Alert! Whatsapp ''ਤੇ ਵਾਇਰਲ ਹੋ ਰਿਹੈ ‘Adidas free shoes’ ਵਾਲਾ ਫਰਜ਼ੀ ਮੈਸੇਜ

09/30/2019 10:45:32 AM

ਗੈਜੇਟ ਡੈਸਕ– ਜੇ ਤੁਸੀਂ ਵੀ ਚੈਟਿੰਗ ਜਾਂ ਕਾਲਿੰਗ ਕਰਨ ਲਈ  ਵਟਸਐਪ ਚਲਾਉਂਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਵਟਸਐਪ ਰਾਹੀਂ ਇਕ ਫਰਜ਼ੀ ਮੈਸੇਜ ਫਾਰਵਰਡ ਕੀਤਾ ਜਾ ਰਿਹਾ ਹੈ, ਜਿਸ ਵਿਚ ਐਡੀਡਾਸ ਦੇ ਜੁੱਤੇ ਮੁਫਤ ਵਿਚ ਹਾਸਲ ਕਰਨ ਦਾ ਲਾਲਚ ਦਿੱਤਾ ਗਿਆ ਹੈ। ਇਸ ਮੈਸੇਜ ਵਿਚ ਇਕ ਲਿੰਕ ਦੇਖਿਆ ਜਾ ਸਕਦਾ ਹੈ, ਜਿਸ 'ਤੇ ਕਲਿੱਕ ਕਰਨ 'ਤੇ ਤੁਹਾਡੇ  ਫੋਨ 'ਚ ਵਾਇਰਸ ਇੰਸਟਾਲ ਹੋ ਜਾਂਦਾ ਹੈ ਅਤੇ ਇਸ ਨਾਲ ਤੁਹਾਡਾ ਫੋਨ ਹੈਕ ਵੀ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਕੋਈ ਮੈਸੇਜ ਆਉਂਦਾ ਹੈ, ਜਿਸ ਵਿਚ 70ਵੀਂ ਵਰ੍ਹੇਗੰਢ ਮਨਾਉਣ ਲਈ ਐਡੀਡਾਸ ਵਲੋਂ 700 ਜੋੜੀ ਬੂਟ ਤੇ 7 ਹਜ਼ਾਰ ਟੀ-ਸ਼ਰਟਸ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ ਤਾਂ ਇਸ ਮੈਸੇਜ ਵੱਲ ਧਿਆਨ ਨਾ ਦਿਓ।

ਪਿਛਲੇ ਸਾਲ ਵੀ ਵਾਇਰਲ ਹੋਇਆ ਸੀ ਅਜਿਹਾ ਮੈਸੇਜ
ਇਸ ਤਰ੍ਹਾਂ ਦਾ ਇਕ ਫੇਕ ਮੈਸੇਜ ਪਿਛਲੇ ਸਾਲ ਵੀ ਵਾਇਰਲ ਹੋਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 93ਵੀਂ ਵਰ੍ਹੇਗੰਢ 'ਤੇ ਐਡੀਡਾਸ 3 ਹਜ਼ਾਰ ਜੋੜੀ ਬੂਟ ਵੰਡ ਰਿਹਾ ਹੈ। ਇਸ ਮੈਸੇਜ ਦੇ ਨਾਲ ਵੀ ਇਕ ਲਿੰਕ ਦਿੱਤਾ ਗਿਆ ਸੀ, ਜਿਸ 'ਤੇ ਕਲਿੱਕ ਕਰਨ 'ਤੇ ਬੂਟਾਂ ਨੂੰ ਕਲੇਮ ਕਰਨ ਦੀ ਗੱਲ ਕਹੀ ਗਈ ਸੀ ਪਰ ਇਹ ਵੀ ਫੇਕਸੀ।

ਚੋਰੀ ਹੋ ਸਕਦੈ ਤੁਹਾਡਾ ਨਿੱਜੀ ਡਾਟਾ
ਇਸ ਤਰ੍ਹਾਂ ਦੇ ਲੁਭਾਉਣੇ ਮੈਸੇਜਿਜ਼ ਨਾਲ ਯੂਜ਼ਰਸ ਸਕੈਮਰਸ ਦੇ ਝਾਂਸੇ ਵਿਚ ਆ ਜਾਂਦੇ ਹਨ। ਇਸ ਮੈਸੇਜ ਵਿਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਨ 'ਤੇ ਯੂਜ਼ਰ 'ਐਨੀਵਰਸੀਜ਼ ਡਾਟਵਿਨ' ਨਾਂ ਦੀ ਫਰਜ਼ੀ ਵੈੱਬਸਾਈਟ 'ਤੇ ਪਹੁੰਚ ਜਾਂਦਾ ਹੈ। ਇਹ ਵੈੱਬਸਾਈਟ ਯੂਜ਼ਰ ਦੀ ਨਿੱਜੀ ਜਾਣਕਾਰੀ ਲੈਣ ਦੇ ਨਾਲ ਹੀ ਇਹ ਫਰਜ਼ੀ ਮੈਸੇਜ ਹੋਰ 15 ਵਿਅਕਤੀਆਂ ਨੂੰ ਫਾਰਵਰਡ ਕਰਨ ਲਈ ਕਹਿੰਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਾਈਟ ਖੁਦ ਨੂੰ ਸਹੀ ਸਾਬਿਤ ਕਰਨ ਲਈ ਯੂਜ਼ਰ ਤੋਂ ਉਸ ਦੇ ਪੈਰ ਦਾ ਸਾਈਜ਼ ਵੀ ਮੰਗਦੀ ਹੈ।

ਹੋਰ ਕੰਪਨੀਆਂ ਦੇ ਨਾਂ ਨਾਲ ਵੀ ਫੈਲਾਏ ਜਾ ਰਹੇ ਹਨ ਫੇਕ ਮੈਸੇਜ
ਇਸ ਸਕੈਮ ਦਾ ਸ਼ਿਕਾਰ ਸਿਰਫ ਐਡੀਡਾਸ ਕੰਪਨੀ ਹੀ ਨਹੀਂ ਹੋਈ, ਸਗੋਂ ਮਸ਼ਹੂਰ ਫੈਸ਼ਨ ਬ੍ਰਾਂਡ ਜ਼ਾਰਾ ਦਾ ਵੀ ਸਕੈਮਰਸ ਆਪਣੇ ਫਾਇਦੇ ਲਈ ਵਰਤੋਂ ਕਰ ਚੁੱਕੇ  ਹਨ। ਇਸ ਦੌਰਾਨ ਵੀ ਇਕ ਮਾਲਵੇਅਰ ਤੋਂ ਪ੍ਰਭਾਵਿਤ ਲਿੰਕ 'ਤੇ ਕਲਿੱਕ ਕਰਨ ਲਈ ਕਿਹਾ ਗਿਆ ਸੀ।

ਲੋਕਾਂ ਤਕ ਪਹੁੰਚ ਰਿਹੈ ਐਮਾਜ਼ੋਨ ਸੇਲ ਦਾ ਵੀ ਫਰਜ਼ੀ ਮੈਸੇਜ
ਇਨ੍ਹੀਂ ਦਿਨੀਂ ਵਟਸਐਪ 'ਤੇ ਇਕ ਹੋਰ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਐਮਾਜ਼ੋਨ ਗ੍ਰੇਟ ਇੰਡੀਅਨ ਸੇਲ ਦਾ ਜ਼ਿਕਰ ਕੀਤਾ ਗਿਆ ਹੈ। ਜਾਅਲਸਾਜ਼ ਇਸ ਮੈਸੇਜ ਰਾਹੀਂ ਯੂਜ਼ਰਜ਼ ਨੂੰ 'ਸਪਿਨ ਐਂਡ ਵਿਨ' ਆਫਰ ਦੇ ਰਹੇ ਹਨ। ਰਿਪੋਰਟ ਅਨੁਸਾਰ ਲੋਕਾਂ ਨੂੰ ਅਜਿਹਾ ਹੀ ਫਰਾਡ ਮੈਸੇਜ ਮਿਲਿਆ ਹੈ, ਜਿਸ ਵਿਚ ਲਿਖਿਆ ਹੈ ਕਿ 'ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ' ਮੌਕੇ ਤੁਹਾਨੂੰ SPIN AND WIN ਆਫਰ ਦੇ ਰਹੀ ਹੈ। ਇਸ ਵਿਚ ਤੁਹਾਨੂੰ ਇਕ ਤੋਹਫਾ ਦਿੱਤਾ ਜਾਵੇਗਾ। ਹੇਠਾਂ ਦਿੱਤੇ ਗਏ ਨੀਲੇ ਲਿੰਕ 'ਤੇ ਕਲਿੱਕ ਕਰੋ ਅਤੇ ਹਜ਼ਾਰਾਂ ਦੇ ਤੋਹਫੇ ਜਿੱਤੋ।

ਵਟਸਐਪ ਯੂਜ਼ਰਸ ਲਈ ਸਲਾਹ
ਵਟਸਐਪ ਯੂਜ਼ਰਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ ਮਿਲਦਾ ਹੈ ਤਾਂ ਉਸ 'ਤੇ ਯਕੀਨ ਨਾ ਕਰੋ ਅਤੇ ਅੱਗੇ ਫਾਰਵਰਡ ਕਰਨ ਤੋਂ ਵੀ ਬਚੋ, ਤਾਂ ਹੀ ਇਸ ਤਰ੍ਹਾਂ ਦੇ ਫੇਕ ਮੈਸੇਜਿਜ਼ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ।