ਹੁਣ ਬੂਟਿਆਂ ਦੀਆਂ ਬੀਮਾਰੀਆਂ ਦੀ ਵੀ ਪਛਾਣ ਕਰੇਗਾ ਸਮਾਰਟਫੋਨ

08/02/2019 10:40:48 AM

ਗੈਜੇਟ ਡੈਸਕ– ਬੂਟਿਆਂ ਦੀਆਂ ਬੀਮਾਰੀਆਂ ਦੀ ਪਛਾਣ ਕਰਨ ਲਈ ਹੁਣ ਅਜਿਹਾ ਸਮਾਰਟਫੋਨ ਕੁਨੈਕਟਿਡ ਯੰਤਰ ਤਿਆਰ ਕੀਤਾ ਗਿਆ ਹੈ, ਜੋ ਕੁਝ ਹੀ ਮਿੰਟਾਂ ਵਿਚ ਦੱਸ ਦੇਵੇਗਾ ਕਿ ਬੂਟੇ ਨੂੰ ਕਿਹੜੀ ਬੀਮਾਰੀ ਹੈ। ਤੁਹਾਨੂੰ ਬਸ ਬੂਟੇ ਦਾ ਇਕ ਪੱਤਾ ਲੈਣਾ ਪਵੇਗਾ, ਜੋ ਇਸ ਪੂਰੀ ਪ੍ਰਕਿਰਿਆ ਨੂੰ ਆਸਾਨੀ ਨਾਲ ਅੰਜਾਮ ਦੇਣ ਵਿਚ ਮਦਦ ਕਰੇਗਾ। ਨਵੀਂ ਤਕਨੀਕ ਦੇ ਆਉਣ ਨਾਲ ਕਈ ਦਿਨਾਂ ਦੀ ਜਾਂਚ ਪ੍ਰਕਿਰਿਆ ਕੁਝ ਹੀ ਮਿੰਟਾਂ ਵਿਚ ਪੂਰੀ ਕੀਤੀ ਜਾ ਸਕੇਗੀ।

ਪੇਪਰ ਸਟ੍ਰਿਪ ਦੀ ਕੀਤੀ ਜਾਵੇਗੀ ਵਰਤੋਂ
ਯੰਤਰ ਦੇ ਚੈਂਬਰ ਵਿਚ ਪੇਪਰ ਨਾਲ ਬਣੀ ਸਟ੍ਰਿਪ ਲਾਈ ਗਈ ਹੈ, ਜੋ ਪੱਤੇ ਵਿਚੋਂ ਨਿਕਲਣ ਵਾਲੀ ਗੈਸ ਰਾਹੀਂ ਪੇਪਰ ਸਟ੍ਰਿਪ ਦਾ ਰੰਗ ਬਦਲ ਦੇਵੇਗੀ। ਇਸ ਤੋਂ ਬਾਅਦ ਫੋਨ ਦਾ ਕੈਮਰਾ ਇਨ੍ਹਾਂ ਫੋਟੋਆਂ ਦੀ ਜਾਂਚ ਕਰੇਗਾ ਅਤੇ ਐਪ ਦੀ ਮਦਦ ਨਾਲ ਸਮਾਰਟਫੋਨ ਦੀ ਸਕਰੀਨ 'ਤੇ ਜਾਣਕਾਰੀ ਦਿਖਾ ਦੇਵੇਗਾ। ਦੱਸ ਦੇਈਏ ਕਿ ਅੱਜ ਦੇ ਸਮੇਂ ਵਿਚ ਯੂਜ਼ਰਜ਼ ਇਨ੍ਹਾਂ ਸਟ੍ਰਿਪਸ ਦੇ ਰੰਗਾਂ ਰਾਹੀਂ ਮੈਨੂਅਲੀ ਬੂਟੇ ਦੀ ਬੀਮਾਰੀ ਦਾ ਪਤਾ ਲਾਉਂਦੇ ਸਨ। ਇਸ ਤਰ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਹੁਣ ਤਕ ਬੂਟੇ ਨੂੰ ਲੈਬ ਵਿਚ ਭੇਜਿਆ ਜਾਂਦਾ ਸੀ, ਜਿਸ ਦੇ ਲਈ ਕਈ ਦਿਨਾਂ ਤੇ ਮਹੀਨਿਆਂ ਦਾ ਸਮਾਂ ਲੱਗਦਾ ਸੀ ਪਰ ਹੁਣ ਇਸ ਯੰਤਰ ਰਾਹੀਂ  ਕੁਝ ਹੀ ਮਿੰਟਾਂ ਵਿਚ ਬੂਟੇ ਦੀ ਬੀਮਾਰੀ ਬਾਰੇ ਪਤਾ ਲਾਇਆ ਜਾ ਸਕੇਗਾ।

ਇੰਝ ਕੰਮ ਕਰਦਾ ਹੈ ਹੈਂਡਹੈਲਡ ਰੀਡਰ
ਇਹ ਹੈਂਡਹੈਲਡ ਰੀਡਰ ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਤਿਆਰ ਕੀਤਾ ਹੈ। ਇਹ ਯੰਤਰ ਕਿਸਾਨ ਦੇ ਸਮਾਰਟਫੋਨ ਦੇ ਕੈਮਰਾ ਲੈਂਜ਼ ਦੇ ਉੱਪਰ ਹੀ ਫਿੱਟ ਹੁੰਦਾ ਹੈ।

ਬੂਟੇ 'ਤੇ ਟੈਸਟ ਕਰਨ ਲਈ ਕਿਸਾਨ ਨੂੰ ਉਸ ਦਾ ਇਕ ਪੱਤਾ ਖਿੱਚ ਕੇ ਕੱਢਣਾ ਪਵੇਗਾ। ਇਹ ਪੱਤਾ 15 ਮਿੰਟਾਂ ਲਈ ਟੈਸਟ ਟਿਊਬ ਵਿਚ ਰੱਖਣਾ ਪਵੇਗਾ। ਇਸ ਦੌਰਾਨ ਪੱਤਾ VOCs (ਵੋਲੇਟਾਈਲ ਆਰਗੈਨਿਕ ਕੰਪਾਊਂਡ) ਜਾਰੀ ਕਰੇਗਾ। ਇਸ ਤੋਂ ਬਾਅਦ ਇਕ ਬਹੁਤ ਪਤਲੀ ਪਲਾਸਟਿਕ ਦੀ ਟਿਊਬ ਰਾਹੀਂ ਕੈਮੀਕਲ ਗੈਸਾਂ ਯੰਤਰ ਦੇ ਚੈਂਬਰ ਵਿਚ ਪਹੁੰਚ ਜਾਣਗੀਆਂ।

ਹੁਣ ਤਕ 10 ਬੂਟਿਆਂ ਦੀ ਜਾਂਚ ਕਰ ਚੁੱਕਾ ਹੈ ਇਹ ਯੰਤਰ
ਹੁਣ ਤਕ ਇਸ ਯੰਤਰ ਰਾਹੀਂ 10 ਵੱਖ-ਵੱਖ ਬੂਟਿਆਂ ਵਿਚ ਬੀਮਾਰੀਆਂ ਦਾ ਪਤਾ ਲਾਇਆ ਗਿਆ ਹੈ। ਇਸ ਖੋਜ 'ਤੇ ਨੇਚਰ ਪਲਾਂਟਸ ਰਸਾਲੇ ਦੇ ਸਹਿ-ਲੇਖਕ ਪ੍ਰੋਫੈਸਰ ਜੀਨ ਰਿਸਤੀਨੋ ਨੇ ਲੇਖ ਛਾਪਿਆ ਹੈ ਕਿ ਨਵੀਂ ਤਕਨੀਕ ਬੂਟਿਆਂ ਨੂੰ ਹੋਣ ਵਾਲੀ ਬੀਮਾਰੀ ਦਾ ਆਸਾਨੀ ਨਾਲ ਪਤਾ ਲਾਉਣ ਵਿਚ ਕਿਸਾਨਾਂ ਦੀ ਮਦਦ ਕਰੇਗੀ। ਇਸ ਨਾਲ ਬੀਮਾਰੀ ਫੈਲਣ ਤੋਂ ਪਹਿਲਾਂ ਹੀ ਉਸ ਦਾ ਇਲਾਜ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਫਸਲ ਨੂੰ ਨੁਕਸਾਨ ਹੋਣ ਤੋਂ ਬਚਾਉਣ ਵਿਚ ਵੀ ਮਦਦ ਮਿਲੇਗੀ।