ਜਾਣੋ ਕੀ ਹੁੰਦੀ ਹੈ ਮੇਟਾਵਰਸ ਤਕਨੀਕ ਤੇ ਕਿਵੇਂ ਕਰਦੀ ਹੈ ਕੰਮ

10/29/2021 4:26:38 PM

ਗੈਜੇਟ ਡੈਸਕ– ਮਾਰਕ ਜ਼ੁਕਰਬਰਗ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਵੇਂ ਨਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਇਸ ਸੋਸ਼ਲ ਮੀਡੀਆ ਕੰਪਨੀ ਨੂੰ ‘ਮੇਟਾ’ ਨਾਂ ਨਾਲ ਜਾਣਿਆ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਫੇਸਬੁੱਕ ਨੇ ਆਪਣੇ ਪਲੇਟਫਾਰਮ ’ਚ ਹੁਣ ਮੇਟਾਵਰਸ ਤਕਨੀਕ ਨੂੰ ਸ਼ਾਮਲ ਕਰ ਦਿੱਤਾ ਹੈ। ਮੇਟਾਵਰਸ ਤਕਨੀਕ ਇਕ ਵੱਖਰੀ ਹੀ ਦੁਨੀਆ ਹੈ ਜੋ ਕਿ ਪੂਰੀ ਤਰ੍ਹਾਂ ਇੰਟਰਨੈੱਟ ’ਤੇ ਨਿਰਭਰ ਕਰਦੀ ਹੈ। ਮੇਟਾਵਰਸ ਲਈ ਫੇਸਬੁੱਕ ਲਗਾਤਾਰ ਕਾਫੀ ਸਮੇਂ ਤੋਂ ਨਿਵੇਸ਼ ਵੀ ਕਰ ਰਹੀ ਸੀ। 

ਮੇਟਾਵਰਸ ਤਕਨੀਕ ਕੀ ਹੈ
ਮੇਟਾਵਰਸ ਇਕ ਬਹੁਤ ਹੀ ਪੁਰਾਣਾ ਸ਼ਬਦ ਹੈ, ਹਾਲਾਂਕਿ ਇਹ ਹੁਣ ਅਚਾਨਕ ਚਰਚਾ ’ਚ ਆਇਆ ਹੈ। 1992 ’ਚ ਨੀਲ ਸਟੀਫੇਂਸਨ ਨੇ ਮੇਟਾਵਰਸ ਦਾ ਮਤਲਬ ਦੱਸਿਆ ਸੀ ਜੋ ਕਿ ਇਕ ਅਜਿਹੀ ਦੁਨੀਆ ਹੈ ਜਿਸ ਵਿਚ ਲੋਕ ਡਿਜੀਟਲ ਦੁਨੀਆ ਵਾਲੇ ਗੈਜੇਟ ਜਿਵੇਂ ਕਿ ਹੈੱਡਫੋਨ ਅਤੇ ਵਰਚੁਅਲ ਰਿਐਲਿਟੀ ਦੀ ਮਦਦ ਨਾਲ ਆਪਸ ’ਚ ਕੁਨੈਕਟ ਹੁੰਦੇ ਹਨ। ਮੇਟਾਵਰਸ ਦਾ ਇਸਤੇਮਾਲ ਪਹਿਲਾਂ ਤੋਂ ਗੇਮਿੰਗ ਲਈ ਹੋ ਰਿਹਾ ਹੈ। ਮੇਟਾਵਰਸ ਇੰਟਰਨੈੱਟ ਦੀ ਇਕ ਨਵੀਂ ਦੁਨੀਆ ਹੈ ਜਿਥੇ ਲੋਕ ਮੌਜੂਦ ਨਾ ਹੁੰਦੇ ਹੋਏ ਵੀ ਹਾਜ਼ਰ ਰਹਿਣਗੇ। 

ਇਸ ਨਵੀਂ ਤਕਨੀਕ ਦੀਆਂ ਕੁਝ ਖ਼ਾਸ ਗੱਲਾਂ
- ਸਭ ਤੋਂ ਪਹਿਲੀ ਗੱਲ ਜੋ ਜਾਣਨ ਵਾਲੀ ਹੈ, ਉਹ ਇਹ ਹੈ ਕਿ ਕੰਪਨੀ ਦੀ ਸਿਰਫ ਬ੍ਰਾਂਡਿੰਗ ਬਦਲੀ ਹੈ ਯਾਨੀ ਫੇਸਬੁੱਕ ਕੰਪਨੀ ਨੂੰ ਹੁਣ ਮੇਟਾ ਦੇ ਨਾਂ ਨਾਲ ਜਾਣਿਆ ਜਾਵੇਗਾ।
- ਕੰਪਨੀ ਦੇ ਹੈੱਡਕੁਆਲਟਰ ’ਤੇ ਫੇਸਬੁੱਕ ਦੀ ਥਾਂ ਮੇਟਾ ਲਿਖਿਆ ਜਾਵੇਗਾ।
- ਫੇਸਬੁੱਕ ਐਪ ਦਾ ਨਾਂ ਨਹੀਂ ਬਦਲੇਗਾ ਅਤੇ ਨਾ ਹੀ ਇੰਸਟਾਗ੍ਰਾਮ, ਵਟਸਐਪ ਅਤੇ ਫੇਸਬੁੱਕ ਮਸੰਜਰ ਦਾ ਨਾਂ ਬਦਲੇਗਾ। 
- 1 ਦਸੰਬਰ ਤੋਂ ਕੰਪਨੀ ਦੇ ਸਟਾਫ ਦਾ ਸਟਿਕਰ MVRS ਦੇ ਨਾਂ ਨਾਲ ਹੋ ਜਾਵੇਗਾ।
- ਕੰਪਨੀ ਦੇ ਹੈੱਡਕੁਆਟਰ ’ਚ ਹੁਣ ਨਵੇਂ ਲੋਗੋ ਨੇ ਥਾਂ ਲੈ ਲਈ ਹੈ ਜੋ ਕਿ ਇਨਫਿਨਿਟੀ ਵਰਗਾ ਹੈ। 

ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਨੇ ਮੇਟਾਵਰਸ ਨੂੰ ਇਕ ਵਰਚੁਅਲ ਐਨਵਾਇਰਮੈਂਟ ਕਿਹਾ ਹੈ। ਤੁਸੀਂ ਸਿਰਫ ਇਕ ਸਕਰੀਨ ਰਾਹੀਂ ਵੱਖ-ਵੱਖ ਦੁਨੀਆ ’ਚ ਜਾ ਸਕਦੇ ਹੋ, ਜਿਥੇ ਤੁਸੀਂ ਲੋਕਾਂ ਨਾਲ ਵਰਚੁਅਲ ਰਿਐਲਿਟੀ ਹੈੱਡਸੈੱਟ, ਆਗੁਮੈਂਟ ਰਿਐਲਿਟੀ ਐਨਕਾਂ, ਸਮਾਰਟਫੋਨ ਐਪ ਆਦਿ ਰਾਹੀਂ ਜੁੜ ਸਕੋਗੇ। ਜ਼ੁਕਰਬਰਗ ਨੇ ਕਿਹਾ ਹੈ ਕਿ ਮੇਟਾਵਰਸ ਤਕਨੀਕ ਰਾਹੀਂ ਲੱਖਾਂ ਲੋਕਾਂ ਨੂੰ ਨੌਕਰੀ ਮਿਲੇਗੀ।

Rakesh

This news is Content Editor Rakesh