ਬੱਚਿਆਂ ਲਈ ਨੁਕਸਾਨਦੇਹ ਸਟ੍ਰੀਟ ਫੂਡ

07/27/2015 12:56:48 PM

ਹਰ ਸ਼ਹਿਰ ਦੀ ਗਲੀ ਅਤੇ ਮਾਰਕੀਟ ''ਚ ਤੁਹਾਨੂੰ ਠੇਲ੍ਹੇ ''ਤੇ ਕੁਝ ਨਾ ਕੁਝ ਖਾਣ ਨੂੰ ਮਿਲ ਹੀ ਜਾਏਗਾ। ਸਟ੍ਰੀਟ ਫੂਡ ਨੂੰ ਲੋਕ ਇਸ ਲਈ ਵੀ ਪਸੰਦ ਕਰਦੇ ਹਨ ਕਿਉਂਕਿ ਜਿਥੇ ਸਸਤਾ ਹੋਣ ਕਾਰਨ ਤੁਹਾਨੂੰ ਇਸ ਦੇ ਲਈ ਜ਼ਿਆਦਾ ਪੈਸੇ ਖਰਚ ਨਹੀਂ ਖਰਚਣੇ ਪੈਂਦੇ, ਉਥੇ ਤੁਸੀਂ ਇਸ ਨੂੰ ਜ਼ਿਆਦਾ ਸਾਫ ਤੇ ਤਾਜ਼ਾ ਵੀ ਮੰਨਦੇ ਹੋ। ਬੱਚੇ ਸੜਕ ਕੰਢੇ ਮਿਲਣ ਵਾਲੀ ਚਾਟ, ਗੋਲ-ਗੱਪੇ ਅਤੇ ਭੇਲਪੂਰੀ ਖਾਣਾ ਬਹੁਤ ਪਸੰਦ ਕਰਦੇ  ਹਨ ਪਰ ਕੀ ਅਸਲ ''ਚ ਇਹ ਉਨ੍ਹਾਂ ਦੀ ਸਿਹਤ ਲਈ ਸਹੀ ਹੈ, ਇਹ ਜਾਣਨਾ ਮਾਪਿਆਂ ਲਈ ਬਹੁਤ ਜ਼ਰੂਰੀ ਹੈ।

► ਬਾਲਗ ਇਨਸਾਨ ਦਾ ਪਾਚਨ ਤੰਤਰ ਬੱਚਿਆਂ ਦੇ ਮੁਕਾਬਲੇ ਬਿਹਤਰ ਹੁੰਦਾ ਹੈ। ਇਸ ਲਈ ਉਹ ਤਾਂ ਸਭ ਖਾ ਸਕਦੇ ਹਨ ਪਰ ਬੱਚਿਆਂ ਨੂੰ ਬੀਮਾਰੀਆਂ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਕੀ ਚੰਗਾ ਹੈ ਅਤੇ ਕੀ ਮਾੜਾ।
► ਸੜਕ ਕੰਢੇ ਠੇਲ੍ਹਾ ਲਗਾ ਕੇ ਖਾਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਬਾਜ਼ਾਰੋਂ ਕੱਚੀਆਂ ਸਬਜ਼ੀਆਂ ਖਰੀਦਦੇ ਹਨ ਪਰ ਉਹ ਉਨ੍ਹਾਂ ਨੂੰ ਕਿੰਨੀ ਚੰਗੀ ਤਰ੍ਹਾਂ ਧੋਂਦੇ ਅਤੇ ਸਾਫ ਕਰਦੇ ਹਨ, ਇਹ ਤੁਹਾਨੂੰ ਨਹੀਂ ਪਤਾ ਹੁੰਦਾ। ਇਸ ਲਈ ਅਗਲੀ ਵਾਰ ਜਦੋਂ ਵੀ ਤੁਸੀਂ ਬਾਹਰੋਂ ਕੁਝ ਖਾਣ ਲਈ ਖਰੀਦੋ ਤਾਂ ਇਸ ਗੱਲ ਨੂੰ ਧਿਆਨ ''ਚ ਜ਼ਰੂਰ ਰੱਖੋ।
► ਪੱਕੇ ਹੋਏ ਭੋਜਨ ''ਚ ਪੈਣ ਵਾਲੀਆਂ ਸਬਜ਼ੀਆਂ ਆਲੂ ਆਦਿ ਖਰਾਬ ਵੀ ਹੋ ਸਕਦੀਆਂ ਹਨ। ਆਲੂਆਂ ਨੂੰ ਕਿਵੇਂ ਉਬਾਲਿਆ ਜਾਂਦਾ ਹੈ ਅਤੇ ਕਿਵੇਂ ਉਨ੍ਹਾਂ ਨੂੰ ਪਾ ਕੇ ਕਿਸੇ ਪਕਵਾਨ ''ਚ ਪਾਇਆ ਜਾਂਦਾ ਹੈ, ਇਸ ਦਾ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਆਲੂ ਬਹੁਤ ਛੇਤੀ ਖਰਾਬ ਹੋਣ ਵਾਲੀ ਸਬਜ਼ੀ ਹੈ।
► ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ''ਚ ਸੜੇ-ਗਲੇ ਆਲੂ ਵੀ ਵਰਤੇ ਜਾਂਦੇ ਹਨ। ਜਦੋਂ ਤੁਹਾਡੇ ਬੱਚੇ ਅਜਿਹਾ ਭੋਜਨ ਖਾਣਗੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਉਨ੍ਹਾਂ ਦੀ ਵੀ ਸਿਹਤ ਖਰਾਬ ਹੋ ਸਕਦੀ ਹੈ।
► ਬੱਚਿਆਂ ਨੂੰ ਚਾਟ ''ਚ ਪੈਣ ਵਾਲਾ ਦਹੀਂ ਬਹੁਤ ਪਸੰਦ ਆਉਂਦਾ ਹੈ, ਪਰ ਸੋਚੋ ਕਿ ਬਾਜ਼ਾਰ ''ਚ ਵਿਕਣ ਵਾਲੀ ਚਾਟ ''ਚ ਪੈਣ ਵਾਲਾ ਦਹੀਂ ਪਤਾ ਨਹੀਂ ਕਿਸ ਤਰ੍ਹਾਂ ਦੇ ਦੁੱਧ ਤੋਂ ਬਣਿਆ ਹੁੰਦਾ ਹੈ। ਇਹੀ ਨਹੀਂ ਬਾਜ਼ਾਰ ''ਚ ਮਿਲਣ ਵਾਲੇ ਮਿਲਕ ਸ਼ੇਕ ਪੀਣ ਤੋਂ ਵੀ ਬਚੋ ਕਿਉਂਕਿ ਇਹ ਕਈ ਦਿਨ ਪੁਰਾਣੇ ਹੋ ਸਕਦੇ ਹਨ।
► ਸੜਕ ਕੰਢੇ ਮਿਲਣ ਵਾਲਾ ਖਾਣਾ ਇੰਨਾ ਖਰਾਬ ਕਿਉਂ ਹੁੰਦਾ ਹੈ? ਇਸ ਦਾ ਮੁਖ ਕਾਰਨ ਹੈ ਪਾਣੀ। ਇਹ ਦੁਕਾਨਦਾਰ ਕਿਥੋਂ ਦਾ ਪਾਣੀ ਵਰਤਦੇ ਹਨ, ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ। ਇਹੀ ਨਹੀਂ, ਉਹ ਕਿਨ੍ਹਾਂ ਉਪਕਰਨਾਂ ਦੀ ਵਰਤੋਂ ਕਰਦੇ ਹਨ ਅਤੇ ਉਹ ਕਿੰਨੀ ਚੰਗੀ ਤਰ੍ਹਾਂ ਸਾਫ ਕੀਤੇ ਗਏ ਹਨ ਇਸ ਦਾ ਵੀ ਪਤਾ ਨਹੀਂ ਹੁੰਦਾ। ਜੇਕਰ ਤੁਸੀਂ ਇਨ੍ਹਾਂ ਨੂੰ ਧਿਆਨ ਨਾਲ ਦੇਖੋ ਤਾਂ ਪਤਾ ਲੱਗੇਗਾ ਕਿ ਇਹ ਕਈ-ਕਈ ਦਿਨਾਂ ਤੱਕ ਧੋਤੇ ਨਹੀਂ ਜਾਂਦੇ ਹਨ।
► ਸੜਕ ਦਾ ਖਾਣਾ ਸਾਡੀ ਸਿਹਤ ਲਈ ਇਸ ਲਈ ਵੀ ਨੁਕਸਾਨਦੇਹ ਹੈ ਕਿਉਂਕਿ ਸਵਾਦ ਕਾਰਨ ਅਸੀਂ ਉਸ ਨੂੰ ਹੱਦੋਂ ਵੱਧ ਖਾ ਲੈਂਦੇ ਹਾਂ। ਜੇਕਰ ਤੁਹਾਡਾ ਚਾਟ ਖਾਣ ਦਾ ਮਨ ਹੈ ਤਾਂ ਇਕ ਹੱਦ ਤੱਕ ਹੀ ਖਾਓ ਅਤੇ ਬੱਚਿਆਂ ਲਈ ਘਰ ''ਚ ਹੀ ਚਾਟ ਬਣਾਓ ਤਾਂਕਿ ਉਹ ਬਾਹਰ ਦਾ ਖਰਾਬ ਖਾਣਾ ਘੱਟ ਤੋਂ ਘੱਟ ਖਾਣ।