ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਸਿਹਤ 'ਤੇ ਪੈ ਸਕਦੈ ਭਾਰੀ, ਜਾਣੋ ਨੁਕਸਾਨ ਤੇ ਬਚਣ ਦੇ ਉਪਾਅ ਬਾਰੇ

11/21/2022 5:52:16 PM

ਨਵੀਂ ਦਿੱਲੀ (ਬਿਊਰੋ)- ਸਰਦੀਆਂ ਦਾ ਮੌਸਮ ਆਉਂਦੇ ਹੀ ਲੋਕ ਗਰਮ ਕੱਪੜਿਆਂ ਦੇ ਨਾਲ-ਨਾਲ ਗਰਮ ਪਾਣੀ ਦੀ ਵਰਤੋਂ ਵੀ ਸ਼ੁਰੂ ਕਰ ਦਿੰਦੇ ਹਨ। ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਕੌਣ ਪਸੰਦ ਨਹੀਂ ਕਰਦਾ? ਇਸ ਨਾਲ ਨਾ ਸਿਰਫ ਸਰੀਰ ਦਾ ਆਲਸ ਦੂਰ ਹੁੰਦਾ ਹੈ ਸਗੋਂ ਪੂਰੇ ਦਿਨ ਦੀ ਥਕਾਵਟ ਵੀ ਦੂਰ ਹੁੰਦੀ ਹੈ। ਪਰ ਤੁਹਾਨੂੰ ਕਿੰਨਾ ਵੀ ਮਜ਼ਾ ਆ ਰਿਹਾ ਹੋਵੇ ਪਰ ਗਰਮ ਪਾਣੀ ਨਾਲ ਨਹਾਉਣਾ ਫਾਇਦੇਮੰਦ ਘੱਟ ਅਤੇ ਨੁਕਸਾਨਦੇਹ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਪਾਣੀ ਨੂੰ ਬਹੁਤ ਜ਼ਿਆਦਾ ਗਰਮ ਕਰਕੇ ਮੂੰਹ ਧੋਂਦੇ ਹੋ ਜਾਂ ਨਹਾਉਂਦੇ ਹੋ ਤਾਂ ਇਸ ਨਾਲ ਚਮੜੀ 'ਤੇ ਬਹੁਤ ਜਲਦੀ ਝੁਰੜੀਆਂ ਪੈ ਜਾਂਦੀਆਂ ਹਨ |ਇਸ ਨਾਲ ਸਰੀਰ ਨੂੰ ਹੋਰ ਵੀ ਕਈ ਨੁਕਸਾਨ ਹੋ ਜਾਂਦੇ ਹਨ | ਆਓ ਤੁਹਾਨੂੰ ਦੱਸਦੇ ਹਾਂ ਗਰਮ ਪਾਣੀ ਨਾਲ ਨਹਾਉਣ ਦੇ ਨੁਕਸਾਨ ਬਾਰੇ

ਚਮੜੀ ਦੇ ਸੈੱਲਾਂ ਨੂੰ ਹੁੰਦਾ ਹੈ ਨੁਕਸਾਨ 

ਮਾਹਰਾਂ ਅਨੁਸਾਰ ਗਰਮ ਪਾਣੀ ਨਾਲ ਕਿਰੇਟਿਨ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ 'ਚੋਂ ਮੋਇਸਚਰਾਈਜ਼ਰ ਖ਼ਤਮ ਹੋ ਜਾਂਦਾ ਹੈ ਅਤੇ ਚਮੜੀ ਦੀ ਚਮਕ ਘੱਟ ਜਾਂਦੀ ਹੈ। ਇਸ ਨਾਲ ਸਰੀਰ ਵਿੱਚ ਲਾਲੀ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਚਮੜੀ ਦੇ ਪੋਰਸ ਵੱਡੇ ਹੋ ਜਾਂਦੇ ਹਨ

ਮਾਹਿਰਾਂ ਅਨੁਸਾਰ ਬਹੁਤ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਦੇ ਪੋਰਸ ਵੀ ਵੱਡੇ ਹੋ ਜਾਂਦੇ ਹਨ, ਜਿਸ ਕਾਰਨ ਚਮੜੀ ਦੇ ਅੰਦਰ ਧੂੜ ਅਤੇ ਮਿੱਟੀ ਬਹੁਤ ਆਸਾਨੀ ਨਾਲ ਚਲੀ ਜਾਂਦੀ ਹੈ, ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਚਮੜੀ ਹੋ ਜਾਂਦੀ ਹੈ ਖਰਾਬ 

ਗਰਮ ਪਾਣੀ ਚਮੜੀ ਦੀ ਕੁਦਰਤੀ ਨਮੀ ਨੂੰ ਖ਼ਤਮ ਕਰਦਾ ਹੈ ਅਤੇ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਸਰੀਰ ਵਿੱਚ ਰੈਸ਼ੇਜ਼, ਐਗਜ਼ਿਮਾ, ਮੁਹਾਸੇ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ : ਸਰਦੀ-ਜ਼ੁਕਾਮ ਤੇ ਢਿੱਡ ਦਰਦ ਤੋਂ ਰਾਹਤ ਦਿਵਾਉਂਦੀ ਹੈ 'ਲੌਂਗਾਂ ਦੀ ਚਾਹ', ਜਾਣੋ ਹੋਰ ਵੀ ਲਾਜਵਾਬ ਫਾਇਦੇ

ਅੱਖਾਂ ਹੁੰਦੀਆਂ ਹਨ ਕਮਜ਼ੋਰ 

ਗਰਮ ਪਾਣੀ ਨਾਲ ਨਹਾਉਣ ਨਾਲ ਅੱਖਾਂ 'ਤੇ ਅਸਰ ਪੈਂਦਾ ਹੈ। ਇਸ ਨਾਲ ਅੱਖਾਂ ਦੀ ਨਮੀ ਘੱਟ ਹੋ ਸਕਦੀ ਹੈ। ਇਸ ਕਾਰਨ ਅੱਖਾਂ 'ਚ ਲਾਲੀ, ਖਾਰਸ਼ ਅਤੇ ਵਾਰ-ਵਾਰ ਪਾਣੀ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅੱਖਾਂ ਦੇ ਆਲੇ ਦੁਆਲੇ ਦੀ ਚਮੜੀ 'ਤੇ ਝੁਰੜੀਆਂ ਹੋ ਸਕਦੀਆਂ ਹਨ। ਗਰਮ ਜਾਂ ਠੰਡੇ ਪਾਣੀ ਦੀ ਬਜਾਏ ਸਾਧਾਰਨ ਪਾਣੀ ਨਾਲ ਇਸ਼ਨਾਨ ਕਰਨਾ ਬਿਹਤਰ ਹੋਵੇਗਾ।

ਬਲੱਡ ਪ੍ਰੈਸ਼ਰ ਵਧਦਾ ਹੈ

ਬਹੁਤ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਦਾ ਖੂਨ ਸੰਚਾਰ ਬਹੁਤ ਤੇਜ਼ ਹੋ ਜਾਂਦਾ ਹੈ, ਜਿਸ ਨਾਲ ਬਾਅਦ ਵਿਚ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।

ਗਰਮ ਪਾਣੀ ਨਾਲ ਨਹਾਉਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਦੇ ਤਰੀਕੇ 

* ਜ਼ਿਆਦਾ ਗਰਮ ਪਾਣੀ ਦੀ ਜਗ੍ਹਾ ਕੋਸੇ ਪਾਣੀ ਨਾਲ ਨਹਾਓ।
* ਪਾਣੀ ਦਾ ਤਾਪਮਾਨ 45 ਡਿਗਰੀ ਤੋਂ ਵੱਧ ਨਾ ਹੋਵੇ।
* ਗਰਮ ਪਾਣੀ ਨਾਲ ਅੱਧੇ ਘੰਟੇ ਤੋਂ ਵੱਧ ਨਾ ਨਹਾਓ।
* ਬੱਚਿਆਂ ਦੇ ਨਹਾਉਣ ਲਈ ਪਾਣੀ ਦਾ ਟੈਂਪਰੇਚਰ 37-38 ਡਿਗਰੀ ਤੋਂ ਵੱਧ ਨਾ ਹੋਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh