Samsung ਜਲਦੀ ਲਾਂਚ ਕਰ ਸਕਦੀ ਹੈ ਵਾਇਰਲੈੱਸ TV

03/07/2019 12:09:13 PM

ਗੈਜੇਟ ਡੈਸਕ– ਦੱਖਣ ਕੋਰੀਆਈ ਕੰਪਨੀ ਸੈਮਸੰਗ ਨੂੰ ਆਪਣੇ ਪ੍ਰੋਡਕਟਸ ’ਚ ਨੈਕਸਟ ਜਨਰੇਸ਼ਨ ਟੈਕਨਾਲੋਜੀ ਦਾ ਇਸਤੇਮਾਲ ਕਰਨ ਲਈ ਜਾਣਿਆ ਜਾਂਦਾ ਹੈ। ਸੈਮਸੰਗ ਨੇ OLED ਟੀਵੀ ਤੋਂ ਲੈ ਕੇ ਮਾਈਕ੍ਰੋ OLED ਟੀਵੀ ਦੀ ਰੇਂਜ ’ਚ ਇਕ ਤੋਂ ਵਧ ਕੇ ਇਕ ਟੀਵੀ ਪੇਸ਼ ਕੀਤੇ ਹਨ। ਕੰਪਨੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਯੂਜ਼ਰਜ਼ ਤਕ ਲੇਟੈਸਟ ਟੈਕਨਾਲੋਜੀ ਸਭ ਤੋਂ ਪਹਿਲਾਂ ਪਹੁੰਚਾਏ। ਇਸ ਕੜੀ ’ਚ ਹੀ ਸੈਮਸੰਗ ਹੁਣ ਆਪਣੇ LED ਟੀਵੀ ਦੀ ਰੇਂਜ ’ਚ ਇਕ ਅਜਿਹਾ ਟੀਵੀ ਲਾਂਚ ਕਰਨ ਬਾਰੇ ਸੋਚ ਰਹੀ ਹੈ ਜੋ ਬਿਨਾਂ ਕਿਸੇ ਵਾਇਰ ਦੇ ਕੰਮ ਕਰੇਗਾ।

PunjabKesari

ਦੱਸਿਆ ਜਾ ਰਿਹਾ ਹੈ ਕਿ ਸੈਮਸੰਗ ਦੇ ਇਸ ਵਾਇਰਲੈੱਸ ਟੀਵੀ ’ਚ ਕਿਸੇ ਤਰ੍ਹਾਂ ਦੀ ਤਾਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਥੋਂ ਤਕ ਕਿ ਪਾਵਰ ਸਪਲਾਈ ਲਈ ਵੀ ਇਸ ਨੂੰ ਪਾਵਰ ਸਾਕੇਟ ਨਾਲ ਕਨੈਕਟ ਕਰਨ ਦੀ ਲੋੜ ਨਹੀਂ ਪਵੇਗੀ। ਸੈਮਸੰਗ ਆਪਣੇ ਵਾਇਰਲੈੱਸ ਟੀਵੀ ਦੇ ਆਈਡੀਆ ’ਤੇ ਅਜੇ ਕੰਮ ਕਰ ਰਹੀ ਹੈ। ਸੈਮਸੰਗ ਦਾ ਮੰਨਣਾ ਹੈ ਕਿ ਜੇਕਰ ਸਮਾਰਟਫੋਨਜ਼ ਨੂੰ ਪੂਰੀ ਤਰ੍ਹਾਂ ਵਾਇਰਲੈੱਸ ਕੀਤਾ ਜਾ ਸਕਦਾ ਹੈ ਤਾਂ ਟੀਵੀ ਨੂੰ ਵੀ ਵਾਇਰਲੈੱਸ ਬਣਾਉਣ ’ਚ ਕੋਈ ਖਾਸ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। 

ਹਾਲ ਹੀ ’ਚ ਲੈਟਸਗੋਡਿਜੀਟਲ ਨੇ ਸੈਮਸੰਗ ਦੁਆਰਾ ਫਾਈਲ ਕੀਤੇ ਗਏ ਇਸ ਵਾਇਰਲੈੱਸ ਟੀਵੀ ਦੇ ਡਿਜ਼ਾਈਨ ਪੇਟੈਂਟ ਨੂੰ ਪਬਲਿਸ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਟੀਵੀ ਦੇ ਵਾਇਰ ਨੂੰ ਵਾਇਰਲੈੱਸ ਪਾਵਰ ਟ੍ਰਾਂਸੀਵਰ ਨਾਲ ਰਿਪਲੇਸ ਕਰ ਦੇਵੇਗੀ। ਇਸ ਟੀਵੀ ’ਚ ਫੋਨ ਦੀ ਬੈਟਰੀ ਦੀ ਤਰ੍ਹਾਂ ਹੀ ਸੈਮਸੰਗ ਇਕ ਰਿਚਾਰਜੇਬਲ ਪਾਵਰ ਬਾਰ ਦਾ ਇਸਤੇਮਾਲ ਕਰੇਗੀ ਜੋ ਟੀਵੀ ਨੂੰ ਕਰੰਟ ਦੇਵੇਗਾ। ਇਸ ਪਾਵਰ ਬਾਰ ਨੂੰ ਟੀਵੀ ਦੇ ਰੀਅਰ ’ਚ ਪਲੇਸ ਕੀਤਾ ਜਾਵੇਗਾ। ਇਹ ਪਾਵਰ ਬਾਰ ਫੋਨ ਦੀ ਬੈਟਰੀ ਦੇ ਮੁਕਾਬਲੇ ਕਾਫੀ ਪਾਵਰਫੁੱਲ ਹੋਵੇਗਾ। ਟੀਵੀ ਨੂੰ ਚਾਰਜ ਕਰਨ ਦਾ ਤਰੀਕਾ ਸਮਾਰਟਫੋਨਜ਼ ਦੇ ਵਾਇਰਲੈੱਸ ਚਾਰਜਿੰਗ ਨਾਲ ਮਿਲਦਾ-ਜੁਲਦਾ ਹੋਵੇਗਾ। 

PunjabKesari

ਸੈਮਸੰਗ ਵਾਇਰਲੈੱਸ ਟੀਵੀ ’ਚ ਇਸਤੇਮਾਲ ਕੀਤੇ ਜਾਣ ਵਾਲੇ ਪਾਵਰ ਬਾਰ ’ਚ ਟੀਵੀ ਦੇ ਸਪੀਕਰਜ਼ ਮੌਜੂਦ ਰਹਿਣਗੇ। ਪੇਟੈਂਟ ’ਚ ਕਿਹਾ ਗਿਆ ਹੈ ਕਿ ਇਸ ਪਾਵਰ ਬਾਰ ਦੇ ਦੋਵਾਂ ਪਾਸੇ ਟਵਿਨ ਸਪੀਕਰ ਸੈੱਟਅਪ ਦਿੱਤਾ ਜਾਵੇਗਾ। ਪਾਵਰ ਬਾਰ ਨੂੰ ਟੀਵੀ ਨਾਲ ਅਟੈਚ ਰੱਖਣ ਦੀ ਲੋੜ ਨਹੀਂ ਹੋਵੇਗੀ। ਯੂਜ਼ਰਜ਼ ਇਸ ਪਾਵਰ ਬਾਰ ਨੂੰ ਟੀਵੀ ਤੋਂ ਦੂਰ ਵੀ ਰੱਖ ਸਕਣਗੇ। ਦੂਰ ਹੋਣ ਦੇ ਬਾਵਜੂਦ ਵੀ ਇਹ ਟੀਵੀ ਨੂੰ ਮੈਗਨੈਟਿਕ ਫੋਰਸ ਰਾਹੀਂ ਪਾਵਰ ਉਪਲੱਬਧ ਕਰਵਾਉਣ ਦਾ ਕੰਮ ਕਰੇਗਾ। ਹਾਲਾਂਕਿ ਪਾਵਰ ਬਾਹ ਨੂੰ ਟੀਵੀ ਤੋਂ ਕਿੰਨੀ ਦੂਰੀ ’ਤੇ ਰੱਖਿਆ ਜਾ ਸਕਦਾ ਹੈ ਇਸ ਬਾਰੇ ਪੇਟੈਂਟ ’ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਸੈਮਸੰਗ ਨੇ ਆਪਣੇ ਇਸ ਵਾਇਰਲੈੱਸ ਟੀਵੀ ਦਾ ਅਜੇ ਸਿਰਫ ਪੇਟੈਂਟ ਕਰਵਾਇਆ ਹੈ ਅਤੇ ਇਸ ਨੂੰ ਕਦੋਂ ਤਕ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਇਕ ਗੱਲ ਤਾਂ ਤੈਅ ਹੈ ਕਿ ਜੇਕਰ ਸੈਮਸੰਗ ਦਾ ਇਹ ਵਾਇਰਲੈੱਸ ਟੀਵੀ ਅਸਲ ’ਚ ਲਾਂਚ ਹੋ ਜਾਂਦਾ ਹੈ ਤਾਂ ਇਸ ਨਾਲ ਯੂਜ਼ਰਜ਼ ਦੇ ਟੀਵੀ ਦੇਖਣ ਦਾ ਅੰਦਾਜ਼ ਹਮੇਸ਼ਾ ਲਈ ਬਦਲ ਜਾਵੇਗਾ। 


Related News