ਬਣਾਈ ਗਈ ਪਹਿਲੀ ਸੋਲਰ ਪਾਵਰਡ ਕਾਰ, ਛੱਤ ਤੇ ਬੋਨਟ 'ਤੇ ਲੱਗੇ ਸੋਲਰ ਪੈਨਲਜ਼

06/27/2019 10:40:16 AM

ਆਟੋ ਡੈਸਕ– ਚੌਗਿਰਦੇ 'ਚ ਵਧ ਰਹੇ ਪ੍ਰਦੂਸ਼ਣ ਵੱਲ ਧਿਆਨ ਦਿੰਦਿਆਂ ਨਵੀਂ ਤਕਨੀਕ 'ਤੇ ਆਧਾਰਿਤ ਅਜਿਹੀ ਸੋਲਰ ਪਾਵਰਡ ਕਾਰ ਤਿਆਰ ਕੀਤੀ ਗਈ ਹੈ, ਜੋ ਸੂਰਜੀ ਊਰਜਾ ਨਾਲ ਆਪਣੇ-ਆਪ ਚਾਰਜ ਹੋ ਜਾਂਦੀ ਹੈ। ਇਹ ਕਾਰ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਐਨਰਜੀ ਪੈਦਾ ਕਰ ਕੇ ਕੰਮ ਕਰਨ ਲਈ ਬਣਾਈ ਗਈ ਹੈ। ਡੱਚ ਕੰਪਨੀ 'ਲਾਈਟ ਯੀਅਰ' ਨੇ ਸੂਰਜੀ ਊਰਜਾ ਨਾਲ ਚਾਰਜ ਹੋਣ ਵਾਲੀ ਪਹਿਲੀ ਲੌਂਗ ਰੇਂਜ ਕਾਰ ਦਾ ਪ੍ਰੋਟੋਟਾਈਪ ਪਹਿਲੀ ਵਾਰ ਦੁਨੀਆ ਸਾਹਮਣੇ ਦਿਖਾਇਆ ਹੈ। ਕੰਪਨੀ ਨੇ ਇਸ ਨੂੰ  Lightyear One ਨਾਂ ਨਾਲ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸੂਰਜ ਦੀ ਰੌਸ਼ਨੀ ਨਾਲ ਚਾਰਜ ਹੁੰਦੀ ਹੈ ਅਤੇ ਜੇ ਇਸ ਨੂੰ ਪੂਰੀ ਤਰ੍ਹਾਂ ਚਾਰਜ ਕੀਤਾ ਜਾਵੇ ਤਾਂ ਇਸ ਨਾਲ ਇਕ ਵਾਰ ਵਿਚ 725 ਕਿਲੋਮੀਟਰ ਤਕ ਦਾ ਰਸਤਾ ਤਹਿ ਕੀਤਾ ਜਾ ਸਕਦਾ ਹੈ, ਜੋ ਬਹੁਤ ਜ਼ਿਆਦਾ ਹੈ।

ਬਿਜਲੀ ਨਾਲ ਵੀ ਕਰ ਸਕਦੇ ਹੋ ਚਾਰਜ
ਇਸ ਵਿਚ ਲੱਗੀ ਬੈਟਰੀ ਸਿੱਧੇ ਤੌਰ 'ਤੇ ਸੂਰਜ ਦੀ ਰੌਸ਼ਨੀ ਨਾਲ ਚਾਰਜ ਹੁੰਦੀ ਹੈ ਪਰ ਲੋੜ ਪੈਣ 'ਤੇ ਤੁਸੀਂ ਬਿਜਲੀ ਦੀ ਤਾਰ ਲਾ ਕੇ ਇਸ ਨੂੰ ਘਰ ਅਤੇ ਚਾਰਜਿੰਗ ਸਟੇਸ਼ਨ 'ਤੇ ਵੀ ਫਾਸਟ ਚਾਰਜ ਕਰ ਸਕਦੇ ਹੋ। ਖਾਸ ਤੌਰ 'ਤੇ ਇਸ ਨੂੰ ਲੰਮੀਆਂ ਰੋਡ ਟ੍ਰਿਪਸ ਦੌਰਾਨ ਵਰਤੋਂ ਵਿਚ ਲਿਆਉਣ ਲਈ ਤਿਆਰ ਕੀਤਾ ਗਿਆ ਹੈ।

ਕਾਰ 'ਤੇ ਲੱਗਾ ਸੇਫਟੀ ਗਲਾਸ
ਕਾਰ ਦੀ ਛੱਤ ’ਤੇ 5 ਸਕੁਏਅਰ ਮੀਟਰ ਦੇ ਸੂਰਜੀ ਸੈੱਲ ਲੱਗੇ ਹਨ, ਜਿਨ੍ਹਾਂ ਉੱਪਰ ਸੇਫਟੀ ਗਲਾਸ ਵੀ ਲਾਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਗਲਾਸ ਕਾਫੀ ਮਜ਼ਬੂਤ ਹੈ ਅਤੇ ਜੇ ਇਸ ਦੇ ਉੱਪਰ ਇਕ ਬਾਲਗ ਵਿਅਕਤੀ ਵੀ  ਚੜ੍ਹੇਗਾ ਤਾਂ ਵੀ ਇਸ 'ਤੇ ਡੈਂਟ ਤਕ ਨਹੀਂ ਪਵੇਗਾ। ਇਨ੍ਹਾਂ ਸੋਲਰ ਸੈੱਲਜ਼ ਦਾ ਡਿਜ਼ਾਈਨ ਕਾਫੀ ਲਾਈਟਵੇਟ ਬਣਾਇਆ ਗਿਆ ਹੈ। ਇਹ ਸੈੱਲਜ਼ ਊਰਜਾ ਵੀ ਕਾਫੀ ਤੇਜ਼ੀ ਨਾਲ ਪੈਦਾ ਕਰਦੇ ਹਨ।

2 ਚਾਰਜਿੰਗ ਆਪਸ਼ਨਜ਼
ਕਾਰ ਦੀ ਛੱਤ 'ਤੇ ਲੱਗੇ ਸੋਲਰ ਪੈਨਲ 1 ਘੰਟੇ ਵਿਚ 12 ਕਿਲੋਮੀਟਰ ਤਕ ਕਾਰ ਚਲਾਉਣ ਜਿੰਨੀ ਬੈਟਰੀ ਚਾਰਜ ਕਰ ਦਿੰਦੇ ਹਨ। ਲੋੜ ਪੈਣ 'ਤੇ ਤੁਸੀਂ ਰੈਗੂਲਰ 230V ਸਾਕੇਟ ਨਾਲ ਵੀ ਇਸ ਨੂੰ ਚਾਰਜ ਕਰ ਸਕਦੇ ਹੋ। ਇਕ ਪੂਰੀ ਰਾਤ ਇਸ ਨੂੰ ਚਾਰਜਿੰਗ 'ਤੇ ਲਾ ਕੇ ਤੁਸੀਂ ਲਗਭਗ 400 ਕਿਲੋਮੀਟਰ ਤਕ ਦਾ ਸਫਰ ਤਹਿ ਕਰ ਸਕਦੇ ਹੋ।

ਵੱਡੀ ਮਾਤਰਾ 'ਚ ਬਣਾਈਆਂ ਜਾਣ ਅਜਿਹੀਆਂ ਕਾਰਾਂ
ਦੱਸ ਦੇਈਏ ਕਿ ਲਾਈਟ ਯੀਅਰ ਇਕ ਨਵੀਂ ਕੰਪਨੀ ਹੈ, ਜਿਸ ਨੂੰ ਸਾਲ 2016 ਵਿਚ ਹੀ ਸ਼ੁਰੂ ਕੀਤਾ ਗਿਆ ਹੈ। ਇਸ ਦੇ ਮੋਢੀ ਦਾ ਨਾਂ ਸਟੈਲਾ ਹੈ, ਜਿਨ੍ਹਾਂ ਨੇ ਇਹ ਸੋਲਰ ਕਾਰ ਖਾਸ ਤੌਰ 'ਤੇ ਵਿਕਸਿਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਾਂ ਵੱਡੀ ਗਿਣਤੀ 'ਚ ਬਣਾਈਆਂ ਜਾਣ, ਜਿਸ ਨਾਲ ਚੌਗਿਰਦੇ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਬੇਹੱਦ ਭਾਰੀ ਕੀਮਤ
ਇਸ ਕਾਰ ਦੀਆਂ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਸ ਦੀ ਕੀਮਤ ਬਾਰੇ ਜਾਣਨ 'ਤੇ ਹੋ ਸਕਦਾ ਹੈ ਕਿ ਤੁਸੀਂ ਹੈਰਾਨ ਰਹਿ ਜਾਓ। ਨਵੀਂ ਤਕਨੀਕ 'ਤੇ ਆਧਾਰਿਤ ਇਸ ਕਾਰ ਦੀ ਕੀਮਤ 1.35 ਲੱਖ ਅਮਰੀਕੀ ਡਾਲਰ (ਲਗਭਗ 93.40 ਲੱਖ ਰੁਪਏ) ਰੱਖੀ ਗਈ ਹੈ। ਫਿਲਹਾਲ ਸਿਰਫ 500 ਕਾਰਾਂ ਬਣਾਏ ਜਾਣ ਦੀ ਯੋਜਨਾ ਹੈ, ਜਿਨ੍ਹਾਂ ਨੂੰ ਸਾਲ 2021 ਤਕ ਮੁਹੱਈਆ ਕਰਵਾਇਆ ਜਾਵੇਗਾ।