ਜੇਕਰ ਤੁਸੀਂ ਵੀ ਖਾਂਦੇ ਹੋ ਨੀਂਦ ਦੀਆਂ ਗੋਲੀਆਂ, ਤਾਂ ਹੋ ਜਾਓ ਸਾਵਧਾਨ, ਜਾਨਲੇਵਾ ਹੈ ਤੁਹਾਡੀ ਇਹ ਆਦਤ

04/13/2024 2:10:04 PM

ਨਵੀਂ ਦਿੱਲੀ : ਵਰਤਮਾਨ ਸਮੇਂ 'ਚ ਭੱਜ-ਦੌੜ ਤੇ ਤਣਾਅ ਭਰੀ ਜ਼ਿੰਦਗੀ 'ਚ ਸਕੂਨ ਦੀ ਨੀਂਦ ਪੂਰੀ ਕਰਨਾ ਬਹੁਤ ਮੁਸ਼ਕਲ ਜਾਪਦਾ ਹੈ। ਬਿਜ਼ੀ ਲਾਈਫਸਟਾਈਲ ਤਣਾਅ ਕਾਰਨ ਅਕਸਰ ਲੋਕ ਅਨਿੰਦਰਾ ਦੀ ਸਮੱਸਿਆਵਾ ਦਾ ਸਾਹਮਣਾ ਕਰਦੇ ਹਨ। ਅਜਿਹੇ ’ਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਸੌਣ ਲਈ ਨੀਂਦ ਦੀਆਂ ਗੋਲੀਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਕਈ ਲੋਕ ਰਾਤ ਨੂੰ ਨੀਂਦ ਪੂਰੀ ਕਰਨ ਲਈ ਹਰ ਰੋਜ਼ ਨੀਂਦ ਦੀਆਂ ਗੋਲੀਆਂ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਿਯਮਿਤ ਤੌਰ ’ਤੇ ਨੀਂਦ ਦੀਆਂ ਗੋਲੀਆਂ ਖਾਣ ਨਾਲ ਤੁਹਾਡੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ? ਜੇ ਤੁਸੀਂ ਵੀ ਉਨ੍ਹਾਂ ਲੋਕਾਂ ’ਚ ਹੋ ਜੋ ਨੀਂਦ ਲੈਣ ਲਈ ਰੋਜ਼ਾਨਾ ਨੀਂਦ ਦੀਆਂ ਗੋਲੀਆਂ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਨੀਂਦ ਦੀਆਂ ਗੋਲੀਆਂ ਦਾ ਲਗਾਤਾਰ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਸੌਣ ਲਈ ਨੀਂਦ ਦੀਆਂ ਗੋਲੀਆਂ ਖਾਣ ਦੇ ਨੁਕਸਾਨ

ਕੋਮਾ 'ਚ ਜਾਣ ਦਾ ਖ਼ਤਰਾ

ਜੇ ਤੁਸੀਂ ਰੋਜ਼ਾਨਾ ਜ਼ਿਆਦਾ ਨੀਂਦ ਦੀਆਂ ਗੋਲੀਆਂ ਖਾ ਰਹੇ ਹੋ ਤਾਂ ਤੁਸੀਂ ਕੋਮਾ ’ਚ ਜਾ ਸਕਦੇ ਹੋ। ਦਰਅਸਲ ਲਗਾਤਾਰ ਜ਼ਿਆਦਾ ਗੋਲੀਆਂ ਲੈਣ ਨਾਲ ਕੋਮਾ ’ਚ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਅੱਜ ਤੋਂ ਹੀ ਸੌਣ ਲਈ ਨੀਂਦ ਦੀਆਂ ਗੋਲੀਆਂ ਖਾਣਾ ਛੱਡੋ।

ਯਾਦਦਾਸ਼ਤ ਹੋ ਜਾਂਦੀ ਹੈ ਕਮਜ਼ੋਰ

ਲੰਬੇ ਸਮੇਂ ਤਕ ਨੀਂਦ ਦੀਆਂ ਗੋਲੀਆਂ ਲੈਣ ਨਾਲ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਤੌਰ ’ਤੇ ਵੀ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ। ਦਰਅਸਲ ਰੋਜ਼ਾਨਾ ਨੀਂਦ ਦੀਆਂ ਗੋਲੀਆਂ ਖਾਣ ਨਾਲ ਤੁਹਾਡੇ ਦਿਮਾਗ ’ਤੇ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ।

ਨਰਵਸ ਸਿਸਟਮ 'ਤੇ ਪੈਂਦਾ ਹੈ ਬੁਰਾ ਅਸਰ

ਨੀਂਦ ਦੀਆਂ ਗੋਲੀਆਂ ਦਾ ਲਗਾਤਾਰ ਸੇਵਨ ਤੁਹਾਡੇ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜੇ ਤੁਸੀਂ ਨਿਯਮਿਤ ਤੌਰ ’ਤੇ ਨੀਂਦ ਦੀਆਂ ਗੋਲੀਆਂ ਦਾ ਸੇਵਨ ਕਰ ਰਹੇ ਹੋ, ਤਾਂ ਇਸ ਕਾਰਨ ਤੁਹਾਡੀ ਦਿਮਾਗੀ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਨਰਵਸ ਸਿਸਟਮ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। 

ਸਾਹ ਦੀ ਸਮੱਸਿਆ

ਨੀਂਦ ਦੀਆਂ ਗੋਲੀਆਂ ਦਾ ਸੇਵਨ ਉਨ੍ਹਾਂ ਲੋਕਾਂ ਲਈ ਵੀ ਬਹੁਤ ਨੁਕਸਾਨਦਾਇਕ ਹੁੰਦਾ ਹੈ, ਜਿਨ੍ਹਾਂ ਨੂੰ ਸੌਂਦੇ ਸਮੇਂ ਘੁਰਾੜੇ ਮਾਰਨ ਦੀ ਆਦਤ ਹੁੰਦੀ ਹੈ। ਦਰਅਸਲ ਜੇ ਤੁਸੀਂ ਨੀਂਦ ਦੀਆਂ ਗੋਲੀਆਂ ਖਾਂਦੇ ਹੋ, ਤਾਂ ਕਈ ਵਾਰ ਸਾਹ ਰੁਕ ਜਾਂਦਾ ਹੈ, ਜੋ ਤੁਹਾਡੇ ਲਈ ਘਾਤਕ ਹੋ ਸਕਦਾ ਹੈ।

ਇਹ ਵੀ ਪੜ੍ਹੋ : ਗਰਮੀਆਂ 'ਚ ਅੰਮ੍ਰਿਤ ਹੈ ਲੌਕੀ ਦਾ ਜੂਸ, ਪੀਣ ਨਾਲ ਮਿਲਦੇ ਹਨ ਕਈ ਹੈਰਾਨੀਜਨਕ ਫਾਇਦੇ

ਦਿਲ ਨੂੰ ਖਤਰਾ

ਨੀਂਦ ਦੀਆਂ ਦਵਾਈਆਂ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਦੇ ਦੌਰੇ ਦਾ ਖਤਰਾ ਵੀ ਕਾਫੀ ਵੱਧ ਜਾਂਦਾ ਹੈ। ਨੀਂਦ ਦੀਆਂ ਗੋਲੀਆਂ ਵਿੱਚ ਮੌਜੂਦ ਜੋਪੀਡੇਮ ਨਾਮਕ ਤੱਤ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਨਾਲ ਹੀ ਇਨ੍ਹਾਂ ਦਵਾਈਆਂ ਕਾਰਨ ਦਿਲ ਦੀ ਕੰਮ ਕਰਨ ਦੀ ਸਮਰੱਥਾ ’ਤੇ ਵੀ ਅਸਰ ਪੈਂਦਾ ਹੈ।

ਨੀਂਦ ਸਬੰਧੀ ਸਮੱਸਿਆ ਹੋਣ 'ਤੇ ਸੈਲਫ ਮੈਡੀਕੇਸ਼ਨ ਦੀ ਬਜਾਏ ਡਾਕਟਰ ਦੀ ਸਲਾਹ ਲਵੋ

ਡਾਕਟਰ ਵੱਲੋਂ ਦੱੱਸੀਆਂ ਦਵਾਈਆਂ ਹੀ ਖਾਣੀਆਂ ਚਾਹੀਦੀਆਂ ਹਨ। ਡਾਕਟਰ ਦੇ ਦੱਸੇ ਮੁਤਾਬਿਕ ਸਮੇਂ ਤਕ ਹੀ ਦਵਾਈ ਖਾਣੀ ਚਾਹੀਦੀ ਹੈ। ਡਾਕਟਰ ਵੱਲੋਂ ਦਿੱਤੀ ਹਦਾਇਤ ਅਨੁਸਾਰ ਦਵਾਈ ਖਾਣ ਨਾਲ ਸਰੀਰ ਨੂੰ ਇਨ੍ਹਾਂ ਦਵਾਈਆਂ ਦੀ ਆਦਤ ਨਹੀਂ ਪੈਂਦੀ ਅਤੇ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਇਸ ਲਈ ਮਨਮਰਜ਼ੀ ਨਾਲ ਕਦੇ ਵੀ ਇਨ੍ਹਾਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿੱਥੋਂ ਤਕ ਹੋ ਸਕੇ ਨੀਂਦ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਮੈਡੀਟੇਸ਼ਨ, ਸਰੀਰਕ ਮਿਹਨਤ ਜਾਂ ਕਸਰਤ ਆਦਿ ਕੁਦਰਤੀ ਤਰੀਕਿਆਂ ਦਾ ਸਹਾਰਾ ਲੈਣਾ ਚਾਹੀਦਾ ਹੈ। ਜ਼ਿਆਦਾ ਚਾਹ, ਕੌਫੀ ਤੋਂ ਪਰਹੇਜ਼ ਵੀ ਵਧੀਆ ਨਤੀਜੇ ਦਿੰਦਾ ਹੈ। ਜੇ ਤੁਸੀਂ ਦਵਾਈ ਨਹੀਂ ਖਾਣਾ ਚਾਹੁੰਦੇ ਤਾਂ ਕਾਰਨੇਟਿਵ ਬੀਹੇਵੀਅਰ ਥੈਰੇਪੀ ਵੀ ਕਰਵਾਈ ਜਾ ਸਕਦੀ ਹੈ। 
 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

sunita

This news is Content Editor sunita