ਦੂਜੇ ਦੇਸ਼ਾਂ ਵਿਚ ਜਾ ਕੇ ਭਾਸ਼ਾ ਸਮਝਣ ''ਚ ਮਦਦ ਕਰਨਗੇ WT2 ਈਅਰਫੋਨਸ

09/26/2017 11:04:15 AM

ਜਲੰਧਰ- ਅੱਜ ਦੇ ਦੌਰ 'ਚ ਜ਼ਿਆਦਾਤਰ ਨੌਜਵਾਨਾਂ ਨੇ ਵਿਦੇਸ਼ ਜਾਣ ਦਾ ਮਨ ਬਣਾਇਆ ਹੋਇਆ ਹੈ। ਅਜਿਹੇ ਵਿਚ ਉਨ੍ਹਾਂ ਨੂੰ ਸਿਰਫ ਇਕ ਗੱਲ ਸਤਾਉਂਦੀ ਹੈ ਕਿ ਵਿਦੇਸ਼ ਜਾ ਕੇ ਉਨ੍ਹਾਂ ਨੂੰ ਉਥੋਂ ਦੀ ਭਾਸ਼ਾ ਸਮਝ ਵਿਚ ਆਵੇਗੀ ਜਾਂ ਨਹੀਂ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਚੀਨ ਦੇ ਇਕ ਸ਼ਹਿਰ ਸ਼ੇਨਜੇਨ (Shenzhen) ਦੀ ਟਾਈਮਕੈਟਲ (Timekettle) ਟੈਕਨਾਲੋਜੀ ਨਾਂ ਦੀ ਕੰਪਨੀ ਨੇ ਅਜਿਹੇ ਈਅਰਫੋਨਸ ਵਿਕਸਿਤ ਕੀਤੇ ਹਨ, ਜੋ ਦੂਜੇ ਦੇਸ਼ ਜਾਣ 'ਤੇ ਤੁਹਾਨੂੰ ਉਥੋਂ ਦੇ ਲੋਕਾਂ ਦੀ ਭਾਸ਼ਾ ਸਮਝਣ ਵਿਚ ਮਦਦ ਕਰਨਗੇ। ਇਨ੍ਹਾਂ WT2 ਟ੍ਰਾਂਸਲੇਟਰ ਨਾਂ ਦੇ ਈਅਰਫੋਨਸ ਨੂੰ ਵਰਤੋਂ ਵਿਚ ਲਿਆਉਣ ਲਈ ਯੂਜ਼ਰ ਨੂੰ ਦੋਵਾਂ ਈਅਰਫੋਨਸ ਨੂੰ ਸਮਾਰਟਫੋਨ ਐਪ ਨਾਲ ਕੁਨੈਕਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਦੋਵਾਂ ਵਿਚੋਂ ਹਰ ਵਿਅਕਤੀ ਨੂੰ ਇਕ ਈਅਰਫੋਨ ਕੰਨ ਵਿਚ ਲਾਉਣਾ ਹੋਵੇਗਾ। ਦੋਵਾਂ ਵਿਅਕਤੀਆਂ 'ਚੋਂ ਜਦੋਂ ਕੋਈ ਬੋਲੇਗਾ ਤਾਂ ਇਹ ਈਅਰਫੋਨ ਇਸ ਭਾਸ਼ਾ ਨੂੰ ਐਪ ਵਿਚ ਭੇਜੇਗਾ, ਜਿਸ ਤੋਂ ਬਾਅਦ ਐਪ ਭਾਸ਼ਾ ਨੂੰ ਦੂਜੀ ਭਾਸ਼ਾ ਵਿਚ ਟ੍ਰਾਂਸਲੇਟ ਕਰ ਕੇ ਦੂਜੇ ਦੇ ਈਅਰਫੋਨ 'ਤੇ ਸੈਂਡ ਕਰੇਗਾ। ਜਿਸ ਨਾਲ ਭਾਸ਼ਾ ਦਾ ਅਨੁਵਾਦ ਕਰਨ ਵਿਚ ਕਾਫੀ ਆਸਾਨੀ ਹੋਵੇਗੀ। ਆਸ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਈਅਰਫੋਨਸ ਨੂੰ 99 ਡਾਲਰ (ਲਗਭਗ 6431 ਰੁਪਏ) ਦੀ ਸ਼ੁਰੂਆਤੀ ਕੀਮਤ ਵਿਚ ਛੇਤੀ ਹੀ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
 

ਇਸ ਤਰ੍ਹਾਂ ਕੰਮ ਕਰਦੇ ਹਨ ਈਅਰਫੋਨਸ
WT2 ਟ੍ਰਾਂਸਲੇਟਰ ਈਅਰਫੋਨਸ ਦੀ ਮਦਦ ਨਾਲ ਤੁਸੀਂ ਆਪਣੇ ਵਿਚਾਰਾਂ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਪੇਸ਼ ਕਰ ਸਕਦੇ ਹੋ। ਇਹ ਈਅਰਫੋਨਸ ਆਟੋਮੈਟੀਕਲੀ ਇਕ ਦੂਜੇ ਨਾਲ ਪੇਅਰ ਹੋਣ ਤੋਂ ਬਾਅਦ ਐਪ ਨਾਲ ਕੁਨੈਕਟ ਹੋ ਜਾਣਗੇ ਅਤੇ ਕੰਮ ਕਰਨ ਲੱਗਣਗੇ। ਇਹ ਤੁਹਾਡੀ ਯਾਤਰਾ ਦੇ ਐਕਸਪੀਰੀਐਂਸ ਨੂੰ ਹੋਰ ਬਿਹਤਰ ਤਾਂ ਬਣਾਉਣਗੇ ਹੀ, ਨਾਲ ਹੀ ਤੁਹਾਡੀ ਲੋਕਾਂ ਨਾਲ ਵਾਰਤਾਲਾਪ ਕਰਨ ਦੀ ਸਮਰੱਥਾ ਤੇ ਵਿਦੇਸ਼ੀ ਗਾਹਕਾਂ ਜਾਂ ਹਿੱਸੇਦਾਰਾਂ ਨਾਲ ਡੀਲ ਕਰਨ ਵਿਚ ਮਦਦ ਕਰਨਗੇ।

ਭਾਸ਼ਾਵਾਂ ਨੂੰ ਕਰਨਗੇ ਸਪੋਰਟ
WT2 ਨਾਂ ਦੇ ਇਹ ਈਅਰਫੋਨਸ 6 ਭਾਸ਼ਾਵਾਂ ਵਿਚ ਮੰਦਾਰਿਨ ਚੀਨੀ, ਅੰਗਰੇਜ਼ੀ, ਫ੍ਰੈਂਚ, ਜਰਮਨ, ਜਾਪਾਨੀ ਅਤੇ ਸਪੈਨਿਸ਼ ਭਾਸ਼ਾ ਨੂੰ ਟ੍ਰਾਂਸਲੇਟ ਕਰ ਸਕਦੇ ਹਨ। ਇਸਦੇ ਨਿਰਮਾਤਾਵਾਂ ਨੇ ਦੱਸਿਆ ਕਿ ਇਨ੍ਹਾਂ ਦੇ ਰਿਲੀਜ਼ ਹੋਣ ਤੱਕ ਇਸ ਪ੍ਰੋਡਕਟ ਵਿਚ ਤਿੰਨ ਹੋਰ ਭਾਸ਼ਾਵਾਂ ਪੁਰਤਗਾਲੀ, ਅਰਬੀ ਅਤੇ ਥਾਈ ਨੂੰ ਸ਼ਾਮਲ ਕਰ ਦਿੱਤਾ ਜਾਵੇਗਾ। ਇਸਦੇ ਨਿਰਮਾਤਾ ਫਿਲਹਾਲ ਹੋਰ ਭਾਸ਼ਾਵਾਂ ਨੂੰ ਸ਼ਾਮਲ ਕਰਨ ਲਈ ਖੋਜ ਕਰ ਰਹੇ ਹਨ, ਜਿਨ੍ਹਾਂ ਨੂੰ ਅਗਲੀ ਐਪ ਅਪਡੇਟ ਵਿਚ ਸ਼ਾਮਲ ਕੀਤਾ ਜਾਵੇਗਾ।

ਐਪ ਵਿਚ ਦਿੱਤੇ ਗਏ ਤਿੰਨ ਕਮਿਊਨੀਕੇਸ਼ਨ ਮੋਡਸ
ਇਨ੍ਹਾਂ ਈਅਰਫੋਨਸ ਲਈ ਬਣਾਈ ਗਈ ਐਪ ਵਿਚ ਤਿੰਨ ਕਮਿਊਨੀਕੇਸ਼ਨ ਮੋਡਸ (ਆਟੋ, ਮੈਨੂਅਲ ਅਤੇ ਆਸਕ) ਦਿੱਤੇ ਗਏ ਹਨ, ਜੋ ਵੱਖ-ਵੱਖ ਹਾਲਾਤ ਵਿਚ ਕੰਮ ਆਉਣ। ਇਨ੍ਹਾਂ ਵਿਚੋਂ ਸ਼ਾਂਤ ਇਲਾਕੇ ਵਿਚ ਮੈਨੂਅਲ ਮੋਡ ਐਕਟੀਵੇਟ ਕੀਤਾ ਜਾ ਸਕੇਗਾ, ਉਥੇ ਹੀ ਜ਼ਿਆਦਾ ਰੌਲੇ-ਰੱਪੇ ਵਾਲੇ ਇਲਾਕੇ ਵਿਚ ਆਸਕ ਮੋਡ ਨੂੰ ਐਕਟੀਵੇਟ ਕਰ ਕੇ ਰਸਤੇ ਦਾ ਪਤਾ ਪੁੱਛਿਆ ਜਾ ਸਕੇਗਾ। ਇਹ ਮੋਡਸ ਹੋਟਲ, ਮੀਟਿੰਗ ਰੂਮ ਅਤੇ ਕੌਫੀ ਸ਼ਾਪ 'ਤੇ ਈਅਰਫੋਨਸ ਦੀ ਵਰਤੋਂ ਕਰਨ ਵਿਚ ਮਦਦ ਕਰਨਗੇ।

ਚਾਰਜਿੰਗ ਕੇਸ
ਇਨ੍ਹਾਂ ਈਅਰਫੋਨਸ ਲਈ ਖਾਸ ਚਾਰਜਿੰਗ ਕੇਸ ਬਣਾਇਆ ਗਿਆ ਹੈ, ਜਿਸ ਵਿਚ ਬੈਟਰੀ ਲੱਗੀ ਹੈ ਮਤਲਬ ਤੁਸੀਂ ਇਨ੍ਹਾਂ ਈਅਰਫੋਨਸ ਨੂੰ ਸਫਰ ਦੌਰਾਨ ਵੀ ਕੇਸ ਵਿਚ ਰੱਖ ਕੇ ਚਾਰਜ ਕਰ ਸਕਦੇ ਹੋ। ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਫੁਲ ਚਾਰਜ ਕਰਨ 'ਤੇ 2 ਘੰਟੇ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਨ੍ਹਾਂ ਈਅਰਫੋਨਸ ਨੂੰ ਵਿਦੇਸ਼ ਜਾਣ ਦੀ ਸੋਚ ਰੱਖਣ ਵਾਲੇ ਲੋਕਾਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਨ੍ਹਾਂ ਨੂੰ ਵਿਕਰੀ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ।