ਗਰਭ ਨਿਰੋਧਕ ਦਵਾਈਆਂ ਨਾਲ ਜੁੜੀਆਂ ਕੁਝ ਗੱਲਾਂ ਜਾਣਨਾ ਹੈ ਜ਼ਰੂਰੀ

01/19/2018 1:04:23 PM

ਨਵੀਂ ਦਿੱਲੀ— ਔਰਤਾਂ ਨੂੰ ਅਕਸਰ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਹ ਚਿੰਤਾ ਸਤਾਉਂਦੀ ਹੈ ਕਿ ਕਿਤੇ ਉਹ ਛੇਤੀ ਹੀ ਮੁੜ ਗਰਭਵਤੀ ਨਾ ਹੋ ਜਾਣ। ਇਸ ਲਈ ਉਹ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਗਰਭ-ਨਿਰੋਧਕ ਗੋਲੀਆਂ। ਬਹੁਤ ਸਾਰੀਆਂ ਔਰਤਾਂ ਅਣਚਾਹੀ ਪ੍ਰੈਗਨੈਂਸੀ ਤੋਂ ਦੂਰ ਰਹਿਣ ਲਈ ਇਨ੍ਹਾਂ ਗੋਲੀਆਂ ਦਾ ਸੇਵਨ ਕਰਦੀਆਂ ਹਨ। ਅਜਿਹੀਆਂ ਔਰਤਾਂ ਦੀ ਵੀ ਗਿਣਤੀ ਘੱਟ ਨਹੀਂ ਹੈ ਜੋ ਇਨ੍ਹਾਂ ਨੂੰ ਖਾਣ ਤੋਂ ਡਰਦੀਆਂ ਹਨ ਕਿਉਂਕਿ ਇਨ੍ਹਾਂ ਦਵਾਈਆਂ ਨਾਲ ਜੁੜੀਆਂ ਬਹੁਤ ਸਾਰੀਆਂ ਧਾਰਨਾਵਾਂ ਅਜਿਹੀਆਂ ਹਨ ਜੋ ਔਰਤਾਂ ਨੂੰ ਇਨ੍ਹਾਂ ਦਾ ਸੇਵਨ ਕਰਨ ਤੋਂ ਰੋਕਦੀਆਂ ਹਨ।
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਦਵਾਈਆਂ ਨਾਲ ਸਰੀਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਜਕੜ ਜਾਂਦਾ ਹੈ। ਮੋਟਾਪਾ, ਹਾਰਮੋਨਲ ਪ੍ਰਾਬਲਮਸ, ਪੀਰੀਅਡਸ ਵਿਚ ਗੜਬੜੀ ਆਦਿ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਇਹ ਗਰਭ-ਨਿਰੋਧਕ ਗੋਲੀਆਂ ਹੁੰਦੀਆਂ ਹਨ।
ਇਨ੍ਹਾਂ ਦਵਾਈਆਂ ਨਾਲ ਜੁੜੀਆਂ ਗਲਤ ਧਾਰਨਾਵਾਂ
ਹਰ ਚੀਜ਼ ਦਾ ਫਾਇਦਾ ਅਤੇ ਨੁਕਸਾਨ ਦੋਵੇਂ ਹੀ ਹੁੰਦੇ ਹਨ। ਲੋਕਾਂ ਦੀ ਵੀ ਇਨ੍ਹਾਂ ਦਵਾਈਆਂ ਨਾਲ ਜੁੜੀਆਂ ਆਪੋ-ਆਪਣੀਆਂ ਧਾਰਨਾਵਾਂ ਹਨ। ਸਿਹਤ ਦੇ ਹਿਸਾਬ ਨਾਲ ਇਹ ਦਵਾਈਆਂ ਸਹੀ ਹਨ ਜਾਂ ਨਹੀਂ, ਇਸ ਗੱਲ ਦੀ ਜਾਣਕਾਰੀ ਚੰਗੇ ਮਾਹਰ ਤੋਂ ਲਓ ਕਿਉਂਕਿ ਇਨ੍ਹਾਂ ਦਵਾਈਆਂ ਵਿਚ ਤੁਹਾਨੂੰ ਬਹੁਤ ਸਾਰੀਆਂ ਕਿਸਮਾਂ ਮਿਲਣਗੀਆਂ ਜੋ ਫਾਇਦਾ ਅਤੇ ਨੁਕਸਾਨ ਦੋਵੇਂ ਹੀ ਪਹੁੰਚਾ ਸਕਦੀਆਂ ਹਨ।
1. ਮੋਟਾਪਾ
ਬਰਥ ਕੰਟਰੋਲ ਹੋਵੇ ਜਾਂ ਫਿਰ ਕੋਈ ਹੋਰ ਦਵਾਈ, ਇਸ ਦੇ ਕਾਰਨ ਹੋਣ ਵਾਲਾ ਮੋਟਾਪਾ ਹਾਰਮੋਨਲ ਲੈਵਲ 'ਤੇ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਹਰ ਵਿਅਕਤੀ ਦੀ ਸਰੀਰਕ ਬਨਾਵਟ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ, ਉਸੇ ਤਰ੍ਹਾਂ ਹਾਰਮੋਨ ਲੈਵਲ ਵੀ ਵੱਖ ਹੁੰਦਾ ਹੈ। ਜ਼ਰੂਰੀ ਨਹੀਂ ਕਿ ਜੋ ਪਿਲਸ ਖਾਣ ਨਾਲ ਇਕ ਵਿਅਕਤੀ ਦਾ ਭਾਰ ਵਧਦਾ ਹੈ ਤਾਂ ਦੂਜੇ ਵਿਅਕਤੀ ਨੂੰ ਵੀ ਓਹੀ ਪ੍ਰੇਸ਼ਾਨੀ ਹੋਵੇ। ਗੋਲੀ ਖਾਣ ਨਾਲ ਤੁਹਾਡਾ ਭਾਰ ਵਧੇਗਾ ਜਾਂ ਨਹੀਂ, ਇਹ ਤੁਹਾਡੇ ਸਰੀਰ 'ਤੇ ਨਿਰਭਰ ਕਰਦਾ ਹੈ। ਇਸ ਲਈ ਡਾਕਟਰੀ ਸਲਾਹ ਜ਼ਰੂਰੀ ਹੈ।
2. ਬਾਂਝਪਨ ਦੀ ਸਮੱਸਿਆ
ਇਹ ਗੱਲ ਸ਼ਾਇਦ ਹਰ ਔਰਤ ਨੂੰ ਪ੍ਰੇਸ਼ਾਨ ਕਰਦੀ ਹੈ ਕਿ ਕਿਤੇ ਦਵਾਈਆਂ ਦਾ ਸੇਵਨ ਕਰਨ ਨਾਲ ਉਸ ਨੂੰ ਅੱਗੇ ਜਾ ਕੇ ਬਾਂਝਪਨ ਦੀ ਸਮੱਸਿਆ ਤਾਂ ਨਹੀਂ ਹੋ ਜਾਵੇਗੀ। ਇਸ ਦੇ ਸੇਵਨ ਲਈ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ, ਜਦੋਂ ਕਿ ਇਸ ਦੇ ਪਿੱਛੇ ਕਾਰਨ ਇਹ ਮੰਨਿਆ ਜਾਂਦਾ ਹੈ ਕਿ 30 ਸਾਲ ਦੀ ਉਮਰ ਤੋਂ ਘੱਟ ਵਿਚ ਇਹ ਸਮੱਸਿਆ ਨਹੀਂ ਹੁੰਦੀ ਸਗੋਂ ਜਿਵੇਂ-ਜਿਵੇਂ ਉਮਰ ਵਧਦੀ ਹੈ, ਗਰਭ ਧਾਰਨ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ।
3. ਕੈਂਸਰ ਦਾ ਕਾਰਨ
ਕੈਂਸਰ ਇਕ ਜਾਨ-ਲੇਵਾ ਰੋਗ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਗਰਭ-ਨਿਰੋਧਕ ਗੋਲੀਆਂ ਹੀ ਇਸ ਦਾ ਕਾਰਨ ਬਣਦੀਆਂ ਹਨ। ਇਸੇ ਕਾਰਨ ਕੁਝ ਔਰਤਾਂ ਗੋਲੀਆਂ ਦੀ ਥਾਂ ਦੂਜੇ ਤਰੀਕੇ ਵੀ ਅਪਣਾਉਂਦੀਆਂ ਹਨ ਜੋ ਭਵਿੱਖ ਵਿਚ ਪ੍ਰੈਗਨੈਂਸੀ ਵਿਚ ਰੁਕਾਵਟ ਬਣ ਸਕਦੇ ਹਨ।
4. ਗਰਭਪਾਤ
ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਗਰਭ-ਨਿਰੋਧਕ ਗੋਲੀਆਂ ਖਾਣ ਨਾਲ ਗਰਭਪਾਤ ਦਾ ਖਤਰਾ ਹੋ ਸਕਦਾ ਹੈ। ਜੇ ਔਰਤ ਪਹਿਲਾਂ ਤੋਂ ਹੀ ਗਰਭਵਤੀ ਹੋ ਚੁੱਕੀ ਹੈ ਤਾਂ ਗੋਲੀਆਂ ਕੋਈ ਪ੍ਰਭਾਵ ਨਹੀਂ ਪਾ ਸਕਣਗੀਆਂ। ਇਸ ਲਈ ਇਸ ਦਾ ਸੇਵਨ ਬੰਦ ਕਰ ਦਿਓ।


ਡਾਕਟਰ ਤੋਂ ਸਲਾਹ ਜ਼ਰੂਰ ਲਓ
ਪਿਲਸ ਲੈਣ ਤੋਂ ਪਹਿਲਾਂ ਇਕ ਵਾਰ ਡਾਕਟਰੀ ਸਲਾਹ ਜ਼ਰੂਰ ਲਓ ਤਾਂ ਕਿ ਇਸ ਨਾਲ ਅੱਗੇ ਜਾ ਕੇ ਤੁਹਾਨੂੰ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ।