ਬੱਚਿਆਂ ਨੂੰ ਜੂਸ ਪਿਆਉਣਾ ਖਤਰਨਾਕ!

09/02/2019 4:51:01 PM

ਨਵੀਂ ਦਿੱਲੀ  (ਸਾ.ਟਾ.) : ਫਰੂਟ ਜੂਸ ਪੀਣਾ ਭਲਾ ਕਿਸ ਨੂੰ ਪਸੰਦ ਨਹੀਂ। ਇਸ ਨਾਲ ਨਾ ਸਿਰਫ ਜ਼ਰੂਰੀ ਪੋਸ਼ਕ ਤੱਤ ਸਰੀਰ ਨੂੰ ਮਿਲਦੇ ਹਨ, ਸਗੋਂ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੇ ਬੱਚਿਆਂ ਨੂੰ ਫਰੂਟ ਜੂਸ ਬਿਲਕੁਲ ਵੀ ਨਹੀਂ ਦੇਣਾ ਚਾਹੀਦਾ ਹੈ, ਫਿਰ ਭਾਵੇਂ ਉਹ ਤਾਜ਼ਾ ਹੋਵੇ ਜਾਂ ਫਿਰ ਪੈਕਡ ਜੂਸ। ਖਾਸ ਕਰ ਕੇ 2 ਤੋਂ 18 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਫਰੂਟ ਜੂਸ ਜਾਂ ਫਰੂਟ ਡਰਿੰਕਸ ਪੀਣ ਤੋਂ ਰੋਕਣਾ ਚਾਹੀਦਾ ਹੈ। ਇੰਡੀਅਨ ਅਕੈਡਮੀ ਆਫ ਪੀਡਿਆਟ੍ਰਿਕਸ (ਆਈ. ਏ. ਪੀ.) ਦੇ ਨਿਊਟ੍ਰੀਸ਼ਨ ਚੈਪਟਰ ਵਲੋਂ ਬਣਾਏ ਗਏ ਰਾਸ਼ਟਰੀ ਸਲਾਹਕਾਰ ਸਮੂਹ ਯਾਨੀ ਨੈਸ਼ਨਲ ਕੰਸਲਟੇਟਿਵ ਗਰੁੱਪ ਨੇ ਹਾਲ ਹੀ ’ਚ ਫਾਸਟ ਐਂਡ ਜੰਕ ਫੂਡਸ, ਸ਼ੂਗਰ ਸਵੀਟੰਡ ਬਿਵਰੇਜਿਜ਼ ਅਤੇ ਐਨਰਜੀ ਡਰਿੰਕਸ ਨੂੰ ਲੈ ਕੇ ਤਾਜ਼ਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਨ੍ਹਾਂ ’ਚ ਕਿਹਾ ਗਿਆ ਹੈ ਕਿ ਛੋਟੇ ਬੱਚਿਆਂ ਨੂੰ ਫਰੂਟ ਜੂਸ ਦੇਣ ਦੀ ਬਜਾਏ ਮੌਸਮੀ ਫਲ ਖੁਆਉਣੇ ਚਾਹੀਦੇ ਹਨ।

ਭਾਰਤੀ ਬੱਚਿਆਂ ’ਚ ਅਜਿਹੀ ਚੀਜ਼ਾਂ ਦੀ ਖਪਤ ਜ਼ਿਆਦਾ ਇਸ ਲਈ ਹੈ ਕਿਉਂਕਿ ਇਹ ਆਸਾਨੀ ਨਾਲ ਮਿਲ ਜਾਂਦੀਆਂ ਹਨ, ਜੇਕਰ ਮਾਤਾ-ਪਿਤਾ ਆਪਣਾ ਕੰਮ-ਕਾਜ ਕਰਦੇ ਹਨ ਜਾਂ ਨੌਕਰੀ ਕਰਦੇ ਹਨ ਤਾਂ ਵੀ ਉਸ ਹਾਲਤ ’ਚ ਪ੍ਰੋਸੈੱਸਡ ਫੂਡਸ ਅਤੇ ਡਰਿੰਕਸ ਇਕ ਤਰ੍ਹਾਂ ਨਾਲ ਵਰਦਾਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਆਕਰਸ਼ਕ ਪੈਕੇਜਿੰਗ ’ਚ ਪਰੋਸਿਆ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਬੱਚੇ ਇਨ੍ਹਾਂ ਵੱਲ ਜ਼ਿਆਦਾ ਆਕਰਸ਼ਤ ਹੁੰਦੇ ਹਨ।

ਕਿੰਨਾ ਜੂਸ ਦੇ ਸਕਦੇ ਹਾਂ?
ਜੇਕਰ ਬੱਚਿਆਂ ਨੂੰ ਫਰੂਟ ਜੂਸ ਜਾਂ ਫਿਰ ਫਰੂਟ ਡਰਿੰਕਸ ਦਿੱਤੇ ਵੀ ਜਾਂਦੇ ਹਨ ਤਾਂ ਉਸ ਦੀ ਮਾਤਰਾ 2 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰਤੀ ਦਿਨ 125 ਐੱਮ. ਐੱਲ. ਯਾਨੀ ਅੱਧਾ ਕੱਪ ਹੋਣੀ ਚਾਹੀਦੀ ਹੈ, ਜਦੋਂ ਕਿ 5 ਸਾਲ ਤੋਂ ਜ਼ਿਆਦਾ ਉਮਰ ਵਾਲੇ ਬੱਚਿਆਂ ਨੂੰ ਇਕ ਕੱਪ ਯਾਨੀ ਪ੍ਰਤੀ ਦਿਨ 250 ਐੱਮ. ਐੱਲ. ਦੇ ਹਿਸਾਬ ਨਾਲ ਫਰੂਟ ਜੂਸ ਦੇਣਾ ਚਾਹੀਦਾ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ’ਚ ਸੀਨੀਅਰ ਪੀਡਿਐਟ੍ਰੀਸ਼ਨ ਡਾ. ਹੇਮਾ ਗੁਪਤਾ ਮਿੱਤਲ, ਜੋ ਕਿ ਇਸ ਸਲਾਹਾਕਰ ਸਮੂਹ ਯਾਨੀ ਕੰਸਲਟੇਟਿਵ ਗਰੁੱਪ ਦਾ ਵੀ ਹਿੱਸਾ ਹਨ, ਨੇ ਕਿਹਾ, ‘‘ਬੱਚਿਆਂ ਨੂੰ ਦੱਸੀ ਗਈ ਮਾਤਰਾ ’ਚ ਦਿੱਤਾ ਜਾਣ ਵਾਲਾ ਫਰੂਟ ਜੂਸ ਇਕਦਮ ਤਾਜ਼ਾ ਹੋਣਾ ਚਾਹੀਦਾ ਹੈ। ਚਾਹੇ ਫਲਾਂ ਦਾ ਜੂਸ ਤਾਜ਼ਾ ਹੋਵੇ ਜਾਂ ਫਿਰ ਡੱਬਾ ਬੰਦ, ਇਨ੍ਹਾਂ ’ਚ ਸ਼ੂਗਰ ਦੀ ਮਾਤਰਾ ਤਾਂ ਜਿਆਦਾ ਹੁੰਦੀ ਹੀ ਹੈ, ਨਾਲ ਹੀ ਕੈਲੋਰੀ ਵੀ ਜ਼ਿਆਦਾ ਹੁੰਦੀ ਹੈ। ਉਥੇ ਹੀ ਫਲ ਮਾਸਪੇਸ਼ੀਆਂ ਦੇ ਵਿਕਾਸ ’ਚ ਮਦਦ ਕਰਦੇ ਹਨ ਅਤੇ ਦੰਦਾਂ ਦੀ ਸਿਹਤ ਲਈ ਵੀ ਜ਼ਰੂਰੀ ਹਨ।’’

ਚਾਹ-ਕੌਫ਼ੀ ਕਿੰਨੀ ਮਾਤਰਾ ’ਚ?
ਉਥੇ ਹੀ ਅਜਿਹੇ ਕੈਫੀਨ ਯੁਕਤ ਡਰਿੰਕਸ ’ਤੇ ਜਾਰੀ ਕੀਤੇ ਗਏ ਆਈ. ਏ. ਪੀ . ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਬੋਨੇਟਿਡ ਡਰਿੰਕਸ ਜਿਵੇਂ ਕਿ ਚਾਹ ਅਤੇ ਕੌਫ਼ੀ ਤੋਂ ਬਿਲਕੁੱਲ ਦੂਰ ਰਹਿਣਾ ਚਾਹੀਦਾ ਹੈ। ਸਕੂਲ ਜਾਣ ਵਾਲੇ ਬੱਚਿਆਂ ਅਤੇ ਅੱਲ੍ਹੜ ਉਮਰ ਦੇ ਬੱਚਿਆਂ ਦੀ ਗੱਲ ਕਰੀਏ ਤਾਂ 5 ਤੋਂ 9 ਸਾਲ ਦੇ ਬੱਚਿਆਂ ਲਈ ਚਾਹ ਜਾਂ ਕੌਫ਼ੀ ਦੀ ਮਾਤਰਾ ਪ੍ਰਤੀ ਦਿਨ ਅੱਧਾ ਕੱਪ ਰਹਿਣੀ ਚਾਹੀਦੀ ਹੈ, ਜਦੋਂ ਕਿ 10 ਤੋਂ 18 ਸਾਲ ਦੇ ਬੱਚਿਆਂ ਲਈ ਪ੍ਰਤੀ ਦਿਨ 1 ਕੱਪ ਚਾਹ ਜਾਂ ਕੌਫ਼ੀ ਦੇਣੀ ਚਾਹੀਦੀ ਹੈ। ਬਸ਼ਰਤੇ ਉਨ੍ਹਾਂ ਨੂੰ ਕੈਫੀਨ ਯੁਕਤ ਹੋਰ ਕੋਈ ਚੀਜ਼ ਨਾ ਦਿੱਤੀ ਜਾਵੇ।

ਕੀ ਹੋ ਸਕਦੀਆਂ ਹਨ ਦਿੱਕਤਾਂ?
ਆਈ. ਏ. ਪੀ. ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਇਸ ਖੁਰਾਕੀ ਪਦਾਰਥਾਂ ਅਤੇ ਡਰਿੰਕਸ ਦਾ ਸਿੱਧਾ ਸਬੰਧ ਹਾਈ ਬਾਡੀ ਮਾਸ ਇੰਡੈਕਸ ਨਾਲ ਹੁੰਦਾ ਹੈ ਅਤੇ ਬੱਚਿਆਂ ’ਚ ਹਾਰਟ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕੈਫੀਨ ਯੁਕਤ ਡਰਿੰਕਸ ਪੀਣ ਨਾਲ ਨੀਂਦ ਆਉਣ ’ਚ ਮੁਸ਼ਕਿਲ ਹੋਣ ਲੱਗਦੀ ਹੈ। ਭਾਰਤੀ ਬੱਚਿਆਂ ’ਚ ਫਾਸਟ ਫੂਡ ਅਤੇ ਸ਼ੂਗਰ ਸਵੀਟੰਡ ਬਿਵਰੇਜਿਜ਼ ਦੀ ਖਪਤ ’ਚ ਵਾਧੇ ਨੂੰ ਵੇਖਦਿਆਂ ਇਹ ਦਿਸ਼ਾ-ਨਿਰਦੇਸ਼ ਕਾਫੀ ਮਹੱਤਵਪੂਰਣ ਹਨ। ਬੀਤੀ 13 ਅਗਸਤ ਨੂੰ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਯਾਨੀ ਸੀ. ਐੱਸ. ਈ. ਵਲੋਂ ਕੀਤੇ ਗਏ ਇਕ ਸਰਵੇ ਮੁਤਾਬਕ, 9 ਤੋਂ 14 ਸਾਲ ਦੇ 200 ਬੱਚਿਆਂ ’ਚੋਂ 93 ਫੀਸਦੀ ਅਜਿਹੇ ਬੱਚੇ ਸਨ ਜੋ ਹਫਤੇ ’ਚ ਇਕ ਵਾਰ ਤੋਂ ਜ਼ਿਆਦਾ ਪੈਕੇਜਡ ਜਾਂ ਪ੍ਰੋਸੈਸਡ ਫੂਡ ਆਈਟਮਸ ਖਾਂਦੇ ਹਨ ਉਥੇ ਹੀ 68 ਫੀਸਦੀ ਬੱਚੇ ਅਜਿਹੇ ਸਨ ਜੋ ਇਸ ਟਾਈਮ ਪੀਰੀਅਡ ’ਚ ਪੈਕੇਜਡ ਸ਼ੂਗਰ ਸਵੀਟੰਡ ਬਿਵਰੇਜਿਜ਼ ਦਾ ਸੇਵਨ ਕਰਦੇ ਹਨ। ਉਥੇ ਹੀ 53 ਫੀਸਦੀ ਅਜਿਹੇ ਬੱਚਿਆਂ ਦਾ ਵੀ ਅੰਕੜਾ ਸੀ ਜੋ ਘੱਟ ਤੋਂ ਘੱਟ ਦਿਨ ’ਚ ਇਕ ਵਾਰ ਇਹ ਚੀਜ਼ਾਂ ਖਾਂਦੇ ਹਨ। ਐਕਸਪਰਟਸ ਦਾ ਮੰਨਣਾ ਹੈ ਕਿ ਇਸ ਦੀ ਵਜ੍ਹਾ ਨਾਲ ਬੱਚਿਆਂ ’ਚ ਹਾਈ ਬਲੱਡ ਪ੍ਰੈਸ਼ਰ, ਹਾਰਟ ਸਬੰਧੀ ਪ੍ਰੇਸ਼ਾਨੀਆਂ, ਡੈਂਟਲ ਹੈਲਥ ਇਸ਼ੂਜ਼ ਅਤੇ ਬਿਹੇਵੀਅਰਲ ਚੇਂਜਿਜ਼ ਬਹੁਤ ਜ਼ਿਆਦਾ ਹੋਣ ਲੱਗੇ ਹਨ।


 

Anuradha

This news is Content Editor Anuradha