WhatsApp ’ਚ ਆਇਆ ਖਤਰਨਾਕ ਵਾਇਰਸ, ਹੈਕ ਹੋ ਸਕਦੈ ਤੁਹਾਡਾ ਨਿੱਜੀ ਡਾਟਾ

02/07/2020 10:31:19 AM

ਗੈਜੇਟ ਡੈਸਕ– ਜੇਕਰ ਤੁਸੀਂ ਲੋਕਪ੍ਰਿਯ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਖਬਰ ਨੂੰ ਪੜਨ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ। ਰਿਪੋਰਟ ਮੁਤਾਬਕ, ਵਟਸਐਪ ’ਚ ਇਕ ਬਹੁਤ ਹੀ ਵੱਡੀ ਗੜਬੜੀ ਕਾਰਨ ਹੈਕਰਾਂ ਦੀ ਪਹੁੰਚ ਯੂਜ਼ਰਜ਼ ਦੇ ਨਿੱਜੀ ਡਾਟਾ ਤਕ ਹੋ ਗਈ ਹੈ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਹੈਕਰ ਯੂਜ਼ਰਜ਼ ਦੀਆਂ ਫੋਟੋਜ਼, ਵੀਡੀਓ ਅਤੇ ਡਾਕਿਊਮੈਂਟਸ ਨੂੰ ਚੋਰੀ ਕਰ ਸਕਦੇ ਹਨ। ਸਾਈਬਰ ਮਾਹਿਰਾਂ ਨੇ ਦੁਨੀਆ ਭਰ ਦੇ ਯੂਜ਼ਰਜ਼ ਨੂੰ ਇਸ ਨਵੇਂ ਸਕੈਮ ਤੋਂ ਅਲਰਟ ਰਹਿਣ ਦੀ ਚਿਤਾਵਨੀ ਦਿੱਤੀ ਹੈ। 

ਵਿੰਡੋਜ਼ ਅਤੇ ਮੈਕ ਯੂਜ਼ਰਜ਼ ਰਹਿਣ ਸਾਵਧਾਨ
ਇਸ ਖਾਮੀ ਦਾ ਸਭ ਤੋਂ ਪਹਿਲਾਂ ਪਤਾ PerimeterX ਦੇ ਸਾਈਬਰ ਐਕਸਪਰਟ ਗੈਲ ਵੇਜਮੈਨ ਨੇ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਹੈਕਰ ਇਕ ਖਾਸ ਬਗ ਰਾਹੀਂ ਵਟਸਐਪ ਦੇ ਡੈਸਕਟਾਪ ਵਰਜ਼ਨ ਇਸਤੇਮਾਲ ਕਰ ਰਹੇ ਯੂਜ਼ਰਜ਼ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਹ ਬਗ ਵਿੰਡੋਜ਼ ਦੇ ਨਾਲ ਹੀ ਮੈਕ ਆਪਰੇਟਿੰਗ ਸਿਸਟਮ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। 

ਇੰਝ ਕੀਤਾ ਜਾ ਰਿਹਾ ਅਟੈਕ
ਸਾਈਬਰ ਐਕਸਪਰਟ ਵੇਜਮੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਾਵਾ ਸਕ੍ਰਿਪਟ ਦਾ ਇਸਤੇਮਾਲ ਕਰਕੇ ਹੈਕਰ ਕੰਪਿਊਟਰ ’ਚ ਮੌਜੂਦ ਪ੍ਰਾਈਵੇਟ ਫਾਈਲਾਂ ਨੂੰ ਐਕਸੈਸ ਕਰ ਰਹੇ ਹਨ। ਯੂਜ਼ਰਜ਼ ਨੂੰ ਵਟਸਐਪ ਦੇ ਅੰਦਰ ਫਰਜ਼ੀ ਲਿੰਕਸ ਰਾਹੀਂ ਟਾਰਗੇਟ ਬਣਾਇਆ ਜਾ ਰਿਹਾ ਹੈ। ਜਿਵੇਂ ਹੀ ਯੂਜ਼ਰ ਸ਼ੱਕੀ ਲਿੰਕ ’ਤੇ ਕਲਿੱਕ ਕਰਦਾ ਹੈ, ਉਨ੍ਹਾਂ ਦੇ ਕੰਪਿਊਟਰ ਦਾ ਐਕਸੈਸ ਸ਼ਾਤਰ ਹੈਕਰ ਦੇ ਹੱਥ ਲੱਗ ਜਾਂਦਾ ਹੈ। 

ਵਟਸਐਪ ਦਾ ਬਿਆਨ
ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਦਾਅਵਾ ਕੀਤਾ ਹੈ ਕਿ ਇਹ ਐਪ ਬਿਲਕੁਲ ਸੁਰੱਖਿਅਤ ਹੈ ਅਤੇ ਇਸ ਵਿਚ ਯੂਜ਼ਰਜ਼ ਦੇ ਡਾਟਾ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ। ਕੰਪਨੀ ਦੇ ਇਕ ਬੁਲਾਰੇ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਅਸੀਂ ਯੂਜ਼ਰਜ਼ ਨੂੰ ਖਤਰਨਾਕ ਹੈਕਿੰਗ ਅਟੈਕ ਤੋਂ ਬਚਾਉਣ ਲਈ ਲਗਾਤਾਰ ਸਕਿਓਰਿਟੀ ਰਿਸਰਚਰਾਂ ਦੇ ਸੰਪਰਕ ’ਚ ਰਹਿੰਦੇ ਹਾਂ। ਇਸ ਬਗ ਨੂੰ ਦਸੰਬਰ 2019 ’ਚ ਠੀਕ ਕਰ ਦਿੱਤਾ ਗਿਆ ਹੈ।