ਹੁਣ ਬਿਨਾਂ ਮਾਊਸ ਤੇ ਕੀ-ਬੋਰਡ ਦੇ ਵੀ ਚਲਾਇਆ ਜਾ ਸਕੇਗਾ ਕੰਪਿਊਟਰ

10/14/2019 11:43:58 AM

ਗੈਜੇਟ ਡੈਸਕ–  ਰੋਜ਼ਾਨਾ ਜ਼ਿੰਦਗੀ 'ਚ ਕੰਪਿਊਟਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਅਜਿਹਾ ਸੈਂਸਰ ਬੇਸਡ ਗਲੋਵ ਪੇਸ਼ ਕੀਤਾ ਗਿਆ ਹੈ, ਜੋ ਸਿਰਫ ਇਸ਼ਾਰਿਆਂ ਨਾਲ ਹੀ ਕੰਪਿਊਟਰ ਚਲਾਉਣ ਵਿਚ ਮਦਦ ਕਰੇਗਾ। ਇਹ ਬਲੂਟੁੱਥ ਰਾਹੀਂ ਕੰਪਿਊਟਰ ਨਾਲ ਜੁੜਿਆ ਹੋਵੇਗਾ ਅਤੇ ਮਾਊਸ ਤੇ ਕੀ-ਬੋਰਡ ਦੋਵਾਂ ਦਾ ਕੰਮ ਕਰੇਗਾ। ਇਸ ਨੂੰ ਮਾਊਸ ਵਾਂਗ ਕੋਈ ਵੀ ਆਸਾਨੀ ਨਾਲ ਵਰਤੋਂ ਵਿਚ ਲਿਆ ਸਕਦਾ ਹੈ ਪਰ ਕੀ-ਬੋਰਡ ਵਾਂਗ ਇਸਤੇਮਾਲ ਕਰਨ ਲਈ ਤੁਹਾਡੀ QWERTY ਕੀ-ਬੋਰਡ ਦੇ ਲੇਆਊਟ 'ਤੇ ਚੰਗੀ ਪਕੜ ਹੋਣੀ ਜ਼ਰੂਰੀ ਹੈ।



ਅਮਰੀਕੀ ਆਲ-ਇਨ-ਵਨ ਕੀ-ਬੋਰਡ ਨਿਰਮਾਤਾ ਕੰਪਨੀ Tap ਵਲੋਂ ਇਹ ਸੈਂਸਰ ਬੇਸਡ Tap Strap 2 ਗਲੋਵ ਲਿਆਂਦਾ ਗਿਆ ਹੈ। ਕੰਪਨੀ ਨੇ ਇਸ ਨੂੰ ਸੈਕੰਡ ਜਨਰੇਸ਼ਨ ਦਾ ਸੈਂਸਰ ਬੇਸਡ ਗਲੋਵ ਦੱਸਿਆ ਹੈ। ਇਸ ਤੋਂ ਪਹਿਲਾਂ ਕੰਪਨੀ ਫਸਟ ਜਨਰੇਸ਼ਨ ਦਾ ਗਲੋਵ ਵੀ ਲਿਆ ਚੁੱਕੀ ਹੈ।



ਇੰਝ ਲਿਆ ਸਕਦੇ ਹੋ ਵਰਤੋਂ 'ਚ
Tap Strap 2 ਗਲੋਵ ਦੀ ਵਰਤੋਂ ਕਰਨ ਲਈ ਇਸ ਨੂੰ ਹੱਥ ਵਿਚ ਪਾਉਣ ਤੋਂ ਬਾਅਦ ਤੁਹਾਨੂੰ ਆਪਣੇ ਹੱਥ ਨੂੰ ਸਮਤਲ ਕਰਨਾ ਪਵੇਗਾ, ਜਿਸ ਤੋਂ ਬਾਅਦ ਇਹ ਵਰਚੁਅਲ ਕੀ-ਬੋਰਡ ਵਾਂਗ  ਕੰਮ ਕਰੇਗਾ। ਵਰਤੋਂ ਵਿਚ ਲਿਆਉਣ ਦੌਰਾਨ ਜੇ ਅੰਗੂਠੇ ਨੂੰ ਤੁਸੀਂ ਹੇਠਾਂ ਵੱਲ ਕਿਸੇ ਜਗ੍ਹਾ ਟੱਚ ਕਰੋਗੇ ਤਾਂ ਇਹ ਆਪਣੇ-ਆਪ ਆਪਟੀਕਲ ਮਾਊਸ ਮੋਡ ਵਿਚ ਚਲਾ ਜਾਵੇਗਾ ਅਤੇ ਮਾਊਸ ਵਾਂਗ ਕੰਮ ਕਰਨ ਲੱਗੇਗਾ। ਇਸ ਤੋਂ ਇਲਾਵਾ ਹੱਥ ਨੂੰ ਵਰਟੀਕਲੀ ਉੱਪਰ ਵੱਲ ਸਿੱਧਾ ਰੱਖਣ 'ਤੇ ਤੁਸੀਂ ਸਮਾਰਟਫੋਨ, ਟੈਬਲੇਟ, ਲੈਪਟਾਪ ਤੇ ਸਮਾਰਟ ਟੀ. ਵੀ. ਨੂੰ ਵੀ ਕੰਟਰੋਲ ਕਰ ਸਕੋਗੇ।



10 ਘੰਟਿਆਂ ਦਾ ਬੈਟਰੀ ਬੈਕਅਪ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਗਲੋਵ ਨੂੰ ਇਕਵਾਰ ਚਾਰਜ ਕਰ ਕੇ 10 ਘੰਟਿਆਂ ਲਈ ਲਗਾਤਾਰ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਸਟੈਂਡਬਾਏ ਮੋਡ 'ਤੇ ਇਸ ਦਾ ਬੈਟਰੀ ਬੈਕਅਪ 7 ਦਿਨਾਂ ਦਾ ਦੱਸਿਆ ਗਿਆ ਹੈ। ਇਸ ਦੀ ਕੀਮਤ 199 ਡਾਲਰ (ਲਗਭਗ 14 ਹਜ਼ਾਰ ਰੁਪਏ) ਰੱਖੀ ਗਈ ਹੈ। ਇਸ ਨੂੰ ਅਜੇ ਅਮਰੀਕਾ ਵਿਚ ਮੁਹੱਈਆ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਦੇਸ਼ਾਂ ਵਿਚ ਵੀ ਲਿਆਂਦਾ ਜਾਵੇਗਾ।