ਸੈਮਸੰਗ ਦੀ ਨਵੀਂ ਟੈਕਨਾਲੋਜੀ, ਅਲਮਾਰੀ ’ਚ ਟੰਗੇ ਹੀ ਸਾਫ ਹੋ ਜਾਣਗੇ ਕਪੜੇ

01/25/2020 3:06:22 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਨੇ ਇਕ ਨਵੀਂ ਟੈਕਨਾਲੋਜੀ ਤੋਂ ਪਰਦਾ ਚੁੱਕਿਆ ਹੈ ਜੋ ਤੁਹਾਨੂੰ ਵਾਸ਼ਿੰਗ ਮਸ਼ੀਨ ’ਚ ਵਾਰ-ਵੱਰ ਕਪੜੇ ਧੋਣ ਅਤੇ ਸੁਕਾਉਣ ਦੇ ਝੰਜਟ ਤੋਂ ਛੁਟਕਾਰਾ ਦਿਵਾਏਗੀ। ਸੈਮਸੰਗ ਨੇ ਕਪੜਿਆਂ ਨੂੰ ਸਾਫ ਰੱਖਣ ਲਈ ਇਕ ਨਵੀਂ ਸ਼ਾਨਦਾਰ ਹਾਈ-ਟੈੱਕ ਡਰਾਈਕਲੀਨਿੰਗ ਮਸ਼ੀਨ ਤਿਆਰ ਕੀਤੀ ਹੈ ਜੋ ਦਿਸਣ ’ਚ ਵਾਰਡ੍ਰੋਬ (ਅਲਮਾਰੀ) ਵਰਗੀ ਲੱਗਦੀ ਹੈ। ਕੰਪਨੀ ਨੇ ਇਸ ਨੂੰ AirDresser ਨਾ ਦਿੱਤਾ ਹੈ। 2000 ਪੌਂਡ (ਕਰੀਬ 1,87,000 ਰੁਪਏ) ਦੀ ਕੀਮਤ ’ਚ ਆਉਣ ਵਾਲੀ ਇਹ ਮਸ਼ੀਨ ਗੰਦਗੀ ਅਤੇ ਕੀਟਾਣੂ ਸਾਫ ਕਰਨ ਦੇ ਨਾਲ ਹੀ ਕਪੜਿਆਂ ਨੂੰ ਰੀਫਰੈਸ਼ ਅਤੇ ਸੈਨੀਟਾਈਜ਼ ਵੀ ਕਰਦੀ ਹੈ। 

ਇੰਝ ਕੰਮ ਕਰਦੀ ਹੈ ਇਹ ਮਸ਼ੀਨ
ਜੇਕਰ ਤੁਸੀਂ ਆਪਣੀ ਸ਼ਰਟ ਜਾਂ ਕੋਟ ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਸਿਰਫ ਮਸ਼ੀਨ ’ਚ ਲੱਗੇ ਹੈਂਗਰ ’ਤੇ ਟੰਗਣਾ ਹੋਵੇਗਾ, ਬਾਕੀ ਦਾ ਕੰਮ ਇਹ ਮਸ਼ੀਨ ਆਪਣੇ-ਆਪ ਕਰ ਲਵੇਗੀ। ਸੈਮਸੰਗ ਨੇ ਦੱਸਿਆ ਹੈ ਕਿ ਇਹ ਮਸ਼ੀਨ ਤੇਜ਼ ਹਾਟ ਸਟੀਮ ਨਾਲ ਕਪੜਿਆਂ ਦੀ ਬਦਬੂ ਅਤੇ ਲੁਕੇ ਹੋਏ ਕਿਟਾਣੂਆਂ ਦਾ ਸਫਾਇਆ ਕਰਦੀ ਹੈ। 

99.9 ਫੀਸਦੀ ਕਿਟਾਣੂਆਂ ਦਾ ਸਫਾਇਆ
ਸੈਮਸੰਗ ਦੀ ਇਹ ਮਸ਼ੀਨ ਗਰਮ ਹਵਾ ਅਤੇ ਭਾਫ (ਸਟੀਮ) ਦੇ ਮਿਸ਼ਰਣ ਨਾਲ ਕਪੜਿਆਂ ਦੀ ਸਫਾਈ ਕਰਦੀ ਹੈ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਹ ਬਹੁਤ ਹੀ ਘੱਟ ਆਵਾਜ਼ ਅਤੇ ਵਾਈਬ੍ਰੇਸ਼ਨ ਕਰੇਗੀ। ਟੈਸਟ ’ਚ ਪਾਇਆ ਗਿਆ ਹੈ ਕਿ ਇਹ ਮਸ਼ੀਨ ਹਰਪੀਸ ਅਤੇ ਫਲੂ ਵਰਗੇ ਚਾਰ ਆਮ ਵਾਇਰਸ ਨੂੰ 99.9 ਫੀਸਦੀ ਤਕ ਖਤਮ ਕਰ ਦਿੰਦੀ ਹੈ।