ਫੋਟੋ ਐਡੀਟਿੰਗ ਐਪਸ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਫੋਨ ’ਚ ਆ ਸਕਦੈ ਵਾਇਰਸ

09/23/2019 10:28:04 AM

ਗੈਜੇਟ ਡੈਸਕ– ਜੇ ਤੁਸੀਂ ਵੀ ਸਮਾਰਟਫੋਨ ਰਾਹੀਂ ਫੋਟੋਆਂ ਲੈਣ ਤੋਂ ਬਾਅਦ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਫੋਟੋ ਐਡੀਟਿੰਗ ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨੀ ਰੱਖਣ ਦੀ ਸਖਤ ਲੋੜ ਹੈ। ਗੂਗਲ ਵਲੋਂ ਪਲੇਅ ਸਟੋਰ 'ਤੇ ਅਜਿਹੀਆਂ 2 ਲੋਕਪ੍ਰਿਯ ਥਰਡ ਪਾਰਟੀ ਕੈਮਰਾ ਐਪਸ ਦਾ ਪਤਾ ਲਾਇਆ ਗਿਆ ਹੈ, ਜੋ ਵਾਇਰਸ ਤੋਂ ਪ੍ਰਭਾਵਿਤ ਸਨ।
- ਇਨ੍ਹਾਂ ਐਪਸ ਵਿਚੋਂ ਇਕ ਦਾ ਨਾਂ Sun Pro Beauty Camera ਹੈ, ਜਦਕਿ ਦੂਜੀ ਦਾ ਨਾਂ Funny Sweet Beauty Selfie Camera ਦੱਸਿਆ ਗਿਆ ਹੈ। ਇਹ ਐਪਸ ਯੂਜ਼ਰਜ਼ ਨੂੰ ਜ਼ਬਰਦਸਤੀ ਪੌਪ-ਅਪ ਵਿਚ ਐਡਸ ਸ਼ੋਅ ਕਰ ਰਹੀਆਂ ਸਨ, ਜਿਨ੍ਹਾਂ ਰਾਹੀਂ ਐਪ ਡਿਵੈੱਲਪਰ ਖੂਬ ਪੈਸਾ ਕਮਾ ਰਹੇ ਸਨ। ਦੂਜੇ ਪਾਸੇ ਇਨ੍ਹਾਂ ਕਾਰਨ ਯੂਜ਼ਰਜ਼ ਦੇ ਸਮਾਰਟਫੋਨ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਸੀ।

ਫੋਨ ਦੀ ਪ੍ਰਫਾਰਮੈਂਸ ਨੂੰ ਪ੍ਰਭਾਵਿਤ ਕਰਦੀਆਂ ਹਨ ਇਹ ਐਪਸ
ਇਹ ਐਪਸ ਫੋਨ ਦੇ ਬੈਕਗਰਾਊਂਡ ਵਿਚ ਚੱਲ ਰਹੀਆਂ ਹੁੰਦੀਆਂ ਹਨ, ਜਿਸ ਕਾਰਨ ਇਹ ਫੋਨ ਦੀ ਪ੍ਰੋਸੈਸਿੰਗ ਸਲੋਅ ਕਰ ਦਿੰਦੀਆਂ ਹਨ। ਇਸ ਨਾਲ ਫੋਨ ਦੀ ਪ੍ਰਫਾਰਮੈਂਸ ਵਿਗੜ ਜਾਂਦੀ ਹੈ। ਇਸ ਦਾ ਅਸਰ ਫੋਨ ਦੇ ਬੈਟਰੀ  ਬੈਕਅੱਪ 'ਤੇ ਵੀ ਪੈਂਦਾ ਹੈ। ਮੋਬਾਇਲ ਸਕਿਓਰਿਟੀ ਫਰਮ Wandera ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਪਸ ਫੋਨ ਵਿਚ ਖਤਰਨਾਕ ਵਾਇਰਸ ਵੀ ਪਹੁੰਚਾ ਸਕਦੀਆਂ ਹਨ। ਇਨ੍ਹਾਂ ਨਾਲ ਆਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ।

ਐਪਸ ਦੀ ਹੋ ਚੁੱਕੀ ਹੈ 15 ਲੱਖ ਵਾਰ ਡਾਊਨਲੋਡਿੰਗ
ਇਨ੍ਹੀਂ ਦਿਨੀਂ ਵਾਇਰਸ ਤੋਂ ਪ੍ਰਭਾਵਿਤ ਇਹ ਐਪਸ ਕਾਫੀ ਲੋਕਪ੍ਰਿਯ ਹਨ, ਜਿਸ ਕਾਰਨ ਦੁਨੀਆ ਭਰ ਵਿਚ ਇਨ੍ਹਾਂ ਨੂੰ 15 ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਹਾਲਾਂਕਿ ਹੁਣ ਇਨ੍ਹਾਂ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਲਿਆ ਗਿਆ ਹੈ। ਯੂਜ਼ਰਜ਼ ਨੂੰ ਸਲਾਹ ਹੈ ਕਿ ਜੇ ਉਹ ਇਨ੍ਹਾਂ ਐਪਸ ਦੀ ਵਰਤੋਂ ਕਰਦੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਫੋਨ 'ਚੋਂ ਅਨਇੰਸਟਾਲ ਕਰ ਦੇਣ।

ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਜਿਹੇ ਕਈ ਮਾਮਲੇ
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਗੂਗਲ ਨੂੰ ਐਪਸ ਵਿਚ ਵਾਇਰਸ ਦਾ ਪਤਾ ਲੱਗਾ ਹੋਵੇ, ਜਿਸ ਤੋਂ ਬਾਅਦ ਇਨ੍ਹਾਂ ਨੂੰ ਹਟਾਇਆ ਗਿਆ। ਇਸ ਤੋਂ ਪਹਿਲਾਂ ਵੀ ਮਸ਼ਹੂਰ ਸਕੈਨਿੰਗ ਐਪ CamScanner ਨੂੰ ਪਲੇਅ ਸਟੋਰ ਤੋਂ ਹਟਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਨਿਰਮਾਤਾ ਕੰਪਨੀ ਨੂੰ ਇਸ ਐਪ ਵਿਚੋਂ ਵਾਇਰਸ ਕੱਢਣਾ ਪਿਆ ਸੀ ਅਤੇ ਇਸ ਨੂੰ ਮੁੜ ਪਲੇਅ ਸਟੋਰ'ਤੇ ਮੁਹੱਈਆ ਕਰਵਾਇਆ ਗਿਆ ਸੀ।
ਚੰਗੀ ਗੱਲ ਇਹ ਰਹੀ ਕਿ ਇਸ ਐਪ ਦੇ ਡਿਵੈੱਲਪਰਜ਼ ਨੇ ਤੁਰੰਤ ਐਕਸ਼ਨ ਲੈਂਦਿਆਂ ਐਪ ਦੀ ਸਮੱਸਿਆ ਨੂੰ ਦੂਰ ਕਰ ਦਿੱਤਾ ਸੀ।

ਸਖਤ ਹੋਏ ਪਲੇਅ ਸਟੋਰ ਦੇ ਨਿਯਮ
ਯੂਜ਼ਰਜ਼ ਦੀ ਸੁਰੱਖਿਆ ਲਈ ਗੂਗਲ ਨੇ ਹੁਣ ਪਲੇਅ ਸਟੋਰ ਦੇ ਨਿਯਮ ਸਖਤ ਕਰ ਦਿੱਤੇ ਹਨ। ਪਲੇਅ ਸਟੋਰ 'ਤੇ ਐਂਡ੍ਰਾਇਡ ਐਪਸ ਨੂੰ ਪਬਲਿਸ਼ ਹੋਣ 'ਚ 3 ਦਿਨਾਂ ਦਾ ਅਪਰੂਵਲ ਪੀਰੀਅਡ ਤੈਅ ਕੀਤਾ ਗਿਆ ਹੈ ਮਤਲਬ ਹੁਣ ਕੋਈ ਵੀ ਆਪਣੀ ਐਪ ਬਣਾ ਕੇ ਉਸ ਨੂੰ ਸਿੱਧੇ ਤੌਰ 'ਤੇ ਪਲੇਅ ਸਟੋਰ 'ਤੇ ਪਬਲਿਸ਼ ਨਹੀਂ ਕਰ ਸਕੇਗਾ। ਯੂਜ਼ਰਜ਼ ਦੀ ਨਿੱਜਤਾ ਤੇ ਸੁਰੱਖਿਆ ਨੂੰ ਦੇਖਦਿਆਂ ਗੂਗਲ ਨੇ ਇਹ ਸਖਤ ਫੈਸਲਾ ਲਿਆ ਹੈ।