ਹੁਣ ਘਰ ਬੈਠੇ ਹੋਣਗੇ ਆਧਾਰ ਨਾਲ ਜੁੜੇ ਸਾਰੇ ਕੰਮ, UIDAI ਲਿਆਈ ਨਵੀਂ ਐਪ

11/22/2019 3:07:27 PM

ਗੈਜੇਟ ਡੈਸਕ– ਆਧਾਰ ਕਾਰਡ ਹਰੇਕ ਭਾਰਤੀ ਨਾਗਰਿਕ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਇਕ ਪਛਾਣ-ਪੱਤਰ ਵੀ ਹੈ। ਕਿਸੇ ਵੀ ਵਿੱਤੀ ਲੈਣ-ਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਬੇਹੱਦ ਜ਼ਰੂਰੀ ਹੈ। ਆਮ ਜਨਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਮੁਹੱਈਆ ਕਰਾਉਣ ਲਈ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (UIDAI) ਨੇ ਟਵੀਟ ਕਰ ਕੇ ਜਨਤਾ ਨੂੰ ਅਹਿਮ ਜਾਣਕਾਰੀ ਦਿੱਤੀ ਹੈ। ਹੁਣ ਆਧਾਰ ’ਚ ਬਦਲਾਅ ਕਰਾਉਣ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। 

ਲਾਂਚ ਹੋਈ ਨਵੀਂ ਐਪ
UIDAI ਨੇ ਮੋਬਾਇਲ ਆਧਾਰ (mAadhaar) ਦੀ ਨਵੀਂ ਐਪ ਲਾਂਚ ਕਰ ਦਿੱਤੀ ਹੈ। ਇਸ ਨਾਲ ਜਨਤਾ ਨੂੰ ਕਾਫੀ ਆਸਾਨੀ ਹੋਵੇਗੀ ਕਿਉਂਕਿ ਇਸ ਐਪ ’ਚ ਲੋਕਾਂ ਨੂੰ ਕਈ ਆਧਾਰ ਸਬੰਧੀ ਸੇਵਾਵਾਂ ਮਿਲਣਗੀਆਂ। ਇਨ੍ਹਾਂ ਸੇਵਾਵਾਂ ’ਚ ਆਧਾਰ ਡਾਊਨਲੋਡ ਕਰਨਾ, ਉਸ ਦਾ ਸਟੇਟਸ ਚੈੱਕ ਕਰਨਾ, ਆਧਾਰ ਰੀਪ੍ਰਿੰਟ ਲਈ ਆਰਡਰ ਦੇਣਾ ਅਤੇ ਆਧਾਰ ਕੇਂਦਰ ਲੋਕੇਟ (ਪਤੇ ਦੀ ਜਾਣਕੀਰ ਲੈਣਾ) ਕਰਨਾ ਆਦਿ ਸ਼ਾਮਲ ਹੈ। ਐਪ ਰਾਹੀਂ ਤੁਹਾਨੂੰ ਬਾਇਓਮੈਟ੍ਰਿਕ ਲਾਕ ਅਤੇ ਅਨਲਾਕ ਕਰਨ ਦਾ ਆਪਸ਼ਨ ਵੀ ਮਿਲੇਗਾ। 

UIDAI ਨੇ ਦਿੱਤੀ ਜਾਣਕਾਰੀ
ਨਾਲ ਹੀ UIDAI ਨੇ ਟਵੀਟ ’ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਧਾਰ ਦੀ ਪੁਰਾਣੀ ਐਪ ਡਾਊਨਲੋਡ ਕੀਤੀ ਹੋਈ ਹੈ ਉਹ ਇਸ ਨੂੰ ਅਨ-ਇੰਸਟਾਲ ਕਰਨ ਅਤੇ ਨਵੀਂ ਐਪ ਡਾਊਨਲੋਡ ਕਰ ਲੈਣ। ਇਹ ਐਪ ਐਂਡਰਾਇਡ ਦੇ ਗੂਗਲ ਪਲੇਅ ਦੇ ਨਾਲ ਹੀ ਆਈ.ਓ.ਐੱਸ. ਦੇ ਐਪ ਸਟੋਰ ’ਤੇ ਵੀ ਉਪਲੱਬਧ ਹੈ।