ਕੌਫੀ ਪੀਣ ਨਾਲ ਧਮਣੀਆਂ ''ਚ ਲਚਕੀਲਾਪਨ ਖਤਮ ਹੋਣ ਦਾ ਖਦਸ਼ਾ ਨਹੀਂ

06/04/2019 9:42:09 AM

ਲੰਡਨ (ਭਾਸ਼ਾ) — ਕੌਫੀ ਪੀਣਾ, ਖਾਸ ਕਰਕੇ ਇਕ ਦਿਨ 'ਚ 25 ਕੱਪ ਤੱਕ, ਧਮਣੀਆਂ ਲਈ ਓਨਾ ਬੁਰਾ ਨਹੀਂ ਹੈ, ਜਿੰਨਾ ਪਹਿਲਾਂ ਦੇ ਅਧਿਐਨ 'ਚ ਮੰਨਿਆ ਗਿਆ ਹੈ। ਸੋਮਵਾਰ ਨੂੰ ਸਾਹਮਣੇ ਆਏ ਇਕ ਨਵੇਂ ਅਧਿਐਨ 'ਚ ਅਜਿਹਾ ਕਿਹਾ ਗਿਆ ਹੈ। ਧਮਣੀਆਂ ਸਾਡੇ ਦਿਲ ਰਾਹੀਂ ਆਕਸੀਜਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖੂਨ ਨੂੰ ਸਾਡੇ ਪੂਰੇ ਸਰੀਰ ਤੱਕ ਪਹੁੰਚਾਉਂਦੀਆਂ ਹਨ। ਜੇ ਇਨ੍ਹਾਂ ਦਾ ਲਚਕੀਲਾਪਨ ਖਤਮ ਹੁੰਦਾ ਹੈ ਤਾਂ ਇਹ ਸਖਤ ਹੋ ਜਾਂਦੀਆਂ ਅਤੇ ਇਸ ਨਾਲ ਦਿਲ 'ਤੇ ਜ਼ੋਰ ਪੈਂਦਾ ਹੈ ਤੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।

ਬ੍ਰਿਟੇਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਅਧਿਐਨ 'ਚ 8000 ਲੋਕਾਂ ਨੂੰ ਸ਼ਾਮਲ ਕੀਤਾ ਸੀ। ਇਹ ਅਧਿਐਨ ਪਹਿਲਾਂ ਦੇ ਅਧਿਐਨ ਨੂੰ ਗਲਤ ਦੱਸਦਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਕੌਫੀ ਪੀਣ ਨਾਲ ਧਮਣੀਆਂ 'ਚ ਸਖਤੀ ਆ ਜਾਂਦੀ ਹੈ। ਖੋਜਕਾਰਾਂ ਨੇ ਕਿਹਾ ਕਿ ਕੌਫੀ ਪੀਣ ਨੂੰ ਧਮਣੀਆਂ ਦੀ ਸਖਤੀ ਨਾਲ ਜੋੜਨ ਵਾਲੇ ਪਹਿਲੇ ਅਧਿਐਨ ਵਿਰੋਧੀ ਸਨ ਅਤੇ ਮੁਕਾਬਲੇਬਾਜ਼ਾਂ ਦੀ ਘੱਟ ਗਿਣਤੀ ਹੋਣ ਕਾਰਨ ਇਸ ਨੂੰ ਯੂਨੀਵਰਸਲ ਨਹੀਂ ਮੰਨਿਆ ਜਾ ਸਕਦਾ। ਅਧਿਐਨ ਲਈ ਕੌਫੀ ਦੀ ਖਪਤ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਸੀ। ਪਹਿਲਾ ਜੋ ਇਕ ਦਿਨ 'ਚ ਇਕ ਕੱਪ ਤੋਂ ਘੱਟ ਕੌਫੀ ਪੀਂਦੇ ਹਨ, ਦੂਜਾ ਜੋ ਰੋਜ਼ਾਨਾ ਇਕ ਤੋਂ ਤਿੰਨ ਕੱਪ ਅਤੇ ਤੀਜਾ ਜੋ ਤਿੰਨ ਕੱਪ ਤੋਂ ਜ਼ਿਆਦਾ ਕੌਫੀ ਪੀਂਦੇ ਹਨ। ਇਕ ਦਿਨ 'ਚ 25 ਕੱਪ ਤੋਂ ਜ਼ਿਆਦਾ ਕੌਫੀ ਪੀਣ ਵਾਲੇ ਲੋਕਾਂ ਨੂੰ ਅਧਿਐਨ ਤੋਂ ਬਾਹਰ ਰੱਖਿਆ ਗਿਆ ਪਰ ਇਸ ਉੱਚ ਸੀਮਾ ਤੱਕ ਵੀ ਕੌਫੀ ਪੀਣ ਵਾਲੇ ਲੋਕਾਂ ਦੀ ਤੁਲਨਾ ਜਦੋਂ ਇਕ ਕੱਪ ਤੋਂ ਘੱਟ ਕੌਫੀ ਪੀਣ ਵਾਲਿਆਂ ਨਾਲ ਕੀਤੀ ਗਈ ਤਾਂ ਉਨ੍ਹਾਂ ਦੀਆਂ ਧਮਣੀਆਂ 'ਚ ਸਖਤੀ ਵੱਧ ਜਾਣ ਵਰਗਾ ਕੁਝ ਨਹੀਂ ਦੇਖਿਆ ਗਿਆ।


Related News