2026 ਤੋਂ ਬਾਅਦ ਬੰਦ ਹੋਣਗੀਆਂ ਫਾਕਸਵੈਗਨ ਦੀਆਂ ਇਹ ਕਾਰਾਂ

12/06/2018 4:48:14 PM

ਆਟੋ ਡੈਸਕ– ਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ ਫਾਕਸਵੈਗਨ ਦੇ ਸਟ੍ਰੈਟੇਜੀ ਚੀਫ ਨੇ ਕਿਹਾ ਹੈ ਕਿ ਕੰਪਨੀ ਈਂਧਣ ਨਾਲ ਚੱਲਣ ਵਾਲੇ ਇੰਜਣ ਤਕਨੀਕ ਦੀ ਆਖਰੀ ਜਨਰੇਸ਼ਨ 2026 ’ਚ ਬਣਾਏਗੀ। ਜਾਣਕਾਰੀ ਮੁਤਾਬਕ, ਇਸ ਤੋਂ ਬਾਅਦ ਕੰਪਨੀ ਇਲੈਕਟ੍ਰਿਕ ਕਾਰਾਂ ਹੀ ਲਾਂਚ ਕਰੇਗੀ। ਪਿਛਲੇ ਮਹੀਨੇ ਹੀ ਕਾਰ ਨਿਰਮਾਤਾ ਕੰਪਨੀ ਨੇ ਇਲੈਕਟ੍ਰਿਕ ਵਾਹਨਾਂ ’ਤੇ ਵੱਡਾ ਦਾਅ ਖੇਡਦੇ ਹੋਏ 2023 ਤਕ 44 ਅਰਬ ਯੂਰੋ (50 ਅਰਬ ਡਾਲਰ) ਦੇ ਨਿਵੇਸ਼ ਦਾ ਐਲਾਨ ਕੀਤਾ ਹੈ।

ਨਿਵੇਸ਼ ਦੇ ਐਲਾਨ ਦੌਰਾਨ ਕੰਪਨੀ ਨੇ ਕਿਹਾ ਸੀ ਕਿ 2015 ’ਚ ਹੋਏ ਪੈਰਿਸ ਜਲਵਾਯੂ ਸਮਝੌਤੇ ਦੇ ਐਮਿਸ਼ਨ ਟੀਚੇ ਨੂੰ ਹਾਸਲ ਕਰਨ ਲਈ ਉਹ ਆਪਣੀਆਂ ਡੀਜ਼ਲ ਅਤੇ ਪੈਟਰੋਲ ਇੰਜਣ ਵਾਲੀਆਂ ਕਾਰਾਂ ਨੂੰ ਹੌਲੀ-ਹੌਲੀ ਬੰਦ ਕਰ ਦੇਵੇਗੀ। ਫਾਕਸਵੈਗਨ ਦੇ ਰਣਨੀਤੀ ਮੁੱਖੀ ਮਾਈਕਲ ਜੋਸਟ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀ ਇਨ੍ਹਾਂ ਵਾਹਨਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਈਂਧਣ ਬਾਲ ਕੇ ਚੱਲਣ ਵਾਲੀਆਂ ਇੰਜਣ ਕਾਰਾਂ ਤੋਂ ਹੌਲੀ-ਹੌਲੀ ਹੱਟ ਰਹੇ ਹਾਂ। 

ਦੱਸ ਦੇਈਏ ਕਿ ਫਾਕਸਵੈਗਨ ਨੇ 2025 ਤਕ ਇਲੈਕਟ੍ਰਿਕ ਵਾਹਨਾਂ ਦੀ ਮਾਡਲ ਗਿਣਤੀ ਵਧਾ ਕੇ 50 ਕਰਨ ਦਾ ਟੀਚਾ ਰੱਖਿਆ ਹੈ, ਉਥੇ ਹੀ ਮੌਜੂਦਾ ਸਮੇਂ ’ਚ ਇਸ ਦੀ ਗਿਣਤੀ ਸਿਰਫ 6 ਹੈ।