ਦੀਵਾਲੀ ਮੌਕੇ ਸਫ਼ਾਈ ਕਰਦਿਆਂ ਕੀ ਤੁਹਾਨੂੰ ਹੋ ਗਈ ਹੈ ਐਲਰਜੀ? ਰਾਹਤ ਪਾਉਣ ਲਈ ਅਜ਼ਮਾਓ ਘਰੇਲੂ ਨੁਸਖ਼ੇ

11/10/2023 2:06:47 PM

ਜਲੰਧਰ (ਬਿਊਰੋ)– ਦੀਵਾਲੀ ਆਉਣ ਵਾਲੀ ਹੈ, ਇਸ ਲਈ ਜ਼ਿਆਦਾਤਰ ਘਰਾਂ ’ਚ ਦੀਵਾਲੀ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਦੀਵਾਲੀ ਦੀ ਸਫ਼ਾਈ ਦੌਰਾਨ ਸਾਰੇ ਘਰ ’ਚ ਧੂੜ ਉੱਡਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਧੂੜ ਤੋਂ ਐਲਰਜੀ ਹੁੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਦੀਵਾਲੀ ਦੀ ਸਫ਼ਾਈ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧੂੜ-ਮਿੱਟੀ ਤੋਂ ਐਲਰਜੀ ਕਾਰਨ ਛਿੱਕ, ਸਿਰਦਰਦ ਤੇ ਕਈ ਵਾਰ ਖੰਘ ਵਰਗੀਆਂ ਸਮੱਸਿਆਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਰਾਹਤ ਪਾਉਣ ਲਈ ਕਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜਿਸ ਨਾਲ ਕਈ ਵਾਰ ਬਹੁਤ ਦੇਰ ਨਾਲ ਰਾਹਤ ਮਿਲਦੀ ਹੈ। ਅਜਿਹੇ ’ਚ ਜੇਕਰ ਤੁਹਾਨੂੰ ਵੀ ਦੀਵਾਲੀ ’ਤੇ ਸਫਾਈ ਦੌਰਾਨ ਧੂੜ ਤੋਂ ਐਲਰਜੀ ਦੀ ਸਮੱਸਿਆ ਹੈ ਤਾਂ ਕੁਝ ਘਰੇਲੂ ਨੁਸਖ਼ੇ ਅਪਣਾਏ ਜਾ ਸਕਦੇ ਹਨ। ਇਹ ਨੁਸਖ਼ੇ ਅਜ਼ਮਾਉਣ ਨਾਲ ਧੂੜ ਐਲਰਜੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ–

ਤੁਲਸੀ
ਤੁਲਸੀ ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ, ਜੋ ਧੂੜ ਦੀ ਐਲਰਜੀ ਨੂੰ ਦੂਰ ਕਰਦੇ ਹਨ। ਧੂੜ ਤੋਂ ਐਲਰਜੀ ਹੋਣ ’ਤੇ ਤੁਲਸੀ ਦਾ ਸੇਵਨ ਕਰਨ ਲਈ 5 ਤੋਂ 6 ਪੱਤੀਆਂ ਨੂੰ ਪੀਸ ਕੇ 1 ਗਿਲਾਸ ਪਾਣੀ ’ਚ ਉਬਾਲੋ। ਜਦੋਂ ਅੱਧਾ ਪਾਣੀ ਰਹਿ ਜਾਵੇ ਤਾਂ ਉਸ ਨੂੰ ਛਾਣ ਕੇ ਪੀ ਲਓ। ਇਸ ਪਾਣੀ ਨੂੰ ਪੀਣ ਨਾਲ ਜ਼ੁਕਾਮ, ਖੰਘ ਤੇ ਛਿੱਕਾਂ ਤੋਂ ਵੀ ਰਾਹਤ ਮਿਲਦੀ ਹੈ।

ਕਲੌਂਜੀ ਦਾ ਤੇਲ
ਧੂੜ ਦੀ ਐਲਰਜੀ ਨੂੰ ਕਲੌਂਜੀ ਦੇ ਤੇਲ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਦੀ ਤਸੀਰ ਗਰਮ ਹੋਣ ਦੇ ਨਾਲ ਇਹ ਅੰਦਰੂਨੀ ਤੌਰ ’ਤੇ ਧੂੜ ਐਲਰਜੀ ਕਾਰਨ ਹੋਣ ਵਾਲੇ ਲੱਛਣਾਂ ਨੂੰ ਘਟਾਉਂਦੀ ਹੈ। ਇਸ ਦੀ ਵਰਤੋਂ ਕਰਨ ਲਈ ਇਸ ਦੇ ਤੇਲ ਨੂੰ ਛਾਤੀ ’ਤੇ ਮਲੋ। ਅਜਿਹਾ ਕਰਨ ਨਾਲ ਰਾਹਤ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਸਰੀਰ ਨੂੰ ਡੀਟਾਕਸ ਰੱਖਣ ਲਈ ਵਰਤੋ ਇਹ ਨੁਸਖ਼ੇ, ਭਾਰ ਵਧਣ ਦਾ ਨਹੀਂ ਰਹੇਗਾ ਡਰ

ਹਲਦੀ
ਹਲਦੀ ਦੀ ਵਰਤੋਂ ਲਗਭਗ ਹਰ ਘਰ ’ਚ ਕੀਤੀ ਜਾਂਦੀ ਹੈ। ਇਸ ’ਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਧੂੜ ਦੀ ਐਲਰਜੀ ਨੂੰ ਦੂਰ ਕਰਦੇ ਹਨ। ਹਲਦੀ ’ਚ ਮੌਜੂਦ ਕਰਕਿਊਮਿਨ ਨਾਂ ਦਾ ਤੱਤ ਸਰੀਰ ਨੂੰ ਅੰਦਰੂਨੀ ਤੌਰ ’ਤੇ ਗਰਮ ਰੱਖਦਾ ਹੈ। ਹਲਦੀ ਦਾ ਸੇਵਨ ਕਰਨ ਲਈ ਇਸ ਨੂੰ ਦੁੱਧ ’ਚ ਮਿਲਾ ਕੇ ਪੀਤਾ ਜਾ ਸਕਦਾ ਹੈ।

ਪੁਦੀਨੇ ਦੀ ਚਾਹ
ਧੂੜ ਦੀ ਐਲਰਜੀ ਤੋਂ ਰਾਹਤ ਪਾਉਣ ਲਈ ਪੁਦੀਨੇ ਦੀ ਚਾਹ ਪੀਤੀ ਜਾ ਸਕਦੀ ਹੈ। ਇਸ ਚਾਹ ਨੂੰ ਪੀਣ ਨਾਲ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਤੇ ਜ਼ੁਕਾਮ, ਖੰਘ ਤੇ ਫਲੂ ਤੋਂ ਰਾਹਤ ਮਿਲਦੀ ਹੈ। ਇਸ ਚਾਹ ਨੂੰ ਪੀਣ ਲਈ 1 ਕੱਪ ਪਾਣੀ ’ਚ 3 ਤੋਂ 4 ਪੱਤੀਆਂ ਨੂੰ ਪੀਸ ਕੇ ਉਬਾਲ ਲਓ। ਹੁਣ ਇਸ ਪਾਣੀ ਨੂੰ ਫਿਲਟਰ ਕਰੋ ਤੇ ਇਸ ’ਚ ਸ਼ਹਿਦ ਮਿਲਾ ਕੇ ਪੀਓ।

ਔਲੇ
ਬਦਲਦੇ ਮੌਸਮ ’ਚ ਔਲਿਆਂ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਧੂੜ ਦੀ ਐਲਰਜੀ ਨੂੰ ਘੱਟ ਕਰਨ ਦੇ ਨਾਲ-ਨਾਲ ਇਹ ਗਲੇ ਦੀ ਇੰਫੈਕਸ਼ਨ ਤੋਂ ਵੀ ਰਾਹਤ ਦਿਵਾਉਂਦਾ ਹੈ। ਇਸ ’ਚ ਆਇਰਨ, ਕੈਲਸ਼ੀਅਮ, ਵਿਟਾਮਿਨ ਏ ਤੇ ਸੀ ਵਰਗੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਦੀਵਾਲੀ ਦੀ ਸਫ਼ਾਈ ਦੌਰਾਨ ਧੂੜ ਦੀ ਐਲਰਜੀ ਨੂੰ ਦੂਰ ਕਰਨ ਲਈ ਇਹ ਨੁਸਖ਼ੇ ਅਪਣਾਏ ਜਾ ਸਕਦੇ ਹਨ। ਹਾਲਾਂਕਿ ਜੇਕਰ ਤੁਹਾਡੀ ਸਮੱਸਿਆ ਜ਼ਿਆਦਾ ਗੰਭੀਰ ਹੈ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Rahul Singh

This news is Content Editor Rahul Singh