ਇਨ੍ਹਾਂ ਬੀਮਾਰੀਆਂ ਨੇ ਲਈ 696 ਪੰਜਾਬੀਆਂ ਦੀ ਜਾਨ, ਲੱਖਾਂ ਹੋਰ ਵੀ ਰੋਗੀ

05/11/2019 1:23:04 AM

ਜਲੰਧਰ (ਜਗਵੰਤ ਬਰਾੜ) —ਪੰਜਾਬ ਦੇ ਲੋਕ ਹਮੇਸ਼ਾ ਆਪਣੀ ਨਰੋਈ ਸਿਹਤ ਕਾਰਨ ਦੁਨੀਆ ਭਰ ਵਿਚ ਜਾਣੇ ਜਾਂਦੇ ਹਨ । ਪਰ ਮੌਜੂਦਾ ਦੌਰ ਵਿਚ ਇਸ ਤਰਾਂ ਲੱਗਦਾ ਹੈ ਜਿਵੇਂ ਪੰਜਾਬ ਨੂੰ ਇਸ ਪੱਖੋਂ ਨਜ਼ਰ ਲੱਗ ਗਈ ਹੋਵੇ। ਪੰਜਾਬ ਦੇ ਲੋਕ ਜਿਸ ਤਰਾਂ ਖਾਣ ਪਾਣੀ ਵਿਚ ਰਸਾਇਨਿਕ ਦੀ ਵਰਤੋਂ ਕਰ ਰਹੇ ਹਨ, ਉਸ ਤੋਂ ਲੋਕਾਂ ਨੂੰ ਬੀਮਾਰੀਆਂ ਦਾ ਘੇਰਨਾ ਆਮ ਗੱਲ ਹੋ ਗਈ ਹੈ। ਕੈਂਸਰ ,ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਤਕਰੀਬਨ ਹਰ ਪਿੰਡ ਸ਼ਹਿਰ ਵਿਚ ਮਰੀਜ਼ ਮਿਲ ਜਾਣ ਗਏ ਪਰ ਇਨ੍ਹਾਂ ਬੀਮਾਰੀਆਂ ਤੋਂ ਇਲਾਵਾਂ ਵੀ ਬਹੁਤ ਬਿਮਾਰੀਆਂ ਹਨ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਬਹੁਤੇ ਲੋਕਾਂ ਨੂੰ ਫ਼ਾਨੀ ਸੰਸਾਰ ਨੂੰ ਵੀ ਅਲਵਿਦਾ ਤਕ ਕਹਿਣਾ ਪਿਆ। ਜਿਨ੍ਹਾਂ ਵਿਚ ਫੇਫੜਿਆਂ ਦੀ ਬੀਮਾਰੀ, ਡਾਈਬੀਟੀਜ਼ ,ਦਸਤ ਵਰਗੀਆਂ ਬਿਮਾਰੀਆਂ ਹਨ। 

ਕਾਰਡੀਓਵੈਸਕੁਲਰ ਰੋਗ - ਆਮ ਤੌਰ ਤੇ ਇਸ ਬੀਮਾਰੀਆਂ ਨੂੰ ਦਿਲ ਦਾ ਦੌਰਾ, ਛਾਤੀ ਦਾ ਦਰਦ (ਐਨਜਾਈਨਾ) ਜਾਂ ਦੌਰਾ ਨਾਲ ਵੀ ਜਾਣਿਆ ਜਾਂਦਾ ਹੈ। 2018 ਦੌਰਾਨ ਕਾਰਡੀਓਵੈਸਕੁਲਰ ਦੇ ਸਭ ਤੋਂ ਜ਼ਿਆਦਾ 4 ਲੱਖ 94 ਹਜ਼ਾਰ 112 ਕੇਸਾਂ ਦੀ ਗਿਣਤੀ ਸਾਹਮਣੇ ਆਈ ਹੈ ਜਿਸ ਕਾਰਨ ਤਕਰੀਬਨ 360 ਮੌਤਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ।   

ਗੁਰਦੇ ਦੀ ਬਿਮਾਰੀ- ਇਸ ਨੂੰ ਗੁਰਦੇ ਜਾਂ ਕਿਡਨੀ ਦੀ ਬੀਮਾਰੀ ਵੀ ਕਿਹਾ ਜਾਂਦਾ ਹੈ। ਅਜਿਹੇ ਹਾਲਤ ਵਿਚ ਗੁਰਦਿਆਂ ਦੀ ਕਾਰਜਸ਼ੀਲਤਾ ਨਹੀਂ ਹੁੰਦੀ । ਨਤੀਜੇ ਵਜੋਂ ਗੁਰਦੇ ਫੇਲ੍ਹ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਜੇਕਰ ਪੰਜਾਬ ਵਿਚ ਗੁਰਦੇ ਦੇ ਮਰੀਜ਼ਾਂ ਦੀ ਗੱਲ ਕਰੀਏ 2018 ਦੌਰਾਨ 2 ਲੱਖ 74 ਹਜ਼ਾਰ 693 ਗੁਰਦੇ ਦੇ ਮਰੀਜ਼ਾਂ ਦਾ ਅੰਕੜੇ ਆਏ ਹਨ ਜਿਨਾਂ ਵਿੱਚੋ 61 ਮਰੀਜ਼ਾਂ ਦੀ ਮੌਤ ਦਰਜ਼ ਕੀਤੀ ਗਈ ਹੈ।  

