ਕੋਰੋਨਾ: ਸਿੰਗਾਪੁਰ ’ਚ ਰੋਬੋਟ ਕਰ ਰਿਹਾ ਜ਼ਰੂਰੀ ਸਾਮਾਨ ਦੀ ਡਿਲਿਵਰੀ

04/13/2021 10:43:19 AM

ਗੈਜੇਟ ਡੈਸਕ– ਭਾਰਤ ਸਮੇਤ ਦੁਨੀਆ ਭਰ ਦੇ ਤਮਾਮ ਦੇਸ਼ਾਂ ’ਚ ਹੋਮ ਡਿਲਿਵਰੀ ਪਹਿਲਾਂ ਤੋਂ ਹੀ ਹੋ ਰਹੀ ਹੈ ਪਰ ਕੋਰੋਨਾ ਵਾਇਰਸ ਦੇ ਚਲਦੇ ਹੁਣ ਰੋਬੋਟਸ ਦਾ ਇਸਤੇਮਾਲ ਕਾਫੀ ਵਧਣ ਲੱਗਾ ਹੈ। ਸਿੰਗਾਪੁਰ ਦੀ ਇਕ ਕੰਪਨੀ ਨੇ ਹੁਣ ਸਪੈਸ਼ਲ ਰੋਬੋਟ ਤਿਆਰ ਕੀਤਾ ਹੈ ਜੋ ਕਿ ਸ਼ਹਿਰ ਦੇ ਇਕ ਹਿੱਸੇ ’ਚ ਜਾ ਕੇ ਦੁੱਧ, ਆਂਡੇ ਅਤੇ ਜ਼ਰੂਰੀ ਚੀਜ਼ਾਂ ਦੀ ਡਿਲਿਵਰੀ ਕਰ ਰਿਹਾ ਹੈ। ਇਸ ਖਸਾ ਰੋਬੋਟ ਦਾ ਨਾਂ ਕਮੈਲੋ (Camello) ਹੈ ਜਿਸ ਨੂੰ OTSAW ਡਿਜੀਟਲ ਟੈਕਨਾਲੋਜੀ ਕੰਪਨੀ ਨੇ ਬਣਾਇਆ ਹੈ। 

ਟ੍ਰਾਇਲ ਦੌਰਾਨ ਸਭ ਤੋਂ ਪਹਿਲਾਂ ਇਕ 25 ਸਾਲਾ ਨੌਜਵਾਨ ਤਸ਼ਫਿਕ ਹੈਦਰ (Tashfique Haider) ਨੇ ਇਸ ਰੋਬੋਟ ਤੋਂ ਹੋਮ ਡਿਲਿਵਰੀ ਕਰਵਾਈ ਹੈ। ਨੌਜਵਾਨ ਦਾ ਕਹਿਣਾ ਹੈ ਕਿ ਰੋਬੋਟ ਬਜ਼ੁਰਗਾਂ ਲਈ ਖਾਸ ਤੌਰ ’ਤੇ ਉਪਯੋਗੀ ਸਾਬਤ ਹੋ ਸਕਦਾ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਘਰ ਦਾ ਸਾਮਾਨ ਲੈਣ ਲਈ ਬਾਹਰ ਨਹੀਂ ਜਾਣਾ ਪਵੇਗਾ। 

ਟ੍ਰਾਇਲ ਦੌਰਾਨ ਇਹ ਰੋਬੋਟ ਇਕ ਸਾਲ ’ਚ 700 ਘਰਾਂ ਤਕ ਰੋਜ਼ਾਨਾ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਦੀ ਡਿਲਿਵਰੀ ਕਰੇਗਾ। ਗਾਹਕ ਇਕ ਐਪ ਰਾਹੀਂ ਆਂਡੇ, ਦੁੱਧ, ਸਬਜ਼ੀ ਆਦਿ ਦੀ ਬੁਕਿੰਗ ਕਰ ਸਕਦੇ ਹਨ ਜਿਸ ਤੋਂ ਬਾਅਦ ਇਹ ਰੋਬੋਟ ਕਿਸੇ ਖਾਸ ਪਿਕ ਪੁਆਇੰਟ ’ਤੇ ਸਾਮਾਨ ਦੀ ਡਿਲਿਵਰੀ ਕਰੇਗਾ। ਇਸ ਰੋਬੋਟ ਦੇ ਨਜ਼ਦੀਕ ਆਉਣ ’ਤੇ ਗਾਹਕ ਨੂੰ ਫੋਨ ’ਤੇ ਇਕ ਨੋਟੀਫਿਕੇਸ਼ਨ ਮਿਲੇਗੀ ਜਿਸ ਨਾਲ ਪਤਾ ਚੱਲ ਜਾਵੇਗਾ ਕਿ ਰੋਬੋਟ ਸਾਮਾਨ ਦੀ ਡਿਲਿਵਰੀ ਕਰਨ ਲਈ ਤਿਆਰ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਰੋਬੋਟ ’ਚ 3ਡੀ ਸੈਂਸਰ, ਇਕ ਕੈਮਰਾ ਅਤੇ ਦੋ ਕੰਪਾਰਟਮੈਂਟ ਦਿੱਤੇ ਗਏ ਹਨ ਜਿਸ ਵਿਚ 20 ਕਿਲੋਗ੍ਰਾਮ ਤਕ ਦੇ ਸਾਮਾਨ ਨੂੰ ਰੱਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਹਰੇਕ ਡਿਲਿਵਰੀ ਕਰਨ ਤੋਂ ਬਾਅਦ ਇਹ ਰੋਬੋਟ ਖੁਦ ਨੂੰ ਅਲਟਰਾ ਵਾਇਲੇਟ ਲਾਈਟ ਰਾਹੀਂ ਸੈਨੇਟਾਈਜ਼ ਕਰਦਾ ਹੈ। 

Rakesh

This news is Content Editor Rakesh