ਸੈਲਫੀ ਕੈਮਰਾ ਰੈਕਿੰਗ ’ਚ ਇਸ ਸਮਾਰਟਫੋਨ ਨੇ ਮਾਰੀ ਬਾਜ਼ੀ, ਐਪਲ 10ਵੇਂ ਨੰਬਰ ’ਤੇ

01/24/2019 1:04:47 PM

ਗੈਜੇਟ ਡੈਸਕ– DxOMark ਕੈਮਰੇ ਦੇ ਟੈਸਟਿੰਗ ਰਾਹੀਂ ਉਨ੍ਹਾਂ ਨੂੰ ਰੈਂਕ ਕਰਦਾ ਹੈ। ਅਜੇ ਤਕ ਇਹ ਬੈਂਚਮਾਰਕਿੰਗ ਪਲੈਟਫਾਰਮ ਸਿਰਫ ਕੈਮਰਾ ਅਤੇ ਸਮਾਰਟਫੋਨ ਦੇ ਰੀਅਰ ਕੈਮਰਾ ਨੂੰ ਟੈਸਟ ਕਰਦਾ ਸੀ ਪਰ ਹੁਣ DxOMark ਨੇ ਸਮਾਰਟਫੋਨ ਦੇ ਫਰੰਟ ਕੈਮਰਾ ਨੂੰ ਵੀ ਟੈਸਟ ਕੀਤਾ ਹੈ। DxOMark ਨੇ ਇਸ ਰੈਂਕਿੰਗ ਦੀ ਜਾਣਕਾਰੀ ਖੁਦ ਦਿੱਤੀ ਹੈ। ਇਸ ਲਿਸਟ ’ਚ ਸਭ ਤੋਂ ਪਹਿਲਾਂ ਨਾਂ ਗੂਗਲ ਪਿਕਸਲ 3 ਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਮਾਰਟਫੋਨ ਇਕ ਬਿਹਤਰੀਨ ਕੈਮਰੇ ਦੇ ਨਾਲ ਆਉਂਦਾ ਹੈ। ਰੀਅਰ ਕੈਮਰਾ ਕੁਆਲਿਟੀ ’ਚ ਗੂਗਲ ਪਿਕਸਲ ਸੀਰੀਜ਼ ਹਮੇਸ਼ਾ ਤੋਂ DxOMark ਦੀ ਲਿਸਟ ’ਚ ਆਉਂਦੀ ਰਹੀ ਹੈ। ਇਸ ਵਾਰ ਫਰੰਟ ਕੈਮਰਾ ਸਕੋਰ ’ਚ ਵੀ ਗੂਗਲ ਪਿਕਸਲ 3 ਨੇ ਬਾਜ਼ੀ ਮਾਰੀ ਹੈ। ਲਿਸਟ ’ਚ ਇਸ ਤੋਂ ਬਾਅਦ ਸੈਮਸੰਗ ਗਲੈਕਸੀ ਨੋਟ 9, ਸਾਓਮੀ ਮੀ ਮਿਕਸ 3, ਐਪਲ ਆਈਫੋਨ XS ਮੈਕਸ ਅਤੇ ਸੈਮਸੰਗ ਗਲੈਕਸੀ S9 ਪਲੱਸ, ਗੂਗਲ ਪਿਕਸਲ 2, ਹੁਵਾਵੇਈ ਮੈਟ 20 ਪ੍ਰੋ, ਸੈਮਸੰਗ ਗਲੈਕਸੀ S8 ਅਤੇ ਪੀ20 ਪ੍ਰੋ ਵੀ ਇਸ ਲਿਸਟ ’ਚ ਸ਼ਾਮਲ ਹਨ। ਇਸ ਲਿਸਟ ’ਚ ਐਪਲ ਆਈਫੋਨ ਐਕਸ 10ਵੇਂ ਸਥਾਨ ’ਤੇ ਹੈ। 

ਇਸ ਆਧਾਰ ’ਤੇ ਕੀਤੀ ਗਈ ਸਮਾਰਟਫੋਨ ਰੈਂਕਿੰਗ
DxOMark ਦਾ ਕਹਿਣਾ ਹੈ ਕਿ ਟੈਸਟਿੰਗ ਦੌਰਾਨ ਵੱਖ-ਵੱਖ ਹਾਲਾਤ ’ਚ ਘੱਟੋ-ਘੱਟ 1,500 ਤਸਵੀਰਾਂ ਅਤੇ 2 ਘੰਟਿਆਂ ਤੋਂ ਜ਼ਿਆਦਾ ਦੀ ਵੀਡੀਓਰਿਕਾਰਡਿੰਗ ਕੀਤੀ ਗਈ। ਕੰਪਨੀ ਦਾ ਕਹਿਣਾ ਹੈ ਕਿ ਰੀਅਰ ਫੇਸਿੰਗ ਕੈਮਰਿਆਂ ਦੀ ਰੈਂਕਿੰਗ ਦੌਰਾਨ ਜੋ ਪ੍ਰਕਿਰਿਆ ਅਪਣਾਈ ਜਾਂਦੀ ਹੈ, ਇਸ ਰੈਂਕਿੰਗ ’ਚ ਵੀ ਉਹੀ ਟੈਸਟ ਕੀਤੇ ਗਏ ਹਨ। ਐਕਸਪੋਜ਼ਰ, ਕਲਰ, ਫੋਕਸ, ਟੈਕਸਚਰ ਅਤੇ ਫਲੈਸ਼ ਲਈ ਸੈਲਫੀ ਸਕੋਰ ਨੂੰ ਸਬ-ਕੈਟਾਗਿਰੀ ’ਚ ਵੰਡਿਆ ਗਿਆ। ਹਾਲਾਂਕਿ ਸੈਲਫੀ ਕੈਮਰਾ ਸਕੋਰ ਦਾ ਰੀਅਰ ਕੈਮਰਾ ਕੁਆਲਿਟੀ ਨਾਲ ਸਿੱਧਾ ਕੋਈ ਨਾਤਾ ਨਹੀਂ ਹੈ। ਉਦਾਹਰਣ ਲਈ ਹੁਵਾਵੇਈ ਮੈਟ 20 ਰੀਅਰ ਕੈਮਰਾ ਸਕੋਰ ’ਚ 109 ਪੁਆਇੰਟ ਦੇ ਨਾਲ ਟਾਪ ’ਤੇ ਹੈ ਪਰ ਇਸ ਦਾ ਸੈਲਫੀ ਕੈਮਰਾ ਸਕੋਰ ਸਿਰਫ 78 ਹੈ। ਜੇਕਰ ਅਸੀਂ ਰੀਅਰ ਅਤੇ ਸੈਲਫੀ ਕੈਮਰੇ ਦੇ ਸਕੋਰ ਨੂੰ ਜੋੜ ਦਿੰਦੇ ਹਾਂ ਤਾਂ ਸੈਮਸੰਗ ਗਲੈਕਸੀ ਨੋਟ 9 ਟਾਪ ’ਤੇ ਪਹੁੰਚ ਜਾਂਦਾ ਹੈ ਅਤੇ ਇਸ ਦਾ ਸਕੋਰ 195 ਹੈ। ਗੂਗਲ ਪਿਕਸਲ 3 ਦਾ ਸਕੋਰ 193 ਪੁਆਇੰਟ ’ਤੇ ਪਹੁੰਚ ਜਾਂਦਾ ਹੈ।