ਸੈਮਸੰਗ ਲਿਆਏਗੀ ਪਹਿਲਾ UHD OLED ਡਿਸਪਲੇਅ ਵਾਲਾ ਲੈਪਟਾਪ

01/24/2019 1:34:42 PM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਆਪਣੇ ਲੈਪਟਾਪਸ ਨੂੰ ਹੋਰ ਵੀ ਬਿਹਤਰੀਨ ਬਣਾਉਣ ਲਈ ਦੁਨੀਆ ਦੀ ਪਹਿਲੀ UHD OLED ਡਿਸਪਲੇਅ ਲਿਆਉਣ ਜਾ ਰਹੀ ਹੈ। ਸੈਮਸੰਗ ਦੇ ਇਸ 15.6 ਇੰਚ ਵਾਲੀ 4K OLED ਡਿਸਪਲੇਅ ’ਚ HDR ਫੀਚਰ ਹੋਵੇਗਾ। ਇਸ ਵਿਚ ਕਲਰ ਕੁਆਲਿਟੀ ਬਿਹਤਰੀਨ ਹੋਵੇਗੀ ਅਤੇ ਆਊਟਡੋਰ ਵਿਜੀਬਿਲਟੀ ਵੀ ਬਹੁਤ ਬਿਹਤਰ ਹੋਵੇਗੀ ਯਾਨੀ ਲੈਪਟਾਪ ਨੂੰ ਘਰ ਦੇ ਬਾਹਰ ਵੀ ਚਲਾਉਣ ’ਤੇ ਸਕਰੀਨ ’ਤੇ ਸਭ ਕੁਝ ਬਹੁਤ ਸਾਫ ਦੇਖਿਆ ਜਾ ਸਕੇਗਾ। 

ਕੰਪਨੀ ਨੇ ਕਿਹਾ ਹੈ ਕਿ OLED ਪੈਨਲਸ ਦਾ ਵੱਡੇ ਪੱਧਰ ’ਤੇ ਪ੍ਰਾਡਕਸ਼ਨ ਫਰਵਰੀ ਤੋਂ ਸ਼ੁਰੂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਬਾਜ਼ਾਰ ’ਚ UHD OLED ਪੈਨਲ ਦੀ ਮੰਗ ਜ਼ਿਆਦਾ ਰਹੇਗੀ ਕਿਉਂਕਿ ਇਸ ਰਾਹੀਂ ਹਾਈ ਰੈਜ਼ੋਲਿਊਸ਼ਨ ਵਾਲੇ ਕੰਟੈਂਟ ਨੂੰ ਦੇਖਣਾ ਅਤੇ ਗੇਮ ਖੇਡਣਾ ਬਿਹਤਰੀਨ ਐਕਸਪੀਰੀਅੰਸ ਹੋਵੇਗਾ। 

ਹੋਣਗੇ ਇਹ ਫੀਚਰਜ਼
ਡਿਸਪਲੇਅ ’ਚ ਹਾਈ ਰੈਜ਼ੋਲਿਊਸ਼ਨ ਦੇ ਨਾਲ ਲੋਅ ਬਲਿਊ ਲਾਈਟ ਅਤੇ ਵਾਈਡ ਵਿਊ ਐਂਗਲ ਹੋਵੇਗਾ। ਇਹ 15.6 ਇੰਚ ਦੇ ਸਾਈਜ਼ ਨੂੰ ਸਪੋਰਟ ਕਰੇਗਾ ਅਤੇ ਇਸ ਵਿਚ 3840x2160 ਪਿਕਸਲ ਦਾ ਰੈਜ਼ੋਲਿਊਸ਼ਨ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਨਵਾਂ UHD OLED ਲੈਪਟਾਪ ਡਿਸਪਲੇਅ ’ਚ VESA ਦੁਆਰਾ ਜਾਰੀ DisplayHDR ਟਰੂ ਬਲੈਕ ਸਪੈਸੀਫਿਕੇਸ਼ਨ ਮਿਲੇਗਾ। ਸੈਮਸੰਗ ਮੁਤਾਬਕ ਨਵਾਂ UHD OLED ਪੈਨਲ ’ਚ ਇਸ ਆਕਾਰ ਦੇ ਹੀ LCD ਪੈਨਲਾਂ ਦੇ ਮੁਕਾਬਲੇ 1.7 ਗੁਣਾ ਜ਼ਿਆਦਾ ਕਲਰ ਵਾਲਿਊਮ ਹੋਵੇਗਾ। 

ਕੀਮਤ
ਇਹ OLED ਪੈਨਲ LCD ਪੈਨਲ ਨਾਲੋਂ ਕਿਤੇ ਜ਼ਿਆਦਾ ਪਤਲਾ ਅਤੇ ਪਾਵਰਫੁੱਲ ਹੋਵੇਗਾ, ਉਥੇ ਹੀ ਇਸ ਦੀ ਕੀਮਤ ਵੀ LCD ਪੈਨਲ ਦੇ ਮੁਕਾਬਲੇ 50 ਡਾਲਰ (ਕਰੀਬ 3,600 ਰੁਪਏ) ਤੋਂ 60 ਡਾਲਰ (ਕਰੀਬ 4,300 ਰੁਪਏ) ਜ਼ਿਆਦਾ ਹੋਵੇਗੀ।