ਸੈਮਸੰਗ ਨੇ ਪੇਸ਼ ਕੀਤਾ ਬੇਜ਼ਲ-ਲੈੱਸ 8K TV, ਰੱਖੇਗਾ ਤੁਹਾਡੀ ਸਿਹਤ ਦਾ ਧਿਆਨ

01/06/2020 12:29:51 PM

ਗੈਜੇਟ ਡੈਸਕ– ਦੱਖਣੀ ਕੋਰੀਆ ਦੀ ਟੈਕਨਾਲੋਜੀ ਕੰਪਨੀ ਸੈਮਸੰਗ CES 2020 ਤੋਂ ਪਹਿਲਾਂ ਹੀ ਇਕ ਤੋਂ ਬਾਅਦ ਇਕ ਪ੍ਰੋਡਕਟਸ ਪੇਸ਼ ਕਰਦੀ ਜਾ ਰਹੀ ਹੈ। ਹਾਲ ਹੀ ’ਚ ਸੈਮਸੰਗ ਗਲੈਕਸੀ ਨੋਟ 10 ਲਾਈਟ ਅਤੇ ਸੈਮਸੰਗ ਗਲੈਕਸੀ S10 Lite ਨੂੰ ਪੇਸ਼ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਇਸ ਈਵੈਂਟ ਤੋਂ ਪਹਿਲਾਂ ਹੀ ਆਪਣਾ ਬੇਜ਼ਲ-ਲੈੱਸ ਟੀਵੀ Q950TS ਵੀ ਪੇਸ਼ ਕਰ ਦਿੱਤਾ ਹੈ। ਇਸ ਟੀਵੀ ਨੂੰ ਸਭ ਤੋਂ ਪਹਿਲਾਂ CES 2020 ’ਚ ਪੇਸ਼ ਕੀਤਾ ਜਾਣਾ ਸੀ। ਕੰਪਨੀ ਨੇ ਇਸ 8K QLED TV ’ਚ ਸੈਮਸੰਗ ਦੀ ਨਵੀਂ ਇਨਫਿਨਿਟੀ ਸਕਰੀਨ ਦਿੱਤੀ ਗਈ ਹੈ। 

ਇਹ ਇਕ ਬੇਜ਼ਲ-ਲੈੱਸ ਟੀਵੀ ਹੈ ਜਿਸ ਦੀ ਚਰਚਾ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਟੀਵੀ ’ਚ ਬੇਹੱਦ ਪਤਲਾ ਫਰੇਮ ਦਿੱਤਾ ਗਿਆ ਹੈ। ਇਕ ਝਲਕ ’ਚ ਤੁਹਾਨੂੰ ਕਿਨਾਰੇ ਦਿਖਾਈ ਤਕ ਨਹੀਂ ਦਿੰਦੇ। ਬਾਕੀ ਟੀਵੀਆਂ ’ਚ ਜ਼ਿਆਦਾ ਤੋਂ ਜ਼ਿਆਦਾ ਪਿਕਚਰ ਸਾਈਜ਼ 95 ਫੀਸਦੀ ਹੁੰਦਾ ਸੀ, ਸੈਮਸੰਗ ਨੇ ਇਸ ਵਿਚ 99 ਫੀਸਦੀ ਤਕ ਪਹੁੰਚਾਇਆ ਹੈ। ਇਸ ਦੇ ਬੇਜ਼ਲ 2.3mm (ਨਾ ਦੇ ਬਰਾਬਰ) ਹਨ। ਟੀਵੀ ਦੀ ਮੋਟਾਈ 15mm ਦੀ ਹੈ। 

ਕੀਮਤ ਹੋਵੇਗੀ ਜ਼ਿਆਦਾ
ਇਹ 8ਕੇ ਟੀਵੀ ਹੈ, ਇਸ ਕਾਰਨ ਇਸ ਦੀ ਕੀਮਤ ਕਾਫੀ ਜ਼ਿਆਦਾ ਹੋਣ ਵਾਲੀ ਹੈ। ਫਿਲਹਾਲ 8ਕੇ ਰੈਜ਼ੋਲਿਊਸ਼ਨ ਦਾ ਕੰਟੈਂਟ ਚਲਣ ’ਚ ਨਹੀਂ ਹੈ, ਇਹੀ ਕਾਰਨ ਹੈ ਕਿ ਆਉਣ ਵਾਲੇ ਕੁਝ ਸਾਲਾਂ ਤਕ 8ਕੇ ਟੀਵੀ ਦੀ ਸੇਲ ਨਰਮ ਹੀ ਰਹੇ। ਟੀਵੀ ’ਚ ਨਵਾਂ ‘ਅਡਾਪਟਿਵ ਪਿਕਚਰ’ ਫੀਚਰ ਦਿੱਤਾ ਗਿਆ ਹੈ, ਜੋ ਬ੍ਰਾਈਟਨੈੱਸ ਅਤੇ ਕੰਟਰਾਸਟ ਨੂੰ ਕਮਰੇ ਦੀ ਰੋਸ਼ਨੀ ਦੇ ਹਿਸਾਬ ਨਾਲ ਅਜਸਟ ਕਰਦਾ ਹੈ। ਇਸ ਦਾ ਸਿੱਦਾ ਮਤਲਬ ਹੈ ਕਿ ਜੇਕਰ ‘ਬਾਰੀ’ ’ਚੋਂ ਰੋਸ਼ਨੀ ਆ ਰਹੀ ਹੈ ਤਾਂ ਟੀਵੀ ’ਤੇ ਚੰਗੀਆਂ ਤਸਵੀਰਾਂ ਦੇਖਣ ਲਈ ਤੁਹਾਨੂੰ ਪਰਦੇ ਬੰਦ ਕਰਨ ਦੀ ਲੋੜ ਨਹੀਂ ਪਵੇਗੀ। 

ਹੁਣ ਟੀਵੀ ਰੱਖੇਗਾ ਤੁਹਾਡੀ ਸਿਹਤ ਦਾ ਧਿਆਨ
ਸੈਮਸੰਗ ਦੇ ਇਸ ਸਮਾਰਟ ਟੀਵੀ ’ਚ ਸੈਮਸੰਗ ਹੈਲਥ ਐਪ ਦਾ ਵੀ ਇਸਤੇਮਾਲ ਕਰ ਸਕਦੇ ਹੋ। ਟੀਵੀ ’ਚ ਹੀ ਤੁਹਾਨੂੰ ਭਾਰ, ਗਲੂਕੋਜ਼ ਦਾ ਪੱਧਰ, ਸਲੀਪ ਪੈਟਰਨ, ਖਰਚ ਕੀਤੀ ਗਈ ਕੈਲਰੀ ਆਦਿ ਦੀ ਜਾਣਕਾਰੀ ਮਿਲੇਗੀ। ਇਸ ਤਰ੍ਹਾਂ ਹੁਣ ਟੀਵੀ ਤੁਹਾਡੀ ਸਿਹਤ ਦਾ ਧਿਆਨ ਵੀ ਰੱਖੇਗਾ।