ਡਾਈਬੀਟੀਜ਼- ਇਸ ਨੂੰ ਆਮ ਤੌਰ ਤੇ ਸ਼ੂਗਰ ਵਜੋਂ ਜਾਣਿਆ ਜਾਂਦਾ ਹੈ। ਸ਼ੂਗਰ ਦੇ ਲੱਛਣਾਂ ਵਿਚ ਅਕਸਰ ਭੁੱਖ ਵਧ ਜਾਂਦੀ ਹੈ। ਜੇ ਇਲਾਜ ਨਾ ਕੀਤਾ ਜਾਵੇ, ਤਾਂ ਡਾਇਬੀਟੀਜ਼ ਬਹੁਤ ਸਾਰੀਆਂ ਉਲਝਣਾਂ ਦਾ ਕਾਰਨ ਬਣ ਸਕਦੀ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ਼ ਨਾ ਹੋਵੇ ਲੰਮੇ ਸਮੇਂ ਬਾਅਦ ਇਸ ਕਾਰਨ ਕਾਰਡੀਓਵੈਸਕੁਲਰ, ਸਟ੍ਰੋਕ, ਗੁਰਦੇ ਦੀ ਬਿਮਾਰੀ ,ਜਖਮਾਂ ਦਾ ਜਲਦੀ ਨਾ ਠੀਕ ਹੋਣਾ ਅੱਖਾਂ ਨੂੰ ਨੁਕਸਾਨ ਜਾਂ ਮੌਤ ਤਕ ਵੀ ਹੋ ਸਕਦੀ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ 2018 ਵਿਚ ਡਾਈਬੀਟੀਜ਼ ਕਾਰਨ 136 ਲੋਕਾਂ ਦੀ ਮੌਤ ਹੋਈ ਜਦਕਿ 2 ਲੱਖ 95 ਹਜ਼ਾਰ 927 ਕੇਸ ਦਰਜ਼ ਕੀਤੇ ਗਏ ਸਨ।
ਫੇਫੜਿਆਂ ਦੀ ਬਿਮਾਰੀ- ਫੇਫੜੇ ਮਨੁੱਖੀ ਸਰੀਰ ਦਾ  ਮਹਤੱਵਪੂਰਨ ਅੰਗ ਹਨ ਜੋ ਆਕਸੀਜਨ ਲਿਆ ਕੇ ਕਾਰਬਨ ਡਾਈਆਕਸਾਈਡ ਬਾਹਰ ਕੱਢਣ ਦਾ ਕੰਮ ਕਰਦੇ ਹਨ । ਇਸ ਲਈ ਸਾਡੇ ਫੇਫੜਿਆਂ ਦੀ ਦੇਖਭਾਲ ਕਰਨਾ ਮਹਤੱਵਪੂਰਨ ਹੈ। ਫੇਫੜਿਆਂ ਦੀਆਂ ਬਿਮਾਰੀਆਂ ਸੰਸਾਰ ਵਿਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋ ਇਕ ਹਨ ਕਿਉਂਕਿ ਫੇਫੜਿਆਂ ਦੀ ਸੱਮਸਿਆ ਕਾਰਨ 2018 ਵਿਚ  ਪੰਜਾਬ 'ਚ 61 ਮੌਤਾਂ ਹੋਈਆਂ ਅਤੇ 2 ਲੱਖ 74 ਹਜ਼ਾਰ 693 ਰਿਪੋਰਟਾਂ ਦਰਜ਼ ਹਨ ।   

ਮਾਨਸਿਕ ਰੋਗ - ਮਾਨਸਿਕ ਰੋਗ ਨੂੰ ਮੋਨੋਵਿਗਾਨਿਕ ਰੋਗ ਵੀ ਕਿਹਾ ਜਾਂਦਾ ਹੈ। ਜੇਕਰ ਪਿੱਛਲੇ ਸਾਲ ਇਸ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿਚ 11 ਲੱਖ 69 ਹਜ਼ਾਰ 98 ਕੇਸ ਮਾਨਸਿਕ ਰੋਗ ਦੇ ਸ਼ਾਮਲ ਹਨ ਜਿਨ੍ਹਾਂ ਵਿੱਚੋ 6 ਮਰੀਜ਼ਾਂ ਨੂੰ ਇਸ ਬੀਮਾਰੀ ਕਾਰਨ ਮੌਤ ਦਾ ਸਾਹਮਣਾ ਕਰਨਾ ਪਿਆ। 

ਕੈਂਸਰ - ਜਿਸ ਨੂੰ ਪਿੰਡਾਂ 'ਚ ਆਮ ਭਾਸ਼ਾ ਵਿਚ ਦੂਜਾ ਵੀ ਕਿਹਾ ਜਾਂਦਾ ਹੈ ਕਿਉਂਕਿ ਲੋਕ ਇਸ ਦਾ ਨਾਮ ਤਕ ਲੈਣ ਤੋਂ ਡਰਦੇ ਹਨ।  ਕੈਂਸਰ ਦੀਆਂ 1000 ਤੋਂ ਵੀ ਵੱਧ ਕਿਸਮਾਂ ਹਨ ਜਿਨ੍ਹਾਂ ਵਿਚ ਛਾਤੀ ਦਾ ਕੈਂਸਰ, ਚਮੜੀ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਸ਼ਾਮਲ ਹਨ। ਇਸ ਦੇ ਲੱਛਣ ਕਿਸਮ ਤੇ ਨਿਰਭਰ ਕਰਦੇ ਹਨ। ਕੈਂਸਰ ਦੇ ਇਲਾਜ ਵਿਚ ਕੀਮੋਥੈਰੇਪੀ, ਰੇਡੀਏਸ਼ਨ ਅਤੇ ਜਾਂ ਸਰਜਰੀ ਸ਼ਾਮਲ ਹਨ। ਪੰਜਾਬ ਸਰਕਾਰ ਮੁਤਾਬਕ 2018 ਵਿਚ ਕੈਂਸਰ ਦੇ 1208 ਕੇਸ ਦਰਜ ਹਨ ਜਿਨ੍ਹਾਂ ਵਿੱਚੋ 5 ਲੋਕਾਂ ਦੀ ਮੌਤ ਹੋ ਗਈ ਸੀ। 

ਸਾਹ ਰੋਗ- ਸਾਹ ਰੋਗ ਇੱਕ ਗੰਭੀਰ ਬਿਮਾਰੀ ਹੈ ਜੋ ਆਮ ਸਾਹ ਲੈਣ ਦੇ ਕੰਮ ਨੂੰ ਰੋਕਦੀ ਹੈ ਇਹ ਆਮ ਤੌਰ ਤੇ ਨੱਕ,  ਸਾਹਨਾਲੀ (ਵਿੰਡ) ਪਾਈਪ ਜਾਂ ਫੇਫੜਿਆਂ ਵਿਚ ਵਾਇਰਸ ਦੇ ਰੂਪ ਵਿਚ ਸ਼ੁਰੂ ਹੁੰਦੀ ਹੈ। ਜੇ ਇਸ ਰੋਗ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਸਾਰਾ ਸਾਹ ਪ੍ਰਣਾਲੀ ਵਿਚ ਫੈਲ ਸਕਦਾ ਹੈ। ਇਸ ਕਾਰਨ ਸਰੀਰ ਨੂੰ ਆਕਸੀਜਨ ਪ੍ਰਾਪਤ ਕਰਨ ਵਿਚ ਦਿੱਕਤ ਆਉਂਦੀ ਹੈ ਅਤੇ ਨਤੀਜੇ ਵਜੋਂ ਮੌਤ ਵੀ ਹੋ ਸਕਦੀ ਹੈ । ਇਸ ਹਾਲਤ ਵਿਚ ਪੀੜਤ ਵਿਅਕਤੀ  ਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਲੋੜ ਹੁੰਦੀ ਹੈ।  ਜੇਕਰ ਸਾਹ ਰੋਗ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਇਸ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ ਇਸ ਸੱਮਸਿਆ ਦੇ 2018 ਵਿਚ 5 ਲੱਖ 64 ਹਾਜ਼ਰ 528 ਕੇਸ ਸਾਹਮਣੇ ਆਏ ਹਨ ਜਦਕਿ 24 ਮਰੀਜ਼ਾਂ ਦੀ ਮੌਤ ਹੋ ਗਈ ।

ਦਸਤ-ਦਸਤ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। ਸੰਸਾਰ ਭਰ ਵਿਚ ਹਰ ਸਾਲ ਦਸਤ ਪੰਜਾਂ ਤੋਂ ਘੱਟ ਉਮਰ ਦੇ 5 ਲੱਖ 25000 ਬੱਚਿਆਂ ਦੀ ਮੌਤ ਦੇ ਕੇਸ ਸਾਹਮਣੇ ਆਉਂਦੇ ਹਨ। ਵਿਸ਼ਵ ਪੱਧਰ ਤੇ ਹਰ ਸਾਲ ਬਚਪਨ ਵਿਚ ਦਸਤ ਦੇ ਰੋਗਾਂ ਦੀ ਗਿਣਤੀ 1.7 ਅਰਬ ਦੇ ਕਰੀਬ ਸਾਹਮਣੇ ਆਉਂਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਵਿਚ 2018 ਦੌਰਾਨ 1,71,527 ਦਸਤ ਦੇ ਕੇਸ ਸਾਹਮਣੇ ਆਏ ਸਨ ਜਦਕਿ 43 ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਗਈ ।

Jagwant Brar

This news is Content Editor Jagwant Brar