ਕਾਂਗਰਸ ਖਿਲਾਫ ਸੜਕਾਂ 'ਤੇ ਉਤਰੀ ਭਾਜਪਾ

01/09/2020 2:56:40 PM

ਬਟਾਲਾ (ਗੁਰਪ੍ਰੀਤ ਚਾਵਲਾ, ਬੇਰੀ): ਪੰਜਾਬ 'ਤੇ ਲੱਗਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਰੂਪੀ ਤਾਲਾ 2022 ਵਿਚ ਜਨਤਾ ਭਾਜਪਾ ਨੂੰ ਆਪਣੀ ਕੀਮਤੀ ਵੋਟ ਰੂਪੀ 'ਚਾਬੀ''ਦੇ ਕੇ ਕਾਂਗਰਸ ਨੂੰ ਸੱਤਾ ਤੋਂ ਪਰੇ ਕਰ ਕੇ ਖੋਲ੍ਹ ਦੇਵੇਗੀ ਕਿਉਂਕਿ ਮੌਜੂਦਾ ਕੈਪਟਨ ਸਰਕਾਰ ਲਾਰੇ-ਲੱਪੇ ਅਤੇ ਟੈਕਸਾਂ ਵਾਲੀ ਸਰਕਾਰ ਸਾਬਤ ਹੋਈ ਹੈ। ਇਹ ਗੱਲ ਇੱਥੇ ਗਾਂਧੀ ਚੌਕ ਵਿਚ ਕੈਪਟਨ ਸਰਕਾਰ ਦਾ ਪੁਤਲਾ ਸਾੜਣ ਉਪਰੰਤ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਹੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਣ ਅੱਜ ਜਨਤਾ ਨੂੰ ਟੈਕਸਾਂ ਦੀ ਮਾਰ ਝੱਲਣੀ ਪੈ ਰਹੀ ਹੈ ਜਦਕਿ ਪਹਿਲਾਂ ਰੋਟੀ, ਕੱਪੜਾ ਅਤੇ ਮਕਾਨ ਦੀ ਗੱਲ ਕੀਤੀ ਜਾਂਦੀ ਸੀ ਪਰ ਹੁਣ ਬਿਜਲੀ ਦੀ ਗੱਲ ਵੀ ਹੋ ਰਹੀ ਹੈ। ਕੈਪਟਨ ਸਰਕਾਰ ਨੇ ਆਪਣੇ ਤਿੰਨ ਸਾਲਾ ਦੇ ਕਾਰਜਕਾਲ ਦੌਰਾਨ 18 ਵਾਰ ਬਿਜਲੀ ਦੇ ਰੇਟਾਂ ਵਿਚ ਵਾਧਾ ਕਰ ਕੇ ਆਮ ਆਦਮੀ ਦੀ ਜੇਬ 'ਤੇ ਡਾਕਾ ਮਾਰਿਆ ਹੈ ਜਦਕਿ ਆਪਣੇ ਚੋਣ ਮੈਨੀਫੈਸਟੋ ਵਿਚ ਕੈਪਟਨ ਅਮਰਿੰਦਰ ਸਿੰਘ ਨੇ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਵਾਆਦਾ ਕੀਤਾ ਸੀ ਜੋ ਹੁਣ 12 ਰੁਪਏ ਪ੍ਰਤੀ ਯੂਨਿਟ ਪੰਜਾਬ ਦੀ ਜਨਤਾ ਨੂੰ ਮਿਲ ਰਹੀ ਹੈ। ਉਨ੍ਹਾਂ ਕੈਪਟਨ ਸਰਕਾਰ ਵੱਲੋਂ ਵਧਾਏ ਗਏ ਬਿਜਲੀ ਦੇ ਰੇਟਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਨੂੰ ਪਾਵਰ ਸਰਪਲੱਸ ਸਟੇਟ ਬਣਾਇਆ ਗਿਆ ਸੀ ਪਰ ਹੁਣ ਖਰਚੇ ਪੂਰੇ ਕਰਨ ਲਈ ਪਾਵਰਕਾਮ ਜਨਤਾ ਦੀ ਜੇਬ 'ਤੇ ਬੋਝ ਪਾ ਰਹੀ ਹੈ।

PunjabKesariਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੌਜੂਦਾ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਪੱਤਰ ਦੌਰਾਨ ਕੀਤੇ ਵਾਅਦੇ, ਜਿਨ੍ਹਾਂ ਵਿਚ ਨੌਜਵਾਨਾਂ ਨੂੰ ਨੌਕਰੀ ਦੇਣੀ, 2500 ਰੁਪਏ ਬੇਰੋਜ਼ਗਾਰੀ ਭੱਤਾ ਦੇਣਾ ਆਦਿ ਸ਼ਾਮਲ ਹਨ, ਪੂਰੇ ਨਹੀਂ ਕੀਤੇ ਸਗੋਂ ਵਿਧਵਾ, ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਤੱਕ ਬੰਦ ਕਰ ਦਿੱਤੀ ਗਈ, ਜਿਸ ਨਾਲ ਲੋਕਾਂ ਵਿਚ ਇਸ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਲੋਕ ਵਿਰੋਧੀ ਸਰਕਾਰ ਸਾਬਤ ਹੋਈ ਹੈ ਅਤੇ ਕਦੇ ਵੀ ਇਤਿਹਾਸ ਵਿਚ ਅਜਿਹੀ ਸਰਕਾਰ ਨਹੀਂ ਆਈ। ਇਸ ਤੋਂ ਇਲਾਵਾ ਚਾਹ ਪੱਤੀ ਅਤੇ ਖੰਡ ਦੇਣੀ ਤਾਂ ਦੂਰ ਦੀ ਗੱਲ ਆਟਾ ਦਾਲ ਸਕੀਮ ਤੱਕ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਆਪਣੀਆਂ ਜੜਾਂ ਫੈਲਾ ਰਿਹਾ ਹੈ। ਹੋਰ ਤਾਂ ਹੋਰ ਹੁਣ ਸੂਬੇ ਦੀ ਜਨਤਾ ਸਿਰਫ ਅਤੇ ਸਿਰਫ 'ਕਾਂਗਰਸ ਭਜਾਓ, ਪੰਜਾਬ ਬਚਾਓ' ਦੀ ਆਵਾਜ਼ ਲਾ ਰਹੀ ਹੈ।
ਭਾਰਤ ਬੰਦ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮਲਿਕ ਨੇ ਕਿਹਾ ਕਿ ਭਾਰਤ ਬੰਦ ਦਾ ਸੱਦਾ ਰਾਜਨੀਤੀ ਤੋਂ ਪ੍ਰੇਰਿਤ ਸੀ, ਜਿਸ ਕਾਰਣ ਇਸ ਸੱਦੇ ਨੂੰ ਪੂਰਨ ਰੂਪ ਵਿਚ ਸਮਰਥਨ ਨਹੀਂ ਮਿਲਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਸੀ. ਏ. ਏ. ਲਾਗੂ ਕਰਨਾ ਹੀ ਹੋਵੇਗਾ ਕਿਉਂਕਿ ਜੇਕਰ ਉਹ ਸੀ. ਏ. ਏ. ਲਾਗੂ ਨਹੀਂ ਕਰਦੇ ਤਾਂ ਫਿਰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ। ਉਨ੍ਹਾਂ ਗੁ. ਸ੍ਰੀ ਨਨਕਾਣਾ ਸਾਹਿਬ 'ਤੇ ਹੋਈ ਪੱਥਰਬਾਜ਼ੀ ਸਬੰਧੀ ਕਾਂਗਰਸ ਸਰਕਾਰ ਵੱਲੋਂ ਧਾਰੀ ਗਈ ਚੁੱਪੀ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਰਕੇਸ਼ ਭਾਟੀਆ ਜ਼ਿਲਾ ਭਾਜਪਾ ਪ੍ਰਧਾਨ ਬਟਾਲਾ, ਹੀਰਾ ਵਾਲੀਆ ਮੈਂਬਰ ਕਾਰਜ਼ਕਾਰੀ ਪ੍ਰਦੇਸ਼ ਭਾਜਪਾ, ਰਕੇਸ਼ ਗਿੱਲ, ਭੂਸ਼ਨ ਬਜਾਜ, ਗੁਰਦੀਪ ਸਿੰਘ ਕੋਟ ਮਜਲਸ, ਜਤਿੰਦਰ ਕਲਿਆਣ ਆਦਿ ਮੌਜੂਦ ਸਨ।

ਡੇਢ ਘੰਟਾ ਕੀਤਾ ਚੱਕਾ ਜਾਮ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਗਾਂਧੀ ਚੌਕ ਵਿਚ ਸ਼ਵੇਤ ਮਲਿਕ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ ਅਤੇ ਧਰਨਾ ਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲਗਾਤਾਰ ਡੇਢ ਘੰਟੇ ਤੱਕ ਗਾਂਧੀ ਚੌਕ ਵਿਚ ਚੱਕਾ ਜਾਮ ਕਰਦੇ ਹੋਏ ਆਵਾਜਾਈ ਨੂੰ ਠੱਪ ਕੀਤਾ ਗਿਆ, ਜਿਸ ਕਾਰਣ ਯਾਤਰੀਆਂ, ਸ਼ਹਿਰਵਾਸੀਆਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।


Shyna

Content Editor

Related News