ਸੈਮਸੰਗ ਦਾ ਨਵਾਂ ਫੋਲਡੇਬਲ ਫੋਨ Galaxy Z Flip ਲਾਂਚ, ਜਾਣੋ ਕੀਮਤ ਤੇ ਫੀਚਰਜ਼

02/12/2020 10:58:21 AM

ਗੈਜੇਟ ਡੈਸਕ– ਸੈਮਸੰਗ ਨੇ ਆਪਣਾ ਨਵਾਂ ਫੋਲਡੇਬਲ ਸਮਾਰਟਫੋਨ Galaxy Z Flip ਲਾਂਚ ਕਰ ਦਿੱਤਾ ਹੈ। ਫੋਨ ਨੂੰ ਸਾਨ ਫ੍ਰਾਂਸਿਸਕੋ ’ਚ ਹੋਏ ਗਲੈਕਸੀ ਅਨਪੈਕਡ ਈਵੈਂਟ ’ਚ ਲਾਂਚ ਕੀਤਾ ਗਿਆ ਹੈ। ਸੈਮਸੰਗ ਦਾ ਨਵਾਂ ਫੋਲਡੇਬਲ ਫੋਨ ਪਿਛਲੇ ਗਲੈਕਸੀ ਫੋਲਡ ਤੋਂ ਕਾਫੀ ਅਲੱਗ ਹੈ। ਗਲੈਕਸੀ Z ਫਲਿਪ ਕਲੈਮਸ਼ੇਲ ਡਿਜ਼ਾਈਨ ਦੇ ਨਾਲ ਆਉਂਦਾ ਹੈ। ਕਲੈਮਸ਼ੇਲ ਡਿਜ਼ਾਈਨ ਨੂੰ ਇਸ ਤੋਂ ਪਹਿਲਾਂ ਮੋਟੋਰੋਲਾ ਦੇ ਫੋਲਡੇਬਲ ਸਮਾਰਟਫੋਨ ਮੋਟੋ ਰੇਜ਼ਰ 2019 ’ਚ ਦੇਖਿਆ ਜਾ ਚੁੱਕਾ ਹੈ। ਗਲੈਕਸੀ Z ਫਲਿਪ ਸੈਮਸੰਗ ਦੇ ਖਾਸ ਅਲਟਰਾ-ਥਿਨ ਗਲਾਸ ਦੇ ਨਾਲ ਆਉਂਦਾ ਹੈ ਜੋ ਇਸ ਦੀ ਸਕਰੀਨ ਨੂੰ ਪ੍ਰੋਟੈਕਟ ਕਰਦਾ ਹੈ। 

Galaxy Z Flip ਦੇ ਫੀਚਰਜ਼
ਫੋਨ ’ਚ 425ppi ਅਤੇ 21.9:9 ਦੇ ਆਸਪੈਕਟ ਰੇਸ਼ੀਓ ਦੇ ਨਾਲ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਾਈਮੈਨਿਕ ਅਮੋਲੇਡ ਇਨਫਿਨਿਟੀ ਫਲੈਕਸ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਦਿੱਤਾ ਗਿਆ ਛੋਟਾ ਸੈਕੇਂਡਰੀ ਕਵਰ ਡਿਸਪਲੇਅ 1.06 ਇੰਚ ਦੀ ਹੈ। ਫੋਨ ਦੀ ਮੇਨ ਡਿਸਪਲੇਅ ਪੰਚ-ਹੋਲ ਡਿਜ਼ਾਈਨ ਦੇ ਨਾਲ ਆਉਂਦੀ ਹੈ। ਇਸ ਵਿਚ ਤੁਹਾਨੂੰ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਬਾਹਰਲੇ ਪਾਸੇ ਫੋਨ ’ਚ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਅਤੇ 12 ਮੈਗਾਪਿਕਸਲ ਦਾ ਵਾਈਡ-ਐਂਗਲ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਹ ਕੈਮਰਾ OIS ਸਪੋਰਟ ਅਤੇ 8X ਡਿਜੀਟਲ ਜ਼ੂਮ ਨਾਲ ਲੈਸ ਹੈ। 

 

ਫੋਨ ਦੀ ਸਭ ਤੋਂ ਖਾਸ ਗੱਲ ਹੈ ਕਿ ਇਹ ਵੀਡੀਓ ਸ਼ੂਟ ਜਾਂ ਫੋਟੋ ਕਲਿੱਕ ਕਰਨ ਲਈ 90 ਡਿਗਰੀ ਤਕ ਮੁੜ ਜਾਂਦਾ ਹੈ। ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਬੇਸਡ OneUI ਦੇ ਨਾਲ ਆਉਣ ਵਾਲੇ ਫੋਨ ’ਚ ਸਨੈਪਡ੍ਰੈਗਨ 855+ ਪ੍ਰੋਸੈਸਰ ਦਿੱਤਾ ਗਿਆ ਹੈ। 8 ਜੀ.ਬੀ. ਰੈਮ ਆਪਸ਼ਨ ਦੇ ਨਾਲ ਕੀਤਾ ਗਿਆ ਇਹ ਫੋਨ 3,300mAh ਦੀ ਬੈਟਰੀ ਨਾਲ ਲੈਸ ਹੈ। 

ਸਾਈਜ਼ ਦੀ ਗੱਲ ਕਰੀਏ ਤਾਂ ਇਹ ਫੋਨ 87.4x73.6x17.33mm ਅਤੇ ਅਨਫੋਲਡ ਹੋਣ ’ਤੇ 167.3x73.6x7.2mm ਦਾ ਹੋ ਜਾਂਦਾ ਹੈ। ਫੋਨ ਖਾਸ ਬਿਲਟ-ਇਨ ਫਲੈਕਸ ਮੋਡ UI ਨਾਲ ਵੀ ਲੈਸ ਹੈ ਜਿਸ ਨੂੰ ਕੰਪਨੀ ਨੇ ਗੂਗਲ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਫੋਨ ’ਚ ਇਸ ਨੂੰ 'Hideaway Hinge' ਰਾਹੀਂ ਇਨੇਬਲ ਕੀਤਾ ਜਾ ਸਕਦਾ ਹੈ। ਇਸ ਦੀ ਮਦਦ ਨਾਲ ਯੂਜ਼ਰ ਫੋਨ ਨੂੰ ਵੱਖ-ਵੱਖ ਐਂਗਲ ’ਤੇ ਖੋਲ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਫੋਨ 2 ਲੱਖ ਵਾਰ ਆਰਾਮ ਨਾਲ ਖੋਲਿਆ ਅਤੇ ਬੰਦ ਕੀਤਾ ਜਾ ਸਕਦਾ ਹੈ। 

ਕੀਮਤ ਤੇ ਉਪਲੱਬਧਤਾ
ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਦਾ ਨਵਾਂ ਫੋਲਡੇਬਲ ਫੋਨ ਯਾਨੀ ਗਲੈਕਸੀ Z ਫਲਿਪ ਪਿਛਲੇ ਫੋਲਡੇਬਲ ਫੋਨ ਤੋਂ ਥੋੜ੍ਹਾ ਸਸਤਾ ਹੈ। ਸੈਮਸੰਗ ਨੇ ਇਸ ਨੂੰ 1,380 ਡਾਲਰ (ਕਰੀਬ 98,400 ਰੁਪਏ) ਦੀ ਕੀਮਤ ਦੇ ਨਾਲ ਲਾਂਚ ਕੀਤਾ ਹੈ। ਫੋਨ ਦੀ ਵਿਕਰੀ ਚੁਣੇ ਹੋਏ ਬਾਜ਼ਾਰਾਂ ’ਚ 14 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਭਾਰਤ ’ਚ ਇਸ ਫੋਨ ਨੂੰ ਕਦੋਂ ਤੋਂ ਖਰੀਦਿਆ ਜਾ ਸਕੇਗਾ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।