ਸਿਰਦਰਦ ਦੂਰ ਕਰਨ ਦੇ ਘਰੇਲੂ ਉਪਾਅ

02/07/2020 7:05:54 PM

ਨਵੀਂ ਦਿੱਲੀ — ਅੱਜ ਦੇ ਸਮੇਂ ’ਚ ਸਿਰਦਰਦ ਹੋਣਾ ਇਕ ਆਮ ਸਮੱਸਿਆ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ, ਤਣਾਅ, ਮਾਈਗ੍ਰੇਨ ਜਾਂ ਫਿਰ ਨੀਂਦ ਪੂਰੀ ਨਾ ਹੋਣਾ। ਅਜਿਹੇ ’ਚ ਲੋਕ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਪੇਨਕਿਲਰ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਦਵਾਈਆਂ ਨਾਲ ਕਾਫੀ ਸਾਈਡ ਇਫੈਕਟਸ ਹੁੰਦੇ ਹਨ, ਜਿਨ੍ਹਾਂ ਤੋਂ ਬਚਣ ਲਈ ਤੁਹਾਨੂੰ ਇਹ ਘਰੇਲੂ ਉਪਾਅ ਅਜ਼ਮਾ ਕੇ ਦੇਖਣੇ ਚਾਹੀਦੇ ਹਨ। ਯਕੀਨ ਮੰਨੋ ਫਾਇਦਾ ਜ਼ਰੂਰ ਹੋਵੇਗਾ।

ਉਪਲਬਧ ਅੰਕੜਿਆਂ ਮੁਤਾਬਕ ਦੁਨੀਆ ਭਰ ’ਚ 7.2 ਅਰਬ ਤੋਂ ਵੱਧ ਲੋਕ ਜ਼ਿੰਦਗੀ ’ਚ ਕਦੀ ਨਾ ਕਦੀ ਸਿਰਦਰਦ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਦੁਨੀਆ ਦੀ ਅੱਧੀ ਆਬਾਦੀ ਸਾਲ ’ਚ ਘੱਟ ਤੋਂ ਘੱਟ ਇਕ ਵਾਰ ਸਿਰਦਰਦ ਦਾ ਸਾਹਮਣਾ ਕਰਦੀ ਹੈ। ਹਾਲਾਂਕਿ ਸਾਰੇ ਸਿਰਦਰਦ ਇਕ ਤਰ੍ਹਾਂ ਦੇ ਨਹੀਂ ਹੁੰਦੇ। ਹਰ ਵਾਰ ਇਹ ਗੰਭੀਰ ਵੀ ਨਹੀਂ ਹੁੰਦਾ ਪਰ ਸਿਰਦਰਦ ਦੀ ਅਣਦੇਖੀ ਵੀ ਨਹੀਂ ਕੀਤੀ ਜਾਣੀ ਚਾਹੀਦੀ।

ਸਿਰਦਰਦ ਦੀ ਬੀਮਾਰੀ ’ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦਾ ਕਹਿਣਾ ਹੈ ਕਿ ਸਿਰਦਰਦ ਜੋ ਵਾਰ-ਵਾਰ ਆਉਂਦਾ ਰਹਿੰਦਾ ਹੈ, ਨਿੱਜੀ ਤੇ ਸਮਾਜਿਕ ਜ਼ਿੰਮੇਵਾਰੀ ਦੇ ਨਾਲ-ਨਾਲ ਦਰਦ, ਅਸਮਰੱਥਾ ਅਤੇ ਵਿੱਤੀ ਨੁਕਸਾਨ ਦਾ ਕਾਰਣ ਬਣਦਾ ਹੈ। ਦੁਨੀਆ ਭਰ ’ਚ ਬਹੁਤ ਘੱਟ ਲੋਕ ਸਿਰਦਰਦ ਦੀ ਬੀਮਾਰੀ ਦਾ ਕਿਸੇ ਡਾਕਟਰ ਤੋਂ ਉਚਿਤ ਪਛਾਣ ਕਰਵਾ ਕੇ ਇਲਾਜ ਕਰਵਾਉਂਦੇ ਹਨ।

ਮੌਸਮ ਨਾਲ ਹੋਣ ਵਾਲਾ ਸਿਰਦਰਦ

ਮੌਸਮ ਬਦਲਣ ਨਾਲ ਤੁਹਾਨੂੰ ਵਸੰਤ ਕਲੱਸਟਰ ਸਿਰਦਰਦ, ਗਰਮੀਆਂ ’ਚ ਮਾਈਗ੍ਰੇਨ ਜਾਂ ਐਲਰਜੀ ਸਿਰਦਰਦ ਹੋ ਸਕਦਾ ਹੈ। ਮੌਸਮ ਦਾ ਬਦਲਣਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਵੇਂ ਬਾਰਿਸ਼ ਦੇ ਮੌਸਮ ’ਚ ਲੋਕਾਂ ਨੂੰ ਸਰਦੀ, ਜ਼ੁਕਾਮ ਹੋ ਜਾਂਦਾ ਹੈ, ਉਸੇ ਤਰ੍ਹਾਂ ਕਈ ਲੋਕਾਂ ਨੂੰ ਸਿਰ ’ਚ ਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ਨੂੰ ਕਲੱਸਟਰ ਹੈੱਡੇਕ ਵੀ ਕਿਹਾ ਜਾਂਦਾ ਹੈ। ਹਾਲਾਂਕਿ ਮੌਸਮ ਦੇ ਬਦਲਣ ’ਤੇ ਹੋਣ ਵਾਲਾ ਸਿਰਦਰਦ ਇਕ ਆਮ ਸਿਰਦਰਦ ਹੈ ਪਰ ਕਈ ਵਾਰ ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਲਈ ਸਿਰ ਦਾ ਦਰਦ ਮੌਸਮ ਦੇ ਬਦਲਣ ’ਤੇ ਕਾਫੀ ਖਤਰਨਾਕ ਹੁੰਦਾ ਹੈ।

ਬਚਣ ਦੇ ਉਪਾਅ

* ਵੱਧ ਸਮੇਂ ਤੱਕ ਆਪਣੇ-ਆਪ ਨੂੰ ਭੁੱਖਾ ਨਾ ਰੱਖੋ।

* ਅੱਖਾਂ ’ਤੇ ਵੱਧ ਦਬਾਅ ਪਾਉਣ ਵਾਲੇ ਕੰਮ ਨਾ ਕਰੋ, ਜਿਵੇਂ ਲਗਾਤਾਰ ਪੜ੍ਹਨਾ, ਜ਼ਿਆਦਾ ਦੇਰ ਤੱਕ ਟੀ. ਵੀ. ਦੇਖਣਾ, ਵੀਡੀਓ ਗੇਮਜ਼ ਖੇਡਣਾ, ਕੰਪਿਊਟਰ ’ਤੇ ਲਗਾਤਾਰ ਕੰਮ ਕਰਨਾ ਆਦਿ।

* ਚਾਹ, ਕੌਫੀ ਦਾ ਪ੍ਰਯੋਗ ਵੀ ਘੱਟ ਕਰੋ।

* ਭੋਜਨ ’ਚ ਮਿਰਚ-ਮਸਾਲੇ ਨਾ ਖਾਓ।

* ਸ਼ਰਾਬ, ਸਿਗਰਟ, ਪਾਨ ਮਸਾਲਾ ਅਤੇ ਫਾਸਟ ਫੂਡ ਤੋਂ ਬਚੋ।

* ਹਰੀਆਂ ਪੱਤੇਦਾਰ ਸਬਜ਼ੀਆਂ ਦਾ ਵੱਧ ਸੇਵਨ ਕਰੋ।

ਗ੍ਰੀਨ ਟੀ

ਸਿਰਦਰਦ ਹੋਣ ’ਤੇ ਚਾਹ ਤਾਂ ਅਸੀਂ ਸਾਰੇ ਪੀਂਦੇ ਹਾਂ ਪਰ ਅਜਿਹੇ ’ਚ ਗ੍ਰੀਨ ਟੀ ਪੀਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟਸ ਦਰਦ ਘੱਟ ਕਰਨ ’ਚ ਮਦਦਗਾਰ ਹੁੰਦੇ ਹਨ।

ਸਿਰਕਾ

ਸਿਰਕਾ ਇਕ ਤਰ੍ਹਾਂ ਦੀ ਦਵਾਈ ਹੈ, ਜਿਸ ਦਾ ਇਸਤੇਮਾਲ ਪੇਟ ਦਰਦ ’ਚ ਵੀ ਕੀਤਾ ਜਾਂਦਾ ਹੈ ਅਤੇ ਇਹ ਸਿਰਦਰਦ ’ਚ ਕਾਫੀ ਫਾਇਦੇਮੰਦ ਹੈ। ਹਲਕੇ ਕੋਸੇ ਪਾਣੀ ’ਚ ਇਕ ਚਮਚ ਸਿਰਕਾ ਮਿਲਾ ਲਓ। ਇਸ ਨੂੰ ਪੀ ਕੇ ਕੁਝ ਦੇਰ ਲਈ ਲੇਟ ਜਾਓ। ਸਿਰਦਰਦ ਘੱਟ ਅਤੇ ਹੌਲੀ-ਹੌਲੀ ਗਾਇਬ ਹੋ ਜਾਵੇਗਾ।

ਕਾੜ੍ਹਾ

ਤੁਸੀਂ ਚਾਹੋ ਤਾਂ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਵੀ ਸਿਰਦਰਦ ਦੂਰ ਹੋ ਜਾਂਦਾ ਹੈ। ਕਾੜ੍ਹਾ ਬਣਾਉਂਦੇ ਸਮੇਂ ਉਸ ਵਿਚ ਦਾਲਚੀਨੀ ਤੇ ਕਾਲੀ ਮਿਰਚ ਜ਼ਰੂਰ ਪਾਓ। ਚੀਨੀ ਦੀ ਥਾਂ ਗੁੜ ਜਾਂ ਸ਼ਹਿਦ ਦੀ ਵਰਤੋਂ ਕਰੋ।

ਲੌਂਗ ਦਾ ਤੇਲ

ਸਿਰਦਰਦ ਤੇਜ਼ ਹੋਣ ’ਤੇ ਲੌਂਗ ਦੇ ਤੇਲ ਨਾਲ ਮਸਾਜ ਕਰਨਾ ਵੀ ਫਾਇਦੇਮੰਦ ਰਹੇਗਾ। ਲੌਂਗ ਦਾ ਤੇਲ ਨਾ ਹੋਵੇ ਤਾਂ ਲੌਂਗ ਦਾ ਧੂੰਆਂ ਲੈਣਾ ਵੀ ਫਾਇਦੇਮੰਦ ਰਹੇਗਾ।


Inder Prajapati

Content Editor

Related News