਓ: ਰਿਸਰਚ ਦੇ ਅਨੁਸਾਰ ਲੰਬੇ ਸਮੇਂ ਤੱਕ ਇਕ ਜਗ੍ਹਾ ‘ਤੇ ਬੈਠ ਕੇ ਕੰਮ ਕਰਨ ਨਾਲ ਸਿਹਤ ਖਰਾਬ ਹੋ ਸਕਦੀ ਹੈ। ਅਜਿਹੇ ‘ਚ ਜ਼ਰੂਰੀ ਹੈ ਕੰਮ ‘ਚ ਹਰ ਘੰਟੇ ਬਰੇਕ ਲਓ। ਤੁਸੀਂ ਇਸ ਦੌਰਾਨ ਸਟ੍ਰੈਚਿੰਗ ਅਤੇ ਵਾਕਿੰਗ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਆਰਾਮ ਮਿਲੇਗਾ। ਇਸ ਤੋਂ ਇਲਾਵਾ ਅੱਜ ਕੱਲ੍ਹ ਹਰ ਕਿਸੇ ਦਾ ਕੰਮ ਕੰਪਿਊਟਰ ‘ਤੇ ਹੀ ਹੋ ਗਿਆ ਹੈ। ਅਜਿਹੇ ‘ਚ ਕੰਮ ਤੋਂ ਬ੍ਰੇਕ ਲੈ ਕੇ ਅੱਖਾਂ ਨੂੰ ਅਰਾਮ ਦਿਓ। ਇਸ ਦੇ ਲਈ ਕੁਝ ਸਮੇਂ ਲਈ ਆਪਣੀਆਂ ਅੱਖਾਂ ਨੂੰ ਬੰਦ ਕਰੋ। ਜੇ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਪਾਣੀ ਨਾਲ ਧੋ ਵੀ ਸਕਦੇ ਹੋ। ਇਸ ਤੋਂ ਇਲਾਵਾ ਆਪਣੀਆਂ ਹਥੇਲੀਆਂ ਨੂੰ 30 ਸਕਿੰਟ ਲਈ ਆਪਣੀਆਂ ਅੱਖਾਂ ‘ਤੇ ਰੱਖੋ।


ਕੁਰਸੀ ‘ਤੇ ਬੈਠਣ ਦਾ ਸਹੀ ਤਰੀਕਾ: ਕੁਰਸੀ ‘ਤੇ ਬੈਠਣ ਦਾ ਤਰੀਕਾ ਵੀ ਸਿਹਤ ਨੂੰ ਸੁਧਾਰਨ ਅਤੇ ਵਿਗਾੜਨ ਦਾ ਕੰਮ ਕਰਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਕੁਰਸੀ ‘ਤੇ ਬੈਠਣ ‘ਤੇ ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋਵੇ। ਮੋਢੇ ਅੱਗੇ ਵੱਲ ਝੁੱਕਣ ਨਹੀਂ ਬਲਕਿ ਪਿੱਛੇ ਵਾਲੇ ਪਾਸੇ ਹੋਣ। ਇਸ ਤੋਂ ਇਲਾਵਾ ਪੈਰਾਂ ਨੂੰ ਹਵਾ ’ਚ ਰੱਖਣ ਦੀ ਬਜਾਏ ਪੂਰਾ ਪੰਜਾ ਜ਼ਮੀਨ ‘ਤੇ ਟਿਕਾ ਕੇ ਰੱਖੋ। ਇਸ ਨਾਲ ਤੁਹਾਨੂੰ ਕੰਮ ਕਰਨ ’ਚ ਅਸਾਨੀ ਹੋਵੇਗੀ। ਨਾਲ ਹੀ ਤੁਸੀਂ ਸਿਹਤਮੰਦ ਹੋਵੋਗੇ।


ਭਰਪੂਰ ਨੀਂਦ ਲਓ: ਸਰੀਰ ਨੂੰ ਪੂਰੀ ਨੀਂਦ ਮਿਲਣ ਨਾਲ ਹੀ ਚੁਸਤੀ ਅਤੇ ਫੁਰਤੀ ਆਉਂਦੀ ਹੈ। ਨਾਲ ਹੀ ਕੰਮ ਕਰਨ ‘ਤੇ ਥਕਾਵਟ ਮਹਿਸੂਸ ਨਹੀਂ ਹੁੰਦੀ। ਅਜਿਹੇ ‘ਚ ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ। ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਭਰਪੂਰ ਪਾਣੀ ਪੀਓ। ਤੁਸੀਂ ਆਪਣੇ ਡੈਸਕ ਦੇ ਨੇੜੇ ਪਾਣੀ ਦੀ ਬੋਤਲ ਰੱਖ ਸਕਦੇ ਹੋ। ਇਸ ਨਾਲ ਸਰੀਰ ਹਾਈਡ੍ਰੇਟ ਹੋਣ ਦੇ ਨਾਲ ਐਂਰਜੈਟਿਕ ਰਹੇਗਾ। ਜੇ ਤੁਹਾਡੇ ਕੋਲ ਯੋਗਾ ਜਾਂ ਕਸਰਤ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਇਸ ਲਈ ਵਾਕਿੰਗ ਕਰ ਸਕਦੇ ਹੋ। ਤੁਸੀਂ ਸਵੇਰ ਅਤੇ ਸ਼ਾਮ ਨੂੰ 15-15 ਮਿੰਟ ਤੱਕ ਸੈਰ ਕਰ ਸਕਦੇ ਹੋ। ਇਸ ਤੋਂ ਇਲਾਵਾ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨਾ ਵਧੀਆ ਹੋਵੇਗਾ।


ਇਸ ਤਰ੍ਹਾਂ ਦੀ ਹੋਵੇ ਡਾਈਟ: ਸਿਹਤਮੰਦ ਰਹਿਣ ਲਈ ਡਾਈਟ ਦਾ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਡਾਈਟ ‘ਚ ਪ੍ਰੋਟੀਨ, ਵਿਟਾਮਿਨ, ਐਂਟੀ-ਆਕਸੀਡੈਂਟ ਆਦਿ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਦੇ ਲਈ ਰੋਜ਼ਾਨਾ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦਲੀਆ, ਦਾਲ, ਸੁੱਕੇ ਮੇਵੇ, ਸੂਰਜਮੁਖੀ ਦੇ ਬੀਜ, ਚੀਆ ਬੀਜ, ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਨਾਲ ਹੀ ਜ਼ਿਆਦਾ ਮਸਾਲੇਦਾਰ, ਜੰਕ ਫੂਡ ਅਤੇ ਸ਼ਰਾਬ ਪੀਣ ਤੋਂ ਵੀ ਪਰਹੇਜ਼ ਕਰੋ।

Aarti dhillon

This news is Content Editor Aarti dhillon