ਸਰਕਾਰ ਨੇ ਕੰਪਨੀਆਂ ਤੋਂ ਮੰਗੇ ਮੋਬਾਇਲ ਦੇ ਯੂਨੀਕ ਕੋਡ, ਫੋਨ ’ਤੇ ਹੋਣ ਵਾਲੇ ਫਰਾਡ ’ਤੇ ਲੱਗੇਗੀ ਰੋਕ

09/24/2019 10:38:28 AM

ਗੈਜੇਟ ਡੈਸਕ– ਭਾਰਤ 'ਚ ਮੋਬਾਇਲਾਂ ਦੇ ਚੋਰੀ ਹੋਣ ਜਾਂ ਗੁਆਚਣ ਦੀ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ (DoT) ਨੇ ਹੈਂਡਸੈੱਟ ਨਿਰਮਾਤਾ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਡਿਵਾਈਸਿਜ਼ (ਮੋਬਾਇਲ ਤੇ ਹੋਰ) ਦੇ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਅਗਲੇ 2 ਮਹੀਨਿਆਂ ਅੰਦਰ ਸਰਕਾਰ ਨੂੰ ਮੁਹੱਈਆ ਕਰਵਾਉਣ।
ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਉਦੇਸ਼ ਨਾਲ ਦੇਸ਼ ਵਿਚ ਫੋਨ ਬਣਾਉਣ ਵਾਲੀਆਂ ਭਾਰਤੀ ਤੇ ਵਿਦੇਸ਼ੀ ਫਰਮਾਂ ਨੂੰ ਫੋਨ ਦੇ ਯੂਨੀਕ ਕੋਡ ਅਗਲੇ 2 ਮਹੀਨਿਆਂ ਵਿਚ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਲੇ ਨਾਲ ਹੈਂਡਸੈੱਟ ਕੰਪਨੀਆਂ ਸਹਿਮਤੀ ਪ੍ਰਗਟਾਅ ਰਹੀਆਂ ਹਨ ਕਿਉਂਕਿ ਇਸ ਨਾਲ ਸਮਾਰਟਫੋਨ 'ਤੇ ਹੋਣ ਵਾਲਾ ਫਰਾਡ ਰੋਕਿਆ ਜਾ ਸਕੇਗਾ।

ਕੀ ਹੈ ਫੋਨ ਦਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ
ਫੋਨ ਦਾ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ 15 ਅੰਕਾਂ ਦਾ ਕੋਡ ਹੁੰਦਾ ਹੈ, ਜਿਸ ਨੂੰ  IMEI ਨੰਬਰ (ਇੰਟਰਨੈਸ਼ਨਲ ਮੋਬਾਇਲ ਇਕਵਿਪਮੈਂਟ ਆਈਡੈਂਟਿਟੀ) ਵੀ ਕਿਹਾ ਜਾਂਦਾ ਹੈ। ਯੂਜ਼ਰ ਜਦੋਂ ਫੋਨ ਰਾਹੀਂ ਕਾਲ ਕਰਦਾ ਹੈ ਤਾਂ ਰਿਕਾਰਡ ਵਿਚ ਫੋਨ ਨੰਬਰ ਨਾਲ ਡਿਵਾਈਸ ਦਾ IMEI ਵੀ ਸੇਵ ਹੁੰਦਾ ਹੈ। ਹਰ ਡਿਵਾਈਸ ਦੇ IMEI ਨੰਬਰ ਨੂੰ ਗਲੋਬਲ ਇੰਡਸਟਰੀ ਬਾਡੀ GSMA ਤੈਅ ਕਰਦੀ ਹੈ, ਜਿਸ ਨੂੰ ਜੇ ਤੁਸੀਂ ਚਾਹੋ ਤਾਂ ਫੋਨ 'ਤੇ *#06# ਟਾਈਪ ਕਰ ਕੇ ਚੈੱਕ ਕਰ ਸਕਦੇ ਹੋ।

ਮੋਬਾਇਲ ਲੱਭਣ 'ਚ ਸਰਕਾਰ ਨੂੰ ਮਿਲੇਗੀ ਮਦਦ
ਕੇਂਦਰ ਸਰਕਾਰ ਨੇ ਇਸੇ ਮਹੀਨੇ ਇਕ ਪੋਰਟਲ ਲਾਂਚ ਕੀਤਾ ਸੀ, ਜਿਸ ਰਾਹੀਂ ਗਾਇਬ ਜਾਂ ਚੋਰੀ ਹੋਏ ਮੋਬਾਇਲ ਦਾ ਪਤਾ ਲਾਇਆ ਜਾ ਸਕਦਾਹੈ। ਅਜੇ ਇਸ ਸਿਸਟਮ ਨੂੰ ਮੁੰਬਈ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ। ਪਵਨ ਦੁੱਗਲ ਜੋ ਸਾਈਬਰ ਲਾਅ 'ਚ ਮਾਹਿਰ ਹਨ, ਨੇ ਦੱਸਿਆ ਕਿ ਮੋਬਾਇਲ ਫੋਨ ਦੀ ਮੈਨੂਫੈਕਚਰਿੰਗ ਵੇਲੇ ਜੇ ਸਰਕਾਰ ਨੂੰ IMEI ਨੰਬਰ ਦਿੱਤਾ ਜਾਵੇ ਤਾਂ ਇਸ ਨਾਲ ਦੇਸ਼ ਵਿਚ ਮੋਬਾਇਲ ਨਾਲ ਜੁੜੇ ਅਪਰਾਧਾਂ 'ਤੇ ਲਗਾਮ ਕੱਸਣ ਵਿਚ ਕਾਫੀ ਮਦਦ ਮਿਲੇਗੀ। ਫੋਨ ਨਿਰਮਾਤਾਵਾਂ ਵਲੋਂ ਸਰਕਾਰ ਨੂੰ IMEI ਨੰਬਰ ਦੇਣ ਨਾਲ ਯੂਜ਼ਰਜ਼ ਦੀ ਨਿੱਜਤਾ 'ਤੇ ਅਸਰ ਨਹੀਂ ਪਵੇਗਾ ਪਰ ਇਸ ਨਾਲ ਸਰਕਾਰ ਨੂੰ ਨਾਗਰਿਕਾਂ ਨੂੰ ਮੋਬਾਇਲ ਫਰਾਡ ਤੇ ਘਪਲਿਆਂ ਤੋਂ ਬਚਾਉਣ ਵਿਚ ਕਾਫੀ ਮਦਦ ਮਿਲੇਗੀ।

ਇੰਝ IMEI ਨੰਬਰ ਨਾਲ ਟਰੈਕ ਹੋ ਸਕਦੈ ਫੋਨ
ਦੱਸ ਦੇਈਏ ਕਿ IMEI ਨੰਬਰ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਫੋਨ ਦੀ ਵਰਤੋਂ ਕਿਸ ਲੋਕੇਸ਼ਨ 'ਤੇ ਹੋ ਰਹੀ ਹੈ। ਇਸ ਦੀ ਮਦਦ ਨਾਲ ਸ਼ੱਕੀ ਸਰਗਰਮੀ ਹੋਣ 'ਤੇ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ (DoT) ਫੋਨ ਨੂੰ ਆਸਾਨੀ ਨਾਲ ਟਰੇਸ ਜਾਂ ਬਲਾਕ ਕਰ ਸਕਦਾ ਹੈ।
ਜੇ ਫੋਨ ਵਿਚ ਨਵਾਂ ਸਿਮ ਕਾਰਡ ਪਾ ਕੇ ਚਲਾਇਆ ਜਾ ਰਿਹਾ ਹੈ ਤਾਂ ਟੈਲੀਕਾਮ ਕੰਪਨੀ ਡਿਪਾਰਟਮੈਂਟ ਨੂੰ ਨਵੇਂ ਕਾਲਰ ਦੀ ਜਾਣਕਾਰੀ ਮੁਹੱਈਆ ਕਰਵਾ ਸਕਦੀ ਹੈ, ਜਿਸ ਤੋਂ ਬਾਅਦ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਫੋਨ ਦਾ ਪਤਾ ਲਾ ਲਵੇਗਾ।
ਅਧਿਕਾਰੀ ਨੇ ਦੱਸਿਆ ਕਿ ਦੇਸ਼ ਵਿਚ ਦਰਾਮਦ ਹੋਣ ਵਾਲੇ ਸਾਰੇ ਫੋਨਜ਼ ਦੀ ਜਾਣਕਾਰੀ ਸਾਡੇ ਕੋਲ ਰਹਿੰਦੀ ਹੈ ਅਤੇ ਟੈਲੀਕਾਮ ਵਿਭਾਗ ਤੇ ਕਸਟਮ ਡਿਪਾਰਟਮੈਂਟ ਇਨ੍ਹਾਂ ਹੈਂਡਸੈੱਟ ਦੇ IEMI ਨੰਬਰਾਂ ਦਾ ਰਿਕਾਰਡ ਆਪਣੇ ਕੋਲ ਰੱਖਦਾ ਹੈ ਪਰ ਹੁਣ ਅਸੀਂ ਘਰੇਲੂ ਨਿਰਮਾਤਾਵਾਂ ਤੋਂ ਵੀ ਕੋਡ ਦੀ ਮੰਗ ਕਰ ਰਹੇ ਹਾਂ।

2 ਸਾਲਾਂ ਤੋਂ ਲਗਾਤਾਰ ਚੱਲ ਰਿਹੈ ਕੰਮ
ਪਿਛਲੇ 2 ਸਾਲਾਂ ਤੋਂ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਦੇ ਡਾਟਾਬੇਸ ਸੈਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ (CEIR) 'ਤੇ ਕੰਮ ਕਰ ਰਿਹਾ ਹੈ। IMEI ਨੰਬਰ ਹਰੇਕ ਫੋਨ ਦਾ ਅਨੋਖਾ ਹੁੰਦਾ ਹੈ, ਜਿਸ ਨੂੰ ਪ੍ਰੋਗਰਾਮ ਕਰ ਕੇ ਪਾਇਆ ਜਾਂਦਾ ਹੈ। ਫਰਾਡ ਕਰਨ ਵਾਲੇ ਲੋਕ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ ਜਾਂ ਬਨਾਉਟੀ ਫੋਨ ਤਿਆਰ ਕਰਨ ਵੇਲੇ ਵਰਤੋਂ ਵਿਚ ਲਿਆਉਂਦੇ ਹਨ ਪਰ ਜੇ ਸਰਕਾਰ ਕੋਲ ਸਾਰੇ ਫੋਨਜ਼ ਦਾ ਡਾਟਾ ਮੌਜੂਦ ਹੋਵੇਗਾ ਤਾਂ ਆਸਾਨੀ ਨਾਲ ਫੋਨ ਦੀ ਪਛਾਣ ਕੀਤੀ ਜਾ ਸਕੇਗੀ।