ਸ਼ਾਓਮੀ ਦਾ ਨਵਾਂ ਗੇਮਿੰਗ ਫੋਨ ਜਲਦੀ ਹੋ ਸਕਦੈ ਲਾਂਚ

12/12/2018 11:47:58 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਇਕ ਹਫਤੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ 48 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਲੈ ਕੇ ਆਉਣ ਵਾਲੀ ਹੈ। ਹੁਣ ਖਬਰ ਮਿਲੀ ਹੈ ਕਿ ਕੰਪਨੀ ਨਵੇਂ ਗੇਮਿੰਗ ਫੋਨ ’ਤੇ ਕੰਮ ਕਰ ਰਹੀ ਹੈ ਜੋ 24 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਵੀਬੋ ਦੇ ਇਕ ਚੀਨੀ ਯੂਜ਼ਰ ਨੇ ਦਿੱਤੀ ਹੈ। ਜਾਣਕਾਰੀ ਮੁਤਾਬਕ, ਸ਼ਾਓਮੀ 17 ਦਸੰਬਰ ਤੋਂ 26 ਦਸੰਬਰ ਵਿਚਕਾਰ ਇਕ ਈਵੈਂਟ ਪਲਾਨ ਕਰ ਰਹੀ ਹੈ ਅਤੇ ਉਸ ਈਵੈਂਟ ਦੌਰਾਨ ਹੀ ਸ਼ਾਓਮੀ ਪਲੇਅ ਗੇਮਿੰਗ ਫੋਨ ਲਾਂਚ ਕੀਤਾ ਜਾ ਸਕਦਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸ਼ਾਓਮੀ ਇਸ ਨੂੰ ਕ੍ਰਿਸਮਸ ਮੌਕੇ ਯਾਨੀ 24 ਦਸੰਬਰ ਨੂੰ ਲਾਂਚ ਕਰ ਸਕਦੀ ਹੈ। 

ਫੋਨ ਲਾਂਚ ਦੇ ਹਿਸਾਬ ਨਾਲ 2018 ਸ਼ਾਓਮੀ ਲਈ ਕਾਫੀ ਚੰਗਾ ਰਿਹਾ ਹੈ। ਇਸ ਸਾਲ ਕੰਪਨੀ ਨੇ ਨਾ ਸਿਰਫ ਰੈੱਡਮੀ ਨੋਟ 5 ਸੀਰੀਜ਼ ਤੋਂ ਲੈ ਕੇ ਮੀ ਮਿਕਸ 3 ਅਤੇ ਮੀ 8 ਵਰਗੇ ਕਈ ਸਮਾਰਟਫੋਨ ਲਾਂਚ ਕੀਤੇ ਸਗੋਂ ਕੰਪਨੀ ਦਾ ਰੈੱਡਮੀ ਨੋਟ 5 ਪ੍ਰੋ ਹੁਣ ਤਕ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਰਿਹਾ।

ਚੀਨ ਦੀ ਮਾਈਕ੍ਰੋਬਲਾਗਿੰਗ ਸਾਈਟ ਵੀਬੋ ’ਤੇ ਇਕ ਟੀਜ਼ ਜਾਰੀ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਆਉਣ ਵਾਲਾ ਨਵਾਂ ਫੋਨ ਸ਼ਾਓਮੀ ਪਲੇਅ ਹੋ ਸਕਦਾ ਹੈ। ਹਾਲਾਂਕਿ ਖੁਦ ਕੰਪਨੀ ਨੇ ਇਸ ਗੇਮਿੰਗ ਫੋਨ ਨਾਲ ਜੁੜੀ ਕੋਈ ਵੀ ਜਾਣਕਾਰੀ ਅਧਿਕਾਰਤ ਤੌਰ ’ਤੇ ਨਹੀਂ ਦਿੱਤੀ।