ਗਰਮੀ ਤੋਂ ਬਚਣ ਲਈ ਅਪਨਾਓ ਇਹ ਦੇਸੀ ਨੁਸਖੇ

04/14/2019 11:08:32 AM

ਜਲੰਧਰ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗਰਮੀ ਦੇ ਮੌਸਮ ਦੇ ਆਉਣ ਨਾਲ ਸਰੀਰ 'ਚ ਗਰਮੀ ਵੀ ਵੱਧਣ ਲੱਗ ਜਾਂਦੀ ਹੈ। ਪਸੀਨਾ ਆਉਣ ਨਾਲ ਸਰੀਰ ਦਾ ਤਪ ਜਾਣਾ ਅਤੇ ਕਈ ਵਾਰ ਲੂ ਲੱਗਣ ਜਾਂ ਬਹੁਤ ਜਲਦੀ ਥਕਾਵਟ ਨਾਲ ਸਰੀਰ ਬੀਮਾਰ ਪੈ ਜਾਂਦਾ ਹੈ। ਸਰੀਰ ਦਾ ਔਸਤ ਤਾਪਮਾਨ ਲੱਗਭਗ 36.9 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ।

ਸਰੀਰ ਦਾ ਔਸਤ ਤਾਪਮਾਨ ਵਧਣ ਦੇ ਕਾਰਨ —

ਸਰੀਰ ਦੇ ਔਸਤ ਤਾਪਮਾਨ ਵਧਣ ਦੇ ਕਈ ਕਾਰਨ ਹਨ ਜਿਵੇਂ ਤੰਗ ਕੱਪੜੇ, ਬਹੁਤ ਜ਼ਿਆਦਾ ਕਸਰਤ, ਤੇਜ਼ ਦਵਾਈਆਂ ਜਾਂ ਫਿਰ ਧੁੱਪ 'ਚ ਬਹੁਤਾ ਸਮਾਂ ਬਿਤਾਉਣਾ ਆਦਿ। ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮ ਅਤੇ ਮਸਾਲੇਦਾਰ ਭੋਜਨ ਖਾਂਦੇ ਹੋ ਤਾਂ ਉਸ ਤੋਂ ਪਰਹੇਜ਼ ਕਰੋ। ਜੰਕ ਫੂਡ ਨਾ ਖਾਓ ਕਿਉਂਕਿ ਇਸ 'ਚ ਕਾਫੀ ਜ਼ਿਆਦਾ ਤੇਲ ਹੁੰਦਾ ਹੈ। ਜ਼ਿਆਦਾ ਚਾਹ ਤੇ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸ਼ਾਕਾਹਾਰੀ ਭੋਜਨ ਨੂੰ ਪਹਿਲ ਦੇਣੀ ਚਾਹੀਦੀ ਹੈ।

ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਗਰਮੀ ਨੂੰ ਕੀਤਾ ਜਾ ਸਕਦਾ ਹੈ ਦੂਰ

ਅਨਾਰ ਦਾ ਜੂਸ

ਰੋਜ਼ਾਨਾ ਸਵੇਰੇ ਇਕ ਗਲਾਸ ਅਨਾਰ ਦੇ ਤਾਜ਼ੇ ਜੂਸ 'ਚ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਪੀਓ, ਜਿਸ ਨਾਲ ਤੁਹਾਡੇ ਸਰੀਰ ਨੂੰ ਤਾਜ਼ਗੀ ਤੇ ਗਰਮੀ ਤੋਂ ਰਾਹਤ ਮਿਲੇਗੀ।

ਚੰਦਨ ਦਾ ਲੇਪ

ਪਾਣੀ ਜਾਂ ਠੰਡੇ ਦੁੱਧ ਨਾਲ ਚੰਦਨ ਮਿਲਾਓ ਅਤੇ ਆਪਣੇ ਮੱਥੇ ਅਤੇ ਛਾਤੀ 'ਤੇ ਇਸ ਦਾ ਲੇਪ ਲਗਾਓ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਲੇਪ 'ਚ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾਓ।

ਖਸਖਸ ਦਾ ਸੇਵਨ

ਸਰੀਰ ਦੇ ਸਾਧਾਰਨ ਤਾਪਮਾਨ ਨੂੰ ਬਣਾਈ ਰੱਖਣ ਲਈ ਸੋਣ ਤੋਂ ਪਹਿਲਾਂ, ਰਾਤ ਨੂੰ ਇਕ ਮੁੱਠੀ ਖਸਖਸ ਖਾਓ। ਖਸਖਸ 'ਚ ਓਪੀਏਟ ਹੁੰਦਾ ਹੈ ਅਤੇ ਇਸ ਦਾ ਬਹੁਤਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਬੱਚਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।

ਵਿਟਾਮਿਨ ਸੀ ਵਾਲੇ ਖਾਧ ਪਦਾਰਥ

ਅਕਸਰ ਕਿਹਾ ਜਾਂਦਾ ਹੈ ਕਿ ਸਬਜ਼ੀਆਂ ਸਰੀਰ ਦੇ ਤਾਪਮਾਨ ਤੋਂ ਰਾਹਤ ਦੇਣ ਲਈ ਸਰਵੋਤਮ ਖਾਧ ਪਦਾਰਥ ਹਨ। ਵਿਟਾਮਿਨ ਸੀ ਦੀ ਭਰਪੂਰ ਮਾਤਰਾ ਵਾਲੀਆਂ ਚੀਜ਼ਾਂ ਜਿਵੇਂ ਨਿੰਬੂ, ਨਾਰੰਗੀ ਅਤੇ ਮਿੱਠਾ ਨਿੰਬੂ ਆਦਿ ਦਾ ਸੇਵਨ ਕਰੋ।

ਲੱਸੀ ਪੀਓ

ਗਰਮੀਆਂ 'ਚ ਲੱਸੀ ਪੀਣ ਦੇ ਬਹੁਤ ਲਾਭ ਹਨ। ਇਸ 'ਚ ਜ਼ਰੂਰੀ ਪ੍ਰੋਬਾਇਓਟਿਕ, ਖਣਿਜ ਅਤੇ ਵਿਟਾਮਿਨ ਹੁੰਦੇ ਹਨ, ਜੋ ਕਿ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ 'ਚ ਮਦਦ ਕਰਦੇ ਹਨ।