ਪ੍ਰੈਗਨੇਂਸੀ ''ਚ ਮੂਡ ਨੂੰ ਕਿਵੇਂ ਰੱਖੀਏ ਖੁਸ਼-ਮਿਸਾਜ਼

09/06/2017 1:26:06 PM

ਨਵੀਂ ਦਿੱਲੀ— ਗਰਭ ਅਵਸਥਾ ਔਰਤਾਂ ਲਈ ਵਧੀਆ ਤਜਰਬਾ ਹੈ। ਇਸ ਸਮੇਂ ਔਰਤ ਨੂੰ ਇਕ ਪਾਸੇ ਮਾਂ ਬਣਨ ਦੀ ਖੁਸ਼ੀ ਅਤੇ ਦੂਜੇ ਪਾਸੇ ਸਰੀਰ ਵਿਚ ਆਉਣ ਵਾਲੇ ਬਦਲਾਅ ਰੋਮਾਂਚਿਤ ਕਰਦੇ ਹਨ। ਇਹ ਗੱਲ ਸਹੀ ਹੈ ਕਿ ਗਰਭ ਅਵਸਥਾ ਬਹੁਤ ਵਧੀਆ ਤਜਰਬਾ ਹੈ ਪਰ ਇਸ ਦੌਰਾਨ ਸਰੀਰ ਵਿਚ ਹੋਣ ਵਾਲੇ ਹਾਰਮੋਨਸ ਐਸਟ੍ਰੋਜਨ ਕਾਰਨ ਮਾਂ ਬਣਨ ਵਾਲੀ ਔਰਤ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਤਬਦੀਲੀਆਂ 'ਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਉਸ ਦੇ ਅੰਦਰ ਭਵਨਾਤਮਕ ਉਤਰਾਅ-ਚੜ੍ਹਾਅ ਹੁੰਦਾ ਰਹਿੰਦਾ ਹੈ। ਇਕ ਹੀ ਪਲ ਵਿਚ ਖੁਸ਼ੀ ਅਤੇ ਦੂਜੇ ਪਲ ਪ੍ਰੇਸ਼ਾਨੀ ਜਾਂ ਚਿੰਤਾ ਦਾ ਕਾਰਨ ਹਾਰਮੋਨਸ ਹੀ ਹੁੰਦੇ ਹਨ। ਮੂਡ ਵਿਚ ਬਦਲਾਅ ਹੋਣਾ ਪ੍ਰੈਗਨੈਂਸੀ ਪੀਰੀਅਡ ਦਾ ਆਮ ਜਿਹਾ ਹਿੱਸਾ ਹੈ ਅਤੇ ਇਹ ਸਥਾਈ ਨਹੀਂ ਹੁੰਦਾ। ਪਹਿਲੀ ਤਿਮਾਹੀ ਤੋਂ ਬਾਅਦ ਪ੍ਰੇਸ਼ਾਨੀ ਅਤੇ ਚਿੰਤਾ ਤੋਂ ਰਾਹਤ ਮਿਲਣ ਲੱਗਦੀ ਹੈ। ਤੁਸੀਂ ਵੀ ਆਪਣੇ ਬਦਲਦੇ ਵਤੀਰੇ ਤੋਂ ਚਿੰਤਤ ਹੋ ਤਾਂ ਜਾਣੋ ਇਸ ਨੂੰ ਖੁਸ਼ਨੁਮਾ ਰੱਖਣ ਦੇ ਕੁਝ ਉਪਾਅ : 
ਗਰਭ ਅਵਸਥਾ ਦੌਰਾਨ ਮੂਡ ਨੂੰ ਸਹੀ ਰੱਖਣ ਦੇ ਤਰੀਕੇ :
1. ਸਿਹਤ ਅਤੇ ਸੰਤੁਲਿਤ ਆਹਾਰ
ਭੁੱਖੇ ਰਹਿਣ ਨਾਲ ਅਜੀਬ ਜਿਹੀ ਬੇਚੈਨੀ ਹੁੰਦੀ ਹੈ ਅਤੇ ਸਰੀਰ ਵਿਚ ਐਨਰਜੀ ਘੱਟ ਹੋਣ ਲੱਗਦੀ ਹੈ, ਜਿਸ ਨਾਲ ਸੁਭਾਅ ਵਿਚ ਵੀ ਸੁਸਤੀ ਆ ਜਾਂਦੀ ਹੈ। ਭੁੱਖੇ ਰਹਿਣ ਨਾਲ ਸਰੀਰ ਵਿਚ ਬਲੱਡ ਸ਼ੂਗਰ ਦੀ ਕਮੀ ਸਿਹਤ 'ਤੇ ਬੁਰਾ ਅਸਰ ਪਾ ਸਕਦੀ ਹੈ। ਤੁਸੀਂ ਖਾਣੇ ਦਾ ਖਾਸ ਖਿਆਲ ਰੱਖੋ ਕਿਉਂਕਿ ਤੁਹਾਡੇ ਖਾਣ-ਪੀਣ ਨਾਲ ਹੀ ਬੱਚੇ ਦਾ ਵੀ ਵਿਕਾਸ ਹੋਵੇਗਾ। ਸੰਤੁਲਿਤ ਆਹਾਰ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਸਲਾਦ, ਜੂਸ ਆਦਿ ਨੂੰ ਆਪਣੇ ਖਾਣੇ ਵਿਚ ਜ਼ਰੂਰ ਸ਼ਾਮਲ ਕਰੋ। ਇਕ ਵਾਰ ਖਾਣੇ ਦੀ ਥਾਂ ਥੋੜ੍ਹੀ-ਥੋੜ੍ਹੀ ਦੇਰ ਦੇ ਫਰਕ ਨਾਲ ਕੁਝ ਨਾ ਕੁਝ ਖਾਂਦੇ ਰਹੋ। ਇਸ ਨਾਲ ਮਾਨਸਿਕ ਪ੍ਰੇਸ਼ਾਨੀ ਤੋਂ ਵੀ ਬਚਾਅ ਰਹੇਗਾ।
2. ਪਤੀ ਅਤੇ ਦੋਸਤਾਂ ਨਾਲ ਬਿਤਾਓ ਸਮਾਂ
ਗਰਭ ਅਵਸਥਾ ਵਿਚ ਇਕੱਲੇ ਬੈਠੇ ਰਹਿਣ ਨਾਲ ਵੀ ਤਣਾਅ ਵਧਦਾ ਹੈ, ਜਿਸ ਦਾ ਸਿੱਧਾ ਅਸਰ ਤੁਹਾਡੇ ਮੂਡ 'ਤੇ ਪਵੇਗਾ। ਇਸ ਨਾਲ ਨਜਿੱਠਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਆਪਣੇ ਪਾਰਟਨਰ ਨਾਲ ਸਮਾਂ ਬਿਤਾਓ। ਕਦੀ-ਕਦੀ ਦੋਸਤਾਂ ਨਾਲ ਮਸਤੀ ਕਰੋ। ਪਾਰਟੀ ਕਰੋ, ਇਕੱਠੇ ਫਿਲਮਾਂ ਦੇਖੋ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੋ। ਇਸ ਨਾਲ ਤੁਸੀਂ ਖੁਸ਼ ਅਤੇ ਫ੍ਰੈੱਸ਼ ਰਹੋਗੇ।
3. ਯੋਗ ਅਤੇ ਮੈਡੀਟੇਸ਼ਨ
ਪ੍ਰੈਗਨੈਂਸੀ ਦੌਰਾਨ ਭਾਰਾ ਕੰਮ ਕਰਨ ਤੋਂ ਪ੍ਰਹੇਜ਼ ਕਰੋ ਪਰ ਖੁਦ ਨੂੰ ਐਕਟਿਵ ਰੱਖਣ ਲਈ ਯੋਗ ਅਤੇ ਮੈਡੀਟੇਸ਼ਨ ਦਾ ਸਹਾਰਾ ਲਓ। ਹਲਕੀ-ਫੁਲਕੀ ਕਸਰਤ ਮੂਡ ਨੂੰ ਚੰਗਾ ਅਤੇ ਫ੍ਰੈੱਸ਼ ਰੱਖਦੀ ਹੈ। ਮੈਡੀਟੇਸ਼ਨ ਨਾਲ ਮਾਨਸਿਕ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਹ ਹੋਣ ਵਾਲੇ ਬੱਚੇ ਲਈ ਵੀ ਚੰਗਾ ਰਹਿੰਦਾ ਹੈ।
4. ਲੋੜੀਂਦੀ ਨੀਂਦ ਲਓ
ਪ੍ਰੈਗਨੈਂਸੀ ਵਿਚ ਆਰਾਮ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੌਰਾਨ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਇਸ ਦੇ ਨਾਲ ਹੀ ਭਰੂਣ ਦਾ ਵਿਕਾਸ ਵੀ ਹੁੰਦਾ ਹੈ। ਜੇ ਆਰਾਮ ਨਹੀਂ ਕਰੋਗੇ ਤਾਂ ਥਕਾਵਟ ਮਹਿਸੂਸ ਹੋਵੇਗੀ, ਜਿਸ ਨਾਲ ਸੁਭਾਅ ਵੀ ਚਿੜਚਿੜਾ ਹੋਵੇਗਾ। ਦਿਮਾਗੀ ਅਤੇ ਸਰੀਰਕ ਥਕਾਵਟ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸਭ ਤੋਂ ਚੰਗਾ ਤਰੀਕਾ ਹੈ ਕਿ ਕੰਮ ਦੇ ਨਾਲ-ਨਾਲ ਥੋੜ੍ਹਾ ਆਰਾਮ ਕਰਦੇ ਰਹੋ। ਘੱਟ ਤੋਂ ਘੱਟ 8 ਤੋਂ 9 ਘੰਟੇ ਦੀ ਨੀਂਦ ਜ਼ਰੂਰ ਲਓ। ਥਕਾਵਟ ਘੱਟ ਹੋਵੇਗੀ ਤਾਂ ਤੁਹਾਡਾ ਮੂਡ ਵੀ ਖੁਸ਼ਨੁਮਾ ਬਣਿਆ ਰਹੇਗਾ।
5. ਆਪਣੇ ਸ਼ੌਕ ਨੂੰ ਪੂਰਾ ਕਰੋ
ਪ੍ਰੈਗਨੈਂਸੀ ਪੀਰੀਅਡ ਦੌਰਾਨ ਤੁਹਾਡੇ ਕੋਲ ਆਪਣਾ ਸ਼ੌਕ ਪੂਰਾ ਕਰਨ ਦਾ ਬਹੁਤ ਚੰਗਾ ਸਮਾਂ ਹੁੰਦਾ ਹੈ। ਤੁਸੀਂ ਪੇਂਟਿੰਗ ਕਰ ਕੇ, ਕਿਤਾਬਾਂ ਪੜ੍ਹ ਕੇ, ਮਿਊਜ਼ਿਕ ਸੁਣ ਕੇ ਜਾਂ ਫਿਰ ਡਾਇਰੀ ਲਿਖ ਕੇ ਵੀ ਆਪਣੇ ਮੂਡ ਨੂੰ ਚੰਗਾ ਰੱਖ ਸਕਦੇ ਹੋ। ਕੁਝ ਔਰਤਾਂ ਆਪਣੇ-ਆਪ ਨੂੰ ਐਨਰਜੈਟਿਕ ਰੱਖਣ ਲਈ ਆਪਣੇ ਬੇਬੀ ਬੰਪ 'ਤੇ ਖੂਬਸੂਰਤ ਅਤੇ ਕਲਰਫੁੱਲ ਪੇਂਟਿੰਗ ਕਰਵਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਮੂਡ ਖਿੜਿਆ-ਖਿੜਿਆ ਰਹਿੰਦਾ ਹੈ।
6. ਬੌਡੀ ਮਸਾਜ ਕਰਵਾਓ
ਥਕਾਵਟ ਨਾਲ ਤੁਹਾਡਾ ਮੂਡ ਆਲਸੀ ਹੋ ਜਾਂਦਾ ਹੈ। ਸਰੀਰ ਨੂੰ ਆਰਾਮ ਦੇਣ ਲਈ ਹਲਕੀ-ਫੁਲਕੀ ਮਾਲਿਸ਼ ਜ਼ਰੂਰ ਕਰਵਾਓ। ਪ੍ਰੈਗਨੈਂਸੀ ਦੌਰਾਨ ਹੱਥਾਂ-ਪੈਰਾਂ ਵਿਚ ਸੋਜ ਆ ਜਾਂਦੀ ਹੈ। ਅਜਿਹੇ ਵਿਚ ਪੈਡੀਕਿਓਰ ਅਤੇ ਮੈਨੀਕਿਓਰ ਕਰਵਾਉਣ ਨਾਲ ਵੀ ਬਹੁਤ ਆਰਾਮ ਮਿਲਦਾ ਹੈ।
7. ਸਮਾਂ ਕੱਢ ਕੇ ਘੁੰਮਣ ਜ਼ਰੂਰ ਜਾਓ
ਸਾਰਾ ਦਿਨ ਘਰ 'ਚ ਰਹਿਣਾ ਵੀ ਬੋਰਿੰਗ ਲੱਗਦਾ ਹੈ। ਹਰ ਰੋਜ਼ ਦਿਨ ਵਿਚ ਇਕ ਟਾਈਮ ਨਿਸ਼ਚਿਤ ਕਰ ਲਓ ਅਤੇ ਅੱਧੇ ਘੰਟੇ ਲਈ ਪਾਰਟਨਰ ਨਾਲ ਜ਼ਰੂਰ ਘੁੰਮਣ ਜਾਓ।