ਬਜਾਜ ਚੇਤਕ ਦੀ ਟੱਕਰ ’ਚ TVS ਦਾ ਇਲੈਕਟ੍ਰਿਕ ਸਕੂਟਰ ਲਾਂਚ, ਜਾਣੋ ਕੀਮਤ ਤੇ ਖੂਬੀਆਂ

01/27/2020 11:07:37 AM

ਆਟੋ ਡੈਸਕ– ਦੋਪਹੀਆ ਵਾਹਨ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ ਆਪਣਾ TVS iQube ਸਕੂਟਰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਬਜਾਜ ਤੋਂ ਬਾਅਦ ਟੀ.ਵੀ.ਐੱਸ. ਭਾਰਤ ਦੀ ਦੂਜੀ ਕੰਪਨੀ ਬਣ ਗਈ ਹੈ ਜਿਸ ਨੇ ਭਾਰਤ ’ਚ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ ਬਜਾਜ ਨੇ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਸੀ। TVS iQube ’ਤੇ ਕੰਪਨੀ ਸਾਲ 2018 ਤੋਂ ਕੰਮ ਕਰ ਰਹੀ ਸੀ। ਕੰਪਨੀ ਨੇ 2 ਸਾਲ ਪਹਿਲਾਂ ਆਟੋ ਐਕਸਪੋ 2018 ’ਚ ਇਸ ਸਕੂਟਰ ਦਾ ਪ੍ਰੋਟੋਟਾਈਪ ਲਾਂਚ ਕੀਤਾ ਸੀ ਹੁਣ ਇਸ ਸਕੂਟਰ ਦਾ ਪ੍ਰੋਡਕਸ਼ਨ ਵਰਜ਼ਨ ਲਾਂਚ ਕਰ ਦਿੱਤਾ ਗਿਆ ਹੈ। 

ਕੀਮਤ ਤੇ ਉਪਲੱਬਧਤਾ
ਭਾਰਤ ’ਚ ਇਹ ਸਕੂਟਰ 1.15 ਲੱਖ ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਹ ਬੈਂਗਲੁਰੂ ’ਚ ਇਸ ਸਕੂਟਰ ਦੀ ਆਨਰੋਡ ਕੀਮਤ ਹੈ। ਸ਼ੁਰੂਆਤੀ ਦੌਰ ’ਚ ਇਹ ਸਕੂਟਰ ਸਿਰਫ ਬੈਂਗਲੁਰੂ ’ਚ ਹੀ ਉਪਲੱਬਧ ਹੋਵੇਗਾ। ਇਸ ਸਕੂਟਰ ਨੂੰ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਡੀਲਰਸ਼ਿਪ ’ਤੇ ਜਾ ਕੇ ਵੀ ਇਸ ਨੂੰ ਬੁੱਕ ਕਰਵਾ ਸਕਦੇ ਹੋ। 

TVS iQube ਦੀਆਂ ਖੂਬੀਆਂ
TVS iQube ’ਚ 4.4kW ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ ਜਿਸ ਦੀ ਟਾਪ ਸਪੀਡ 78km/h ਹੈ। ਇਹ ਸਕੂਟਰ 4.2 ਸੈਕਿੰਡ ’ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦਾ ਹੈ। ਸਿੰਗਲ ਚਾਰਜ ’ਤੇ ਇਹ ਸਕੂਟਰ 75 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗਾ। 

2 ਰਾਈਡਿੰਗ ਮੋਡਸ
ਇਸ ਸਕੂਟਰ ’ਚ 2 ਰਾਈਡਿੰਗ ਮੋਡਸ- ਇਕਾਨਮੀ ਅਤੇ ਪਾਵਰ ਮੋਡ ਮਿਲਦੇ ਹਨ। ਇਸ ਨਾਲ ਯੂਜ਼ਰ ਪਾਵਰ ਆਊਟਪੁਟ ਨੂੰ ਅਜਸਟ ਕਰ ਸਕਦਾ ਹੈ। 0 ਤੋਂ 100 ਫੀਸਦੀ ਤਕ ਚਾਰਜ ਹੋਣ ’ਚ 5 ਘੰਟੇ ਦਾ ਸਮਾਂ ਲਗਦਾ ਹੈ। 

ਬਜਾਜ ਚੇਤਕ ਇਲੈਕਟ੍ਰਿਕ ਨਾਲ ਮੁਕਾਬਲਾ
ਭਾਰਤ ’ਚ ਇਸ ਸਕੂਟਰ ਦਾ ਮੁਕਾਬਲਾ ਬਜਾਜ ਚੇਤਕ ਇਲੈਕਟ੍ਰਿਕ ਨਾਲ ਹੋਵੇਗਾ। ਬਜਾਜ ਚੇਤਕ ਇਲੈਕਟ੍ਰਿਕ ਦੋ ਵੇਰੀਐਂਟ (ਅਰਬਨ ਅਤੇ ਪ੍ਰੀਮੀਅਮ) ’ਚ ਉਪਲੱਬਧ ਹੈ। ਅਰਬਨ ਵੇਰੀਐਂਟ ਦੀ ਕੀਮਤ 1 ਲੱਖ ਰੁਪਏ ਅਤੇ ਪ੍ਰੀਮੀਅਮ ਦੀ 1.15 ਲੱਖ ਰੁਪਏ ਹੈ। ਬਜਾਜ ਦਾ ਇਹ ਇਲੈਕਟ੍ਰਿਕ ਸਕੂਟਰ ਸ਼ੁਰੂਆਤ ’ਚ ਪੁਣੇ ਅਤੇ ਬੈਂਗਲੁਰੂ ’ਚ ਮਿਲੇਗਾ। 2020 ਦੇ ਅੰਤ ਤਕ ਇਹ ਦੇਸ਼ ਦੇ ਦੂਜੇ ਸ਼ਹਿਰਾਂ ’ਚ ਉਪਲੱਬਧ ਹੋਵੇਗਾ। ਇਸ ਸਕੂਟਰ ’ਤੇ 3 ਸਾਲ ਜਾਂ 50 ਹਜ਼ਾਰ ਕਿਲੋਮੀਟਰ ਦੀ ਵਾਰੰਟੀ ਮਿਲੇਗੀ